Breaking News >> News >> The Tribune


ਜਹਾਂਗੀਰਪੁਰੀ ਹਿੰਸਾ: ਦਿੱਲੀ ਪੁਲੀਸ ਵੱਲੋਂ 20 ਗ੍ਰਿਫ਼ਤਾਰ


Link [2022-04-18 08:34:05]



ਮੁੱਖ ਅੰਸ਼

ਹਨੂੰਮਾਨ ਜੈਅੰਤੀ ਮੌਕੇ ਆਂਧਰਾ ਪ੍ਰਦੇਸ਼ ਅਤੇ ਉੱਤਰਾਖੰਡ ਿਵੱਚ ਵਾਪਰੀਆਂ ਹਿੰਸਕ ਘਟਨਾਵਾਂ ਕਰਨਾਟਕ ਦੇ ਹੁਬਲੀ 'ਚ ਸੋਸ਼ਲ ਮੀਡੀਆ 'ਤੇ ਪੋਸਟ ਨਾਲ ਮਚਿਆ ਹੰਗਾਮਾ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ/ਹੁਬਲੀ, 17 ਅਪਰੈਲ

ਹਨੂੰਮਾਨ ਜੈਅੰਤੀ ਮੌਕੇ ਸ਼ਨਿਚਰਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਉੱਤਰਾਖੰਡ 'ਚ ਵੀ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਉਧਰ ਕਰਨਾਟਕ ਦੇ ਹੁਬਲੀ 'ਚ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਇਕ ਹਸਪਤਾਲ ਅਤੇ ਮੰਦਰ 'ਤੇ ਭੀੜ ਨੇ ਹਮਲਾ ਕਰ ਦਿੱਤਾ ਜਿਸ 'ਚ 12 ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਦਿੱਲੀ ਦੇ ਜਹਾਂਗੀਰਪੁਰੀ 'ਚ ਹੋਈ ਹਿੰਸਾ ਦੇ ਮਾਮਲੇ 'ਚ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਜਦਕਿ ਦੋ ਨਾਬਾਲਗਾਂ ਨੂੰ ਫੜਿਆ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ 'ਚ 21 ਵਰ੍ਹਿਆਂ ਦਾ ਮੁਹੰਮਦ ਅਸਲਮ ਵੀ ਸ਼ਾਮਲ ਹੈ ਜਿਸ ਨੇ ਕਥਿਤ ਤੌਰ 'ਤੇ ਗੋਲੀ ਚਲਾਈ ਸੀ ਜੋ ਪੁਲੀਸ ਦੇ ਸਬ-ਇੰਸਪੈਕਟਰ ਨੂੰ ਲੱਗੀ ਹੈ। ਇਸ ਦੌਰਾਨ ਦਿੱਲੀ ਪੁਲੀਸ ਨੇ ਜਹਾਂਗੀਰਪੁਰੀ ਹਿੰਸਾ ਮਾਮਲੇ ਨੂੰ ਕ੍ਰਾਈਮ ਬ੍ਰਾਂਚ ਨੂੰ ਟਰਾਂਸਫਰ ਕਰ ਦਿੱਤਾ ਹੈ। ਅਧਿਕਾਰਤ ਬਿਆਨ ਮੁਤਾਬਕ ਦੋਵੇਂ ਧਿਰਾਂ ਹੁਣ ਤੋਂ ਇਸ ਮਾਮਲੇ ਦੀ ਸਾਂਝੇ ਤੌਰ 'ਤੇ ਜਾਂਚ ਕਰਨਗੀਆਂ। ਪੁਲੀਸ ਇਸ ਮਾਮਲੇ 'ਤੇ ਵਿਸਥਾਰਤ ਰਿਪੋਰਟ ਵੀ ਤਿਆਰ ਕਰ ਰਹੀ ਹੈ ਜੋ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇਗੀ। ਪੁਲੀਸ ਨੇ ਮੁਹੰਮਦ ਅਸਲਮ ਅਤੇ ਇਕ ਹੋਰ ਮੁਲਜ਼ਮ ਮੁਹੰਮਦ ਅਨਸਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਿਥੇ ਦੋਹਾਂ ਨੂੰ ਸੋਮਵਾਰ ਤੱਕ ਲਈ ਪੁਲੀਸ ਹਿਰਾਸਤ 'ਚ ਭੇਜ ਦਿੱਤਾ ਗਿਆ ਜਦਕਿ 12 ਹੋਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜਹਾਂਗੀਰਪੁਰੀ ਦੇ ਸੀਡੀ ਪਾਰਕ ਦੀ ਬਸਤੀ ਦੇ ਵਸਨੀਕ ਮੁਹੰਮਦ ਅਸਲਮ ਕੋਲੋਂ ਉਹ ਪਿਸਤੌਲ ਬਰਾਮਦ ਕੀਤਾ ਗਿਆ ਹੈ ਜਿਸ ਤੋਂ ਉਸ ਨੇ ਸ਼ਨਿਚਰਵਾਰ ਨੂੰ ਕਥਿਤ ਤੌਰ 'ਤੇ ਗੋਲੀ ਚਲਾਈ ਸੀ। ਉਨ੍ਹਾਂ ਕਿਹਾ ਕਿ ਦੋ ਫਿਰਕਿਆਂ ਵਿਚਕਾਰ ਪਥਰਾਅ ਅਤੇ ਅਗਜ਼ਨੀ ਕਾਰਨ 8 ਪੁਲੀਸ ਮੁਲਾਜ਼ਮ ਅਤੇ ਇਕ ਸਥਾਨਕ ਵਿਅਕਤੀ ਜ਼ਖ਼ਮੀ ਹੋਇਆ ਹੈ। ਇਸ ਦੌਰਾਨ ਕੁਝ ਵਾਹਨਾਂ ਨੂੰ ਵੀ ਸਾੜ ਦਿੱਤਾ ਗਿਆ ਸੀ। ਡੀਸੀਪੀ (ਉੱਤਰ-ਪੱਛਮੀ) ਊਸ਼ਾ ਰੰਗਨਾਨੀ ਨੇ ਕਿਹਾ ਕਿ ਧਾਰਾ 307, 120 ਬੀ, 147 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਅਸਲਮ ਖ਼ਿਲਾਫ਼ ਜਹਾਂਗੀਰਪੁਰੀ ਪੁਲੀਸ ਸਟੇਸ਼ਨ 'ਚ 2020 'ਚ ਧਾਰਾ 324, 188, 506 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚ ਅਨਸਾਰ (35) ਵੀ ਸ਼ਾਮਲ ਹੈ ਜੋ ਹਿੰਸਾ ਦਾ ਮੁੱਖ ਸਾਜ਼ਿਸ਼ਘਾੜਾ ਦੱਸਿਆ ਜਾ ਰਿਹਾ ਹੈ। ਉਸ 'ਤੇ ਪਹਿਲਾਂ ਵੀ ਹਮਲੇ ਦੇ ਦੋ ਕੇਸ ਦਰਜ ਹਨ ਅਤੇ ਉਹ ਕਈ ਵਾਰ ਗ੍ਰਿਫ਼ਤਾਰ ਹੋ ਚੁੱਕਾ ਹੈ। ਅਨਸਾਰ ਦੀ ਪਤਨੀ ਨੇ ਕਿਹਾ ਕਿ ਉਹ ਬੇਕਸੂਰ ਹੈ ਅਤੇ ਉਹ ਝਗੜਾ ਰੁਕਵਾਉਣ ਲਈ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਬਾਕੀ ਵਿਅਕਤੀਆਂ ਦੀ ਪਛਾਣ ਜ਼ਾਹਿਦ, ਸ਼ਾਹਜ਼ਾਦ, ਮੁਖਤਿਆਰ ਅਲੀ, ਮੁਹੰਮਦ ਅਲੀ, ਆਮਿਰ, ਅਕਸਰ, ਨੂਰ ਆਲਮ, ਜ਼ਾਕਿਰ, ਅਕਰਮ, ਇਮਤਿਆਜ਼, ਮੁਹੰਮਦ ਅਲੀ, ਅਹੀਰ, ਸ਼ੇਖ ਸੌਰਭ, ਸੂਰਜ, ਨੀਰਜ, ਸੁਕੇਨ, ਸੁਰੇਸ਼ ਅਤੇ ਸੁਜੀਤ ਸਰਕਾਰ ਵਜੋਂ ਹੋਈ ਹੈ। ਫੜੇ ਗਏ ਵਿਅਕਤੀਆਂ ਕੋਲੋਂ ਤਿੰਨ ਦੇਸੀ ਪਿਸਤੌਲ ਤੇ ਪੰਜ ਤਲਵਾਰਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀ ਹੋਏ 9 ਵਿਅਕਤੀਆਂ ਦਾ ਬਾਬੂ ਜਗਜੀਵਨ ਰਾਮ ਮੈਮੋਰੀਅਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਗੋਲੀ ਨਾਲ ਜ਼ਖ਼ਮੀ ਹੋਏ ਸਬ-ਇੰਸਪੈਕਟਰ ਦੀ ਹਾਲਤ ਸਥਿਰ ਹੈ। ਡੀਸੀਪੀ ਨੇ ਕਿਹਾ ਕਿ ਜਹਾਂਗੀਰਪੁਰੀ ਦੇ ਝੜਪਾਂ ਵਾਲੇ ਇਲਾਕੇ 'ਚ ਰੈਪਿਡ ਐਕਸ਼ਨ ਫੋਰਸ ਦੀ ਟੀਮ ਦੇ ਨਾਲ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਕ ਹੋਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਹੰਗਾਮਾ ਕਰਨ ਵਾਲੇ ਲੋਕਾਂ ਦੀ ਡਰੋਨਾਂ ਅਤੇ ਚਿਹਰੇ ਦੀ ਪਛਾਣ ਕਰਨ ਵਾਲੇ ਸਾਫ਼ਟਵੇਅਰ ਨਾਲ ਸ਼ਨਾਖ਼ਤ ਕੀਤੀ ਜਾ ਰਹੀ ਹੈ। ਇਲਾਕੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਸਾਰੇ ਮੋਬਾਈਲਾਂ ਦੀ ਫੁਟੇਜ ਸਕੈਨ ਕਰਕੇ ਵੀ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕੌਮੀ ਰਾਜਧਾਨੀ ਦੇ ਬਾਕੀ ਰਹਿੰਦੇ ਸਾਰੇ 14 ਪੁਲੀਸ ਜ਼ਿਲ੍ਹਿਆਂ 'ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਥਾਂ 'ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਦੌਰਾਨ ਦਿੱਲੀ ਪੁਲੀਸ ਨੇ ਕਿਹਾ ਕਿ ਹਨੂੰਮਾਨ ਜੈਅੰਤੀ 'ਤੇ ਪਥਰਬਾਜ਼ੀ ਕਰਕੇ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਸਪੈਕਟਰ ਰਾਜੀਵ ਰੰਜਨ ਦੁਆਰਾ ਦਰਜ ਐੱਫਆਈਆਰ 'ਚ ਇਹ ਦਾਅਵਾ ਕੀਤਾ ਗਿਆ ਹੈ।

ਦਿੱਲੀ ਦੇ ਜਹਾਂਗੀਰਪੁਰੀ ਵਿੱਚ ਰਿਹਾਇਸ਼ੀ ਇਲਾਕੇ ਦੀ ਸੁਰੱਖਿਆ ਲਈ ਤਾਇਨਾਤ ਆਰਪੀਐਫ ਜਵਾਨ। -ਫੋਟੋ:ਮਾਨਸ ਰੰਜਨ ਭੂਈ

ਹਿੰਸਾ 'ਚ ਬੱਚਿਆਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ

ਨਵੀਂ ਦਿੱਲੀ: ਬਾਲ ਹੱਕਾਂ ਦੀ ਰਾਖੀ ਨਾਲ ਸਬੰਧਤ ਕੌਮੀ ਕਮਿਸ਼ਨ (ਐੱਨਸੀਪੀਸੀਆਰ) ਨੇ ਜਹਾਂਗੀਰਪੁਰੀ 'ਚ ਹੋਈ ਹਿੰਸਾ ਦੌਰਾਨ ਬੱਚਿਆਂ ਨੂੰ ਸ਼ਾਮਲ ਕਰਨ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਦਿੱਲੀ ਪੁਲੀਸ ਕਮਿਸ਼ਨਰ ਨੂੰ ਲਿਖੀ ਚਿੱਠੀ 'ਚ ਕਮਿਸ਼ਨ ਨੇ ਕਿਹਾ ਕਿ ਹਿੰਸਾ ਦੌਰਾਨ ਕਈ ਬੱਚੇ ਪਥਰਾਅ ਕਰਦੇ ਦੇਖੇ ਗਏ ਅਤੇ ਉਹ ਭੀੜ ਦਾ ਹਿੱਸਾ ਸਨ। ਕਮਿਸ਼ਨ ਨੇ ਚਿੱਠੀ ਮਿਲਣ ਦੇ ਸੱਤ ਦਿਨਾਂ ਅੰਦਰ ਇਸ ਬਾਰੇ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਜੁਵੇਨਾਈਲ ਜਸਟਿਸ ਐਕਟ ਤਹਿਤ ਬੱਚਿਆਂ ਦੀ ਵਰਤੋਂ ਕਰਨਾ ਜੁਰਮ ਹੈ ਅਤੇ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ। -ਪੀਟੀਆਈ

ਡੀਸੀਪੀ ਨੇ ਅਮਨ ਕਮੇਟੀਆਂ ਨਾਲ ਕੀਤੀ ਮੀਟਿੰਗ

ਨਵੀਂ ਦਿੱਲੀ: ਡਿਪਟੀ ਕਮਿਸ਼ਨਰ ਪੁਲੀਸ (ਉੱਤਰ ਪੱਛਮੀ) ਊਸ਼ਾ ਰੰਗਨਾਨੀ ਵੱਲੋਂ ਇਲਾਕੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਜਹਾਂਗੀਰਪੁਰੀ, ਮਹਿੰਦਰਾ ਪਾਰਕ ਅਤੇ ਆਦਰਸ਼ ਨਗਰ ਦੀ ਅਮਨ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਖੇਤਰਾਂ ਵਿੱਚ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਨ। ਰੰਗਨਾਨੀ ਨੇ ਕਿਹਾ ਕਿ ਅਮਨ ਕਮੇਟੀਆਂ ਦੇ ਮੈਂਬਰਾਂ ਨੂੰ ਕਿਸੇ ਵੀ ਅਫ਼ਵਾਹ ਅਤੇ ਗਲਤ ਜਾਣਕਾਰੀ ਤੋਂ ਬਚਣ ਦੀ ਅਪੀਲ ਕੀਤੀ ਗਈ ਤੇ ਕਿਸੇ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਪ੍ਰਤੀ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਕਾਂਗਰਸ ਵੱਲੋਂ ਦਿੱਲੀ ਦੇ ਲੋਕਾਂ ਨੂੰ ਇਕਜੁੱਟ ਰਹਿਣ ਦਾ ਸੱਦਾ

ਨਵੀਂ ਦਿੱਲੀ: ਕਾਂਗਰਸ ਨੇ ਦਿੱਲੀ ਦੇ ਲੋਕਾਂ ਨੂੰ ਇਕਜੁੱਟ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੱਤਾ 'ਚ ਬੈਠੇ ਲੋਕਾਂ 'ਚ ਰਹਿਮ ਦੀ ਭਾਵਨਾ ਨਹੀਂ ਹੈ। ਹਨੂੰਮਾਨ ਜੈਅੰਤੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਜਹਾਂਗੀਰਪੁਰੀ 'ਚ ਹੋਈ ਹਿੰਸਾ ਮਗਰੋਂ ਕਾਂਗਰਸ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਹਿੰਸਾ ਅਤੇ ਦੰਗਿਆਂ ਨਾਲ ਧਰਮ ਨਾ ਤਾਂ 'ਸੁਰੱਖਿਅਤ' ਰਹੇਗਾ ਅਤੇ ਨਾ ਹੀ ਇਹ ਮਜ਼ਬੂਤ ਹੋਵੇਗਾ ਸਗੋਂ ਭਾਰਤ ਜ਼ਰੂਰ ਕਮਜ਼ੋਰ ਹੋ ਜਾਵੇਗਾ। -ਪੀਟੀਆਈ

ਦੰਗਿਆਂ ਲਈ ਖਾਸ ਫਿਰਕੇ ਨੂੰ ਖੁਸ਼ ਕਰਨ ਦੀ ਵਿਚਾਰਧਾਰਾ ਜ਼ਿੰਮੇਵਾਰ: ਭਾਜਪਾ

ਨਵੀਂ ਦਿੱਲੀ: ਜਹਾਂਗੀਰਪੁਰੀ 'ਚ ਹਿੰਸਾ ਦੇ ਇਕ ਦਿਨ ਬਾਅਦ ਭਾਜਪਾ ਨੇ ਅੱਜ ਕਿਹਾ ਕਿ ਪਿਛਲੇ 70 ਸਾਲਾਂ ਤੋਂ ਖਾਸ ਫਿਰਕੇ ਨੂੰ ਖੁਸ਼ ਕਰਨ ਦੀ ਵਿਚਾਰਧਾਰਾ ਦੇਸ਼ 'ਚ ਫਿਰਕੂ ਦੰਗਿਆਂ ਲਈ ਜ਼ਿੰਮੇਵਾਰ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਵਿਰੋਧੀ ਧਿਰ ਦੇ ਹੋਰ ਆਗੂਆਂ ਵੱਲੋਂ ਨਫ਼ਰਤੀ ਭਾਸ਼ਨ ਅਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ 'ਤੇ ਚਿੰਤਾ ਜਤਾਉਣ ਦੇ ਦਿੱਤੇ ਸਾਂਝੇ ਬਿਆਨ 'ਤੇ ਟਿੱਪਣੀ ਕਰਦਿਆਂ ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਵਿਰੋਧੀ ਧਿਰ ਦੀ 'ਚੋਣਵੀਂ ਸਿਆਸਤ' ਮੁਲਕ ਲਈ ਨੁਕਸਾਨਦੇਹ ਹੈ। ਭਾਜਪਾ ਹੈੱਡਕੁਆਰਟਰ 'ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਤਰਾ ਨੇ ਕਿਹਾ ਕਿ ਉੱਤਰ-ਪੱਛਮੀ ਦਿੱਲੀ ਦੇ ਇਲਾਕੇ 'ਚ ਹੋਈਆਂ ਝੜਪਾਂ ਦੀ ਜਾਂਚ ਚੱਲ ਰਹੀ ਹੈ ਅਤੇ ਸਾਰਿਆਂ ਨੂੰ ਉਸ ਦੇ ਨਤੀਜੇ ਦੀ ਉਡੀਕ ਕਰਨੀ ਚਾਹੀਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਵੇਂ ਕੇਜਰੀਵਾਲ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਜੰਗ ਲੜਨ ਦੀ ਕੋਸ਼ਿਸ਼ ਕਰ ਰਹੇ ਹਨ। -ਪੀਟੀਆਈ

ਜਹਾਂਗੀਰਪੁਰੀ ਹਿੰਸਾ ਦਾ ਕਰੋਲੀ ਅਤੇ ਖਰਗੋਨ ਦੀਆਂ ਘਟਨਾਵਾਂ ਨਾਲ ਸਬੰਧ ਹੋਣ ਦਾ ਸ਼ੱਕ

ਨਵੀਂ ਦਿੱਲੀ: ਜਹਾਂਗੀਰਪੁਰੀ ਹਿੰਸਾ ਦਾ ਸਬੰਧ ਕਰੋਲੀ (ਰਾਜਸਥਾਨ) ਅਤੇ ਖਰਗੋਨ (ਮੱਧ ਪ੍ਰਦੇਸ਼) 'ਚ ਰਾਮ ਨੌਮੀ ਮੌਕੇ ਹੋਈ ਹਿੰਸਾ ਨਾਲ ਸਬੰਧ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਕੇਂਦਰੀ ਏਜੰਸੀਆਂ ਨੇ ਇਸ ਬਾਰੇ ਜਾਂਚ ਆਰੰਭ ਦਿੱਤੀ ਹੈ। ਸੁਰੱਖਿਆ ਸੂਤਰਾਂ ਮੁਤਾਬਕ ਜਾਂਚ ਏਜੰਸੀਆਂ ਵੱਲੋਂ ਹਰ ਪੱਖ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਹ ਇਹ ਵੀ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਜਹਾਂਗੀਰਪੁਰੀ 'ਚ ਹੋਈ ਹਿੰਸਾ ਪਿੱਛੇ ਸਥਾਨਕ ਕਾਰਨ ਹਨ ਜਾਂ ਫਿਰ ਸੋਚੀ ਸਮਝੀ ਹਿੰਸਾ ਦੀ ਸਾਜ਼ਿਸ਼ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਹ ਘਟਨਾਵਾਂ ਦੇਸ਼ 'ਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਵਿਗਾੜਨ ਲਈ ਵੱਡੀ ਸਾਜ਼ਿਸ਼ ਵੱਲ ਸੰਕੇਤ ਕਰਦੀਆਂ ਹਨ। -ਆਈਏਐਨਐਸ

ਖਰਗੋਨ ਦੀ ਘਟਨਾ ਕਾਰਨ ਭਗਵਾਨ ਰਾਮ ਵੀ ਬੇਚੈਨ ਹੋਣਗੇ: ਰਾਊਤ

ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਸ੍ਰੀਰਾਮ ਦੇ ਨਾਂ 'ਤੇ ਫਿਰਕਾਪ੍ਰਸਤੀ ਨੂੰ ਭੜਕਾਉਣਾ 'ਭਗਵਾਨ ਸ੍ਰੀਰਾਮ ਦੇ ਆਦਰਸ਼ਾਂ' ਦੀ ਬੇਇੱਜ਼ਤੀ ਹੈ ਅਤੇ ਭਗਵਾਨ ਰਾਮ ਵੀ ਮੱਧ ਪ੍ਰਦੇਸ਼ ਦੇ ਖਰਗੋਨ ਦੀ ਪੂਰੀ ਘਟਨਾ ਨੂੰ ਲੈ ਕੇ ਬੇਚੈਨ ਹੋਣਗੇ। ਜ਼ਿਕਰਯੋਗ ਹੈ ਕਿ ਰਾਮ ਨੌਮੀ ਵਾਲੇ ਦਿਨ ਖਰਗੋਨ 'ਚ ਫਿਰਕੂ ਝੜਪਾਂ ਹੋਈਆਂ ਸਨ ਜਿਸ ਕਾਰਨ ਕਰਫਿਊ ਲਗਾ ਦਿੱਤਾ ਗਿਆ ਸੀ। ਰਾਊਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਚੋਣ ਜਿੱਤਣ ਲਈ ਧਾਰਮਿਕ ਮਤਭੇਦ ਦੇ ਬੀਜ ਬੀਜਣ ਦੀ ਰਣਨੀਤੀ ਅਪਣਾਉਣ ਦਾ ਦੋਸ਼ ਲਾਇਆ। ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' 'ਚ ਆਪਣੇ ਹਫ਼ਤਾਵਾਰੀ ਕਾਲਮ 'ਰੋਕਠੋਕ' 'ਚ ਰਾਊਤ ਨੇ ਲਿਖਿਆ, 'ਜੇਕਰ ਕੋਈ ਕੱਟੜਵਾਦ ਦੀ ਅੱਗ ਭੜਕਾਉਣਾ ਚਾਹੁੰਦਾ ਹੈ ਤੇ ਚੋਣ ਜਿੱਤਣ ਲਈ ਸ਼ਾਂਤੀ ਭੰਗ ਕਰਨਾ ਚਾਹੁੰਦਾ ਹੈ ਤਾਂ ਉਹ ਦੂਜੀ ਵੰਡ ਦੇ ਬੀਜ ਬੀਜ ਰਿਹਾ ਹੈ।' ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ 10 ਅਪਰੈਲ ਨੂੰ ਰਾਮ ਨੌਮੀ ਮੌਕੇ ਹੋਈਆਂ ਫਿਰਕੂ ਝੜਪਾਂ ਦਾ ਜ਼ਿਕਰ ਕਰਦਿਆਂ ਰਾਊਤ ਨੇ ਕਿਹਾ ਕਿ ਇਹ ਚੰਗੇ ਸੰਕੇਤ ਨਹੀਂ ਹਨ। ਉਨ੍ਹਾਂ ਕਿਹਾ, 'ਪਹਿਲਾਂ, ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ਸੱਭਿਆਚਾਰ ਤੇ ਧਰਮ ਬਾਰੇ ਹੁੰਦੀ ਸੀ ਪਰ ਹੁਣ ਤਲਵਾਰਾਂ ਲਹਿਰਾਈਆਂ ਜਾਂਦੀਆਂ ਹਨ ਤੇ ਫਿਰਕੂ ਫੁੱਟ ਪਾਈ ਜਾਂਦੀ ਹੈ। ਮਸਜਿਦਾਂ ਦੇ ਬਾਹਰ ਹੰਗਾਮਾ ਕੀਤਾ ਗਿਆ ਜਿਸ ਕਾਰਨ ਹਿੰਸਾ ਹੋਈ।' ਉਨ੍ਹਾਂ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਰਾਮ ਮੰਦਰ ਅੰਦੋਲਨ ਵਿਚਾਲੇ ਹੀ ਛੱਡ ਦਿੱਤਾ, ਉਹ ਹੁਣ ਭਗਵਾਨ ਰਾਮ ਦੇ ਨਾਂ 'ਤੇ ਤਲਵਾਰਾਂ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਹਿੰਦੂਤਵ ਨਹੀਂ ਕਿਹਾ ਜਾ ਸਕਦਾ। ਭਗਵਾਨ ਰਾਮ ਦੇ ਨਾਂ 'ਤੇ ਫਿਰਕੂ ਅੱਗ ਲਾਉਣਾ ਰਾਮ ਦੇ ਆਦਰਸ਼ਾਂ ਦੀ ਬੇਇੱਜ਼ਤੀ ਹੈ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਮੱਧ ਪਦੇਸ਼ ਦੇ ਖਰਗੋਨ ਦੀ ਘਟਨਾ ਨੂੰ ਲੈ ਕੇ ਭਗਵਾਨ ਰਾਮ ਵੀ ਬੇਚੈਨ ਹੋਣਗੇ। ਉਨ੍ਹਾਂ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮਐਨਐਸ) ਮੁਖੀ ਰਾਜ ਠਾਕਰੇ 'ਤੇ ਭਾਜਪਾ ਦਾ ਏਜੰਡਾ ਲਾਗੂ ਕਰਨ ਦਾ ਦੋਸ਼ ਲਾਇਆ। -ਪੀਟੀਆਈ



Most Read

2024-09-21 00:51:25