Sport >> The Tribune


ਐੱਫਆਈਐੱਚ ਪ੍ਰੋ ਲੀਗ ਲਈ 20 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ


Link [2022-01-28 08:35:50]



ਨਵੀਂ ਦਿੱਲੀ, 27 ਜਨਵਰੀ

ਹਾਕੀ ਇੰਡੀਆ ਨੇ ਦੱਖਣੀ ਅਫ਼ਰੀਕਾ ਵਿਚ ਮੇਜ਼ਬਾਨ ਟੀਮ ਅਤੇ ਫਰਾਂਸ ਖ਼ਿਲਾਫ਼ ਹੋਣ ਵਾਲੇ ਐੱਫਆਈਐੱਚ ਪ੍ਰੋ ਲੀਗ ਮੁਕਾਬਲਿਆਂ ਲਈ ਅੱਜ ਇੱਥੇ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ 20 ਮੈਂਬਰੀ ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਦਾ ਐਲਾਨ ਕੀਤਾ, ਜਿਸ ਵਿਚ ਜੁਗਰਾਜ ਸਿੰਘ ਅਤੇ ਅਭਿਸ਼ੇਕ ਦੇ ਰੂਪ ਵਿਚ ਦੋ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ।

ਦੱਖਣੀ ਅਫਰੀਕਾ ਦੇ ਪੋਚੇਫਸਟਰੂਮ ਵਿਚ 8 ਤੋਂ 13 ਫਰਵਰੀ ਵਿਚਾਲੇ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਲਈ ਹਰਮਨਪ੍ਰੀਤ ਸਿੰਘ ਨੂੰ ਭਾਰਤੀ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਤਜਰਬੇਕਾਰ ਖਿਡਾਰੀਆਂ ਨਾਲ ਲੈਸ ਭਾਰਤੀ ਟੀਮ ਵਿਚ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੀ ਤਗ਼ਮਾ ਜਿੱਤਣ ਵਾਲੀ ਟੀਮ ਦੇ 14 ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਭਾਰਤੀ ਟੀਮ ਬੰਗਲੌਰ ਤੋਂ 4 ਫਰਵਰੀ ਨੂੰ ਦੱਖਣੀ ਅਫਰੀਕਾ ਲਈ ਰਵਾਨਾ ਹੋਵੇਗੀ। ਟੀਮ ਨੂੰ 8 ਫਰਵਰੀ ਨੂੰ ਪਹਿਲੇ ਮੈਚ ਵਿਚ ਫਰਾਂਸ ਦਾ ਸਾਹਮਣਾ ਕਰਨਾ ਹੈ ਜਦਕਿ ਅਗਲੇ ਦਿਨ ਉਸ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। ਟੀਮ 12 ਫਰਵਰੀ ਨੂੰ ਦੁਬਾਰਾ ਫਰਾਂਸ ਨਾਲ ਖੇਡੇਗੀ ਜਦਕਿ ਅਗਲੇ ਦਿਨ ਮੇਜ਼ਬਾਨ ਟੀਮ ਨਾਲ ਮੁਕਾਬਲਾ ਹੋਵੇਗਾ। ਇਹ ਸਾਰੇ ਮੁਕਾਬਲੇ ਭਾਰਤੀ ਸਮੇਂ ਅਨੁਸਾਰ ਰਾਤ ਨੂੰ 9.30 ਵਜੇ ਤੋਂ ਖੇਡੇ ਜਾਣਗੇ ਅਤੇ ਇਨ੍ਹਾਂ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਸਿਲੈਕਟ 2 ਅਤੇ ਸਟਾਰ ਸਪੋਰਟਸ ਸਿਲੈਕਟ 2 ਐੱਚਡੀ 'ਤੇ ਕੀਤਾ ਜਾਵੇਗਾ। ਹੌਟ ਸਟਾਰ 'ਤੇ ਵੀ ਇਹ ਮੁਕਾਬਲੇ ਦੇਖੇ ਜਾ ਸਕਣਗੇ। ਟੀਮ ਵਿਚ ਨੌਜਵਾਨ ਡਰੈਗ ਫਲਿੱਕਰ ਜੁਗਰਾਜ ਅਤੇ ਫਾਰਵਰਡ ਅਭਿਸ਼ੇਕ ਦੇ ਰੂਪ ਵਿਚ ਦੋ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਉਹ ਪੰਜਾਬ ਦੇ ਅੰਮ੍ਰਿਤਸਰ 'ਚ ਪੈਂਦੇ ਅਟਾਰੀ ਦਾ ਰਹਿਣ ਵਾਲਾ ਹੈ -ਪੀਟੀਆਈ

ਟੀਮ ਇਸ ਤਰ੍ਹਾਂ ਹੈ:-

ਟੀਮ ਵਿਚ ਗੋਲੀਕੀਪਰ ਵਜੋਂ ਪੀ.ਆਰ. ਸ੍ਰੀਜੇਸ਼ ਤੇ ਕ੍ਰਿਸ਼ਨ ਬਹਾਦੁਰ ਪਾਠਕ, ਡਿਫੈਂਡਰ ਵਜੋਂ ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਸੁਰਿੰਦਰ ਕੁਮਾਰ, ਵਰੁਣ ਕੁਮਾਰ, ਜਰਮਨਪ੍ਰੀਤ ਸਿੰਘ ਤੇ ਜੁਗਰਾਜ ਸਿੰਘ, ਮਿੱਡਫੀਲਡਰ ਵਜੋਂ ਮਨਪ੍ਰੀਤ ਸਿੰਘ, ਨੀਲਾਕਾਂਤ ਸ਼ਰਮਾ, ਹਾਰਦਿਕ ਸਿੰਘ, ਜਸਕਰਨ ਸਿੰਘ, ਸ਼ਮਸ਼ੇਰ ਸਿੰਘ ਤੇ ਵਿਵੇਕ ਸਾਗਰ, ਸਟਰਾਈਕਰ ਵਜੋਂ ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਆਕਾਸ਼ਦੀਪ ਸਿੰਘ, ਸ਼ਿਲਾਨੰਦ ਲਾਕੜਾ, ਦਿਲਪ੍ਰੀਤ ਸਿੰਘ ਅਤੇ ਅਭਿਸ਼ੇਕ ਸ਼ਾਮਲ ਹਨ।



Most Read

2024-09-20 13:54:28