Breaking News >> News >> The Tribune


1971 ਦੀ ਜੰਗ: ਬੰਗਲਾਦੇਸ਼ ’ਚ ਪਾਕਿਸਤਾਨੀ ਸੈਨਾ ਦੀ ਕਾਰਵਾਈ ਨਸਲਕੁਸ਼ੀ ਕਰਾਰ


Link [2022-02-06 07:14:07]



ਨਵੀਂ ਦਿੱਲੀ, 5 ਫਰਵਰੀ

ਅਮਰੀਕਾ ਦਾ ਸੰਗਠਨ 'ਜੈਨੋਸਾਈਡ ਵਾਚ' ਜੋ ਕਿ ਹਰ ਤਰ੍ਹਾਂ ਦੀਆਂ ਸਮੂਹਿਕ ਹੱਤਿਆਵਾਂ ਖ਼ਿਲਾਫ਼ ਮੁਹਿੰਮ ਚਲਾਉਂਦਾ ਹੈ, ਨੇ ਪਾਕਿਸਤਾਨੀ ਫ਼ੌਜ ਵੱਲੋਂ 1971 ਦੀ 'ਆਜ਼ਾਦੀ ਦੀ ਜੰਗ' ਦੌਰਾਨ ਬੰਗਲਾਦੇਸ਼ ਵਿਚ ਕੀਤੇ ਗਏ ਅਪਰਾਧਾਂ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ। ਸੰਗਠਨ ਨੇ ਕਿਹਾ ਕਿ ਪਾਕਿਸਤਾਨ ਦੀ ਫ਼ੌਜ ਵੱਲੋਂ ਬੰਗਲਾਦੇਸ਼ ਦੇ ਲੋਕਾਂ ਉਤੇ ਕੀਤੇ ਗਏ ਜ਼ੁਲਮ ਨਸਲਕੁਸ਼ੀ ਸਨ। ਉਨ੍ਹਾਂ ਇਸ ਨੂੰ ਮਨੁੱਖਤਾ ਖ਼ਿਲਾਫ਼ ਅਪਰਾਧ ਤੇ ਜੰਗੀ ਅਪਰਾਧ ਕਰਾਰ ਦਿੱਤਾ ਹੈ। ਵਾਸ਼ਿੰਗਟਨ ਦੇ ਸੰਗਠਨ ਨੇ 1971 ਦੀ ਜੰਗ ਦੇ 50 ਵਰ੍ਹੇ ਮੁਕੰਮਲ ਹੋਣ 'ਤੇ ਅੱਜ ਕਿਹਾ ਕਿ 'ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਗਏ ਇਹ ਅਪਰਾਧ ਮਨੁੱਖਤਾ ਦੇ ਕਤਲ, ਤਬਾਹੀ, ਲੋਕਾਂ ਨੂੰ ਧੱਕੇ ਨਾਲ ਤਬਦੀਲ ਜਾਂ ਡਿਪੋਰਟ ਕਰਨ, ਕੈਦ ਜਾਂ ਸਰੀਰਕ ਆਜ਼ਾਦੀ ਤੋਂ ਵਾਂਝੇ ਰੱਖਣ, ਲੋਕਾਂ ਨੂੰ ਲਾਪਤਾ ਕਰਨ ਤੇ ਹੋਰ ਗੈਰ-ਮਨੁੱਖੀ ਤਸੀਹੇ ਦੇਣ ਦੇ ਬਰਾਬਰ ਸਨ।' ਅਮਰੀਕਾ ਦਾ ਇਹ ਗ਼ੈਰ ਸਰਕਾਰੀ ਸੰਗਠਨ ਨਸਲਕੁਸ਼ੀ ਦੀ ਸ਼ਨਾਖ਼ਤ ਕਰਨ, ਉਸ ਨੂੰ ਰੋਕਣ ਤੇ ਅਜਿਹੇ ਹੋਰ ਸਮੂਹਿਕ ਕਤਲੇਆਮਾਂ 'ਤੇ ਨਿਗਰਾਨੀ ਰੱਖਣ ਲਈ ਕੰਮ ਕਰਦਾ ਹੈ। ਉਨ੍ਹਾਂ ਕਿਹਾ, 'ਠੋਸ ਸਬੂਤ ਮੌਜੂਦ ਹਨ ਜੋ ਇਸ ਨਤੀਜੇ ਉਤੇ ਪਹੁੰਚਣ ਵਿਚ ਮਦਦ ਕਰਦੇ ਹਨ ਪੂਰਬੀ ਪਾਕਿਸਤਾਨ ਦੇ ਬੰਗਾਲੀਆਂ ਉਤੇ 1971 ਦੌਰਾਨ ਪਾਕਿਸਤਾਨੀ ਸੈਨਾ ਵੱਲੋਂ ਵਿਆਪਕ ਤੇ ਢਾਂਚਾਗਤ ਤਰੀਕੇ ਨਾਲ ਜ਼ੁਲਮ ਕੀਤਾ ਗਿਆ। ਹੋਰ ਕਈ ਤਾਕਤਾਂ ਜਿਵੇਂ ਕਿ ਰਜ਼ਾਕਾਰ, ਅਲ ਬਦਰ, ਅਲ ਸ਼ਾਮ ਵੀ ਇਸ ਵਿਚ ਸ਼ਾਮਲ ਸਨ। ਕਈ ਸਿਆਸੀ ਇਸਲਾਮਿਕ ਤਾਕਤਾਂ- ਜਮਾਤ-ਏ-ਇਸਲਾਮ, ਨਿਜ਼ਾਮ-ਏ-ਇਸਲਾਮ ਤੇ ਮੁਸਲਿਮ ਲੀਗ ਉਤੇ ਵੀ ਨਸਲਕੁਸ਼ੀ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ ਗਏ ਹਨ।' ਸੰਗਠਨ ਨੇ ਕਿਹਾ ਕਿ ਕੌਮਾਂਤਰੀ ਪੱਧਰ ਉਤੇ ਮਾਨਤਾ ਪ੍ਰਾਪਤ ਮਾਹਿਰਾਂ ਵੱਲੋਂ ਕੀਤੀ ਗਈ ਫੈਸਲਾਕੁਨ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਸੈਨਾ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਯੋਜਨਾਬੱਧ ਸਨ ਤੇ ਜਾਣਬੁੱਝ ਕੇ ਕੀਤੀਆਂ ਗਈਆਂ ਸਨ। ਪਾਕਿਸਤਾਨ ਦੀ 'ਜੁੰਟਾ' ਲੀਡਰਸ਼ਿਪ ਤੇ ਫ਼ੌਜੀ ਕਮਾਨ ਬੰਗਾਲੀ ਨਸਲ ਤੇ ਕੌਮੀ ਸਮੂਹ ਅਤੇ ਬੰਗਾਲੀ ਹਿੰਦੂਆਂ ਦੇ ਵੱਡੇ ਹਿੱਸੇ ਨੂੰ ਖ਼ਤਮ ਕਰਨਾ ਚਾਹੁੰਦੀ ਸੀ। 'ਜੇਨੋਸਾਈਡ ਵਾਚ' ਦੇ ਸੰਸਥਾਪਕ ਅਤੇ ਨਸਲਕੁਸ਼ੀ ਵਿਸ਼ਿਆਂ ਦੇ ਮਾਹਿਰ ਗ੍ਰੇਗਰੀ ਸਟੈਂਟਨ ਨੇ ਸੰਯੁਕਤ ਰਾਸ਼ਟਰ ਨੂੰ ਵੀ ਸੱਦਾ ਦਿੱਤਾ ਹੈ ਕਿ ਬੰਗਲਾਦੇਸ਼ ਵਿਚ 1971 'ਚ ਹੋਈ ਨਸਲਕੁਸ਼ੀ ਖ਼ਿਲਾਫ਼ ਮਤਾ ਪਾਸ ਕੀਤਾ ਜਾਵੇ।

ਉਨ੍ਹਾਂ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕਾਂ ਅਮਰੀਕਾ, ਯੂਕੇ ਤੇ ਪਾਕਿਸਤਾਨ ਨੂੰ ਬੇਨਤੀ ਕੀਤੀ ਕਿ ਉਹ ਪਾਕਿ ਫ਼ੌਜ ਵੱਲੋਂ ਬੰਗਲਾਦੇਸ਼ ਵਿਚ ਕੀਤੀ ਕਾਰਵਾਈ ਨੂੰ ਨਸਲਕੁਸ਼ੀ ਤੇ ਮਨੁੱਖਤਾ ਖ਼ਿਲਾਫ਼ ਕੀਤਾ ਗਿਆ ਅਪਰਾਧ ਮੰਨਣ। ਗ੍ਰੇਗਰੀ ਨੇ ਨਾਲ ਹੀ ਕਿਹਾ ਕਿ ਇਸ ਨਸਲਕੁਸ਼ੀ ਵਿਚ ਸ਼ਾਮਲ ਅਤੇ ਅਜੇ ਜਿਊਂਦੇ ਆਗੂਆਂ ਨੂੰ ਅਦਾਲਤੀ ਕਾਰਵਾਈ ਦੇ ਘੇਰੇ ਵਿਚ ਲਿਆਂਦਾ ਜਾਵੇ। -ਆਈਏਐਨਐੱਸ



Most Read

2024-09-23 06:23:34