Sport >> The Tribune


ਅੰਡਰ-19 ਵਿਸ਼ਵ ਕੱਪ: ਭਾਰਤੀ ਟੀਮ ਦੇ ਹਰ ਖਿਡਾਰੀ ਨੂੰ ਮਿਲਣਗੇ 40 ਲੱਖ


Link [2022-02-07 15:53:23]



ਨਵੀਂ ਦਿੱਲੀ: ਬੀਸੀਸੀਆਈ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਹਰੇਕ ਖਿਡਾਰੀ ਨੂੰ 40-40 ਲੱਖ ਰੁਪਏ ਤੇ ਸਹਾਇਕ ਸਟਾਫ਼ ਨੂੰ 25-25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਭਾਰਤ ਨੇ ਸ਼ਨਿਚਰਵਾਰ ਨੂੰ ਐਂਟੀਗਾ ਵਿੱਚ ਖੇਡੇ ਖਿਤਾਬੀ ਮੁਕਾਬਲੇ ਵਿੱਚ ਇੰਗਲੈਂਡ ਨੂੰ 4 ਵਿਕਟਾਂ ਨਾਲ ਮਾਤ ਦਿੱਤੀ ਸੀ। ਇੰਗਲੈਂਡ ਨੇ ਪਹਿਲਾਂ ਖੇਡਦਿਆਂ 44.5 ਓਵਰਾਂ ਵਿੱਚ 189 ਦੌੜਾਂ ਬਣਾਈਆਂ ਤੇ ਭਾਰਤ ਨੇ 47.4 ਓਵਰਾਂ ਵਿੱਚ 195/6 ਦੇ ਸਕੋਰ ਨਾਲ ਖਿਤਾਬੀ ਜਿੱਤ ਦਰਜ ਕੀਤੀ। ਭਾਰਤ ਲਈ ਨਿਸ਼ਾਂਤ ਸਿੰਧੂ ਤੇ ਸ਼ੇਖ ਰਸ਼ੀਦ ਨੇ ਨੀਮ ਸੈਂਕੜਾ ਜੜਿਆ। ਰਾਜ ਬਾਵਾ ਨੇ 35, ਹਰਨੂਰ ਸਿੰਘ ਨੇ 21 ਤੇ ਕਪਤਾਨ ਯਸ਼ ਢੁੱਲ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਰਾਜ ਬਾਵਾ ਨੂੰ ਹਰਫਨਮੌਲਾ ਪ੍ਰਦਰਸ਼ਨ ਲਈ 'ਪਲੇਅਰ ਆਫ਼ ਦਿ ਮੈਚ' ਐਲਾਨਿਆ ਗਿਆ। ਬਾਵਾ ਨੇ 35 ਦੌੜਾਂ ਦੇ ਨਾਲ ਇੰਗਲੈਂਡ ਦੀਆਂ ਪੰਜ ਵਿਕਟਾਂ ਵੀ ਲਈਆਂ। ਅੰਡਰ-19 ਕ੍ਰਿਕਟ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਭਾਰਤ ਦਾ ਇਹ ਰਿਕਾਰਡ ਪੰਜਵਾਂ ਖਿਤਾਬ ਹੈ। ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਕ ਬਿਆਨ ਵਿੱਚ ਕਿਹਾ, ''ਭਾਰਤ ਟੀਮ ਨੇ ਮੈਦਾਨ 'ਤੇ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਲਗਪਗ ਹਰ ਵਿਭਾਗ 'ਚ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ, ਭਾਰਤ ਲਈ ਪੰਜਵਾਂ ਵਿਸ਼ਵ ਕੱਪ ਜਿੱਤਿਆ ਹੈ। ਭਾਰਤੀ ਕੈਂਪ ਵਿੱਚ ਕੋੋਵਿਡ-19 ਕੇਸ ਰਿਪੋਰਟ ਹੋਣ ਦੇ ਬਾਵਜੂਦ ਟੀਮ ਨੇ ਦਲੇਰੀ ਤੇ ਦ੍ਰਿੜ ਇਰਾਦੇ ਦਾ ਮੁਜ਼ਾਹਰਾ ਕਰਦਿਆਂ ਜ਼ੋਰਦਾਰ ਵਾਪਸੀ ਕੀਤੀ।'' ਗਾਂਗੁਲੀ ਨੇ ਟੀਮ ਦੇ ਹੈੱਡ ਕੋਚ ਰਿਸ਼ੀਕੇਸ਼ ਕਨੀਤਕਰ, ਸਹਾਇਕ ਸਟਾਫ਼, ਨੈਸ਼ਨਲ ਕ੍ਰਿਕਟ ਅਕੈਡਮੀ ਦੇ ਹੈੱਡ ਕ੍ਰਿਕਟ ਵੀਵੀਐੱਸ ਲਕਸ਼ਮਣ ਵੱਲੋਂ ਕੀਤੇ ਯਤਨਾਂ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅੰਡਰ 19 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਤਿਆਰੀ ਲਈ ਬਹੁਤ ਘੱਟ ਸਮਾਂ ਮਿਲਿਆ, ਪਰ ਇਸ ਦੇ ਬਾਵਜੂਦ ਟੀਮ ਇੰਡੀਆ ਵਿਸ਼ਵ ਕੱਪ ਦੌਰਾਨ ਅਜੇਤੂ ਰਹੀ। ਉਧਰ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤੀ ਟੀਮ ਸਭ ਤੋਂ ਸਫ਼ਲ ਰਹੀ ਹੈ ਤੇ ਪੰਜਵਾਂ ਖਿਤਾਬ ਇਸ ਉਮਰ ਵਰਗ ਦੇ ਕ੍ਰਿਕਟਰਾਂ ਲਈ ਸਾਡੇ ਮਜ਼ਬੂਤ ਪ੍ਰਬੰਧ ਤੇ ਬੁਨਿਆਦੀ ਢਾਂਚੇ ਦੀ ਸ਼ਾਹਦੀ ਭਰਦਾ ਹੈ। -ਪੀਟੀਆਈ

ਭਾਰਤੀ ਕ੍ਰਿਕਟ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦੀ ਰਿਕਾਰਡ ਪੰਜਵੀਂ ਖਿਤਾਬੀ ਜਿੱਤ ਲਈ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿਖਰਲੇ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਕ੍ਰਿਕਟ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ। ਸ੍ਰੀ ਮੋਦੀ ਨੇ ਟਵੀਟ ਕੀਤਾ, ''ਸਾਡੇ ਨੌਜਵਾਨ ਕ੍ਰਿਕਟਰਾਂ 'ਤੇ ਵੱਡਾ ਮਾਣ ਹੈ। ਭਾਰਤੀ ਟੀਮ ਨੂੰ ਅੰਡਰ-19 ਵਿਸ਼ਵ ਕੱਪ ਜਿੱਤਣ ਲਈ ਵਧਾਈਆਂ।'' -ਪੀਟੀਆਈ



Most Read

2024-09-20 13:38:58