World >> The Tribune


ਟੈਕਸਸ ਦੇ ਪ੍ਰਾਇਮਰੀ ਸਕੂਲ ’ਚ ਗੋਲੀਬਾਰੀ, 19 ਬੱਚਿਆਂ ਸਣੇ 21 ਹਲਾਕ


Link [2022-05-26 09:42:27]



ਹਿਊਸਟਨ, 25 ਮਈ

ਅਮਰੀਕਾ ਦੇ ਟੈਕਸਸ ਰਾਜ ਦੇ ਐਲੀਮੈਂਟਰੀ ਸਕੂਲ ਵਿੱਚ 18 ਸਾਲਾ ਬੰਦੂਕਧਾਰੀ ਨੇ ਮੰਗਲਵਾਰ ਨੂੰ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿੱਚ 19 ਬੱਚਿਆਂ ਸਣੇ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ 'ਚ ਦੋ ਅਧਿਆਪਕ ਵੀ ਸ਼ਾਮਲ ਹਨ। ਇਸ ਦੌਰਾਨ ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਮਾਰਿਆ ਗਿਆ, ਜਿਸ ਦੀ ਪਛਾਣ ਸਲਵਾਡੋਰ ਰਾਮੋਸ ਵਜੋਂ ਦੱਸੀ ਗਈ ਹੈ। ਘਟਨਾ ਦੇ ਰੋਸ ਵਜੋਂ ਤੇ ਪੀੜਤਾਂ ਦੇ ਸਨਮਾਨ ਵਿੱਚ ਸਰਕਾਰੀ ਇਮਾਰਤਾਂ ਉੱਤੇ ਅਮਰੀਕੀ ਝੰਡਾ ਅੱਧਾ ਝੁਕਿਆ ਰਿਹਾ। ਟੈਕਸਸ ਦੇ ਗਵਰਨਰ ਗਰੈੱਗ ਐਬੌਟ ਨੇ ਕਿਹਾ ਕਿ ਹਮਲਾਵਰ ਨੇ ਸਕੂਲ 'ਚ ਗੋਲੀਆਂ ਚਲਾਉਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਹਮਲੇ ਦੀ ਆਪਣੀ ਮਨਸ਼ਾ ਬਾਰੇ ਦੱਸਿਆ ਸੀ।

ਅਧਿਕਾਰੀਆਂ ਨੇ ਕਿਹਾ ਕਿ ਹਮਲਾ ਕਰਨ ਵਾਲਾ ਨੌਜਵਾਨ ਮੰਗਲਵਾਰ ਨੂੰ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਸਾਂ ਅੰਤੋਨੀਓ ਤੋਂ 134 ਕਿਲੋਮੀਟਰ ਦੂਰ ਟੈਕਸਸ ਦੇ ਉਵਾਲਦੇ ਟਾਊਨ ਵਿਚਲੇ ਰੌਬ ਪ੍ਰਾਇਮਰੀ ਸਕੂਲ ਵਿੱਚ ਦਾਖ਼ਲ ਹੋਇਆ ਤੇ ਉਥੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਤਫ਼ਤੀਸ਼ਕਾਰਾਂ ਨੇ ਕਿਹਾ ਕਿ ਮਸ਼ਕੂਕ ਕੋਲ ਹੈਂਡਗੰਨ, ੲੇਆਰ-15 ਸੈਮੀ-ਆਟੋਮੈਟਿਕ ਰਾਈਫਲ ਤੇ ਉੱਚ ਸਮਰੱਥਾ ਵਾਲੇ ਮੈਗਜ਼ੀਨ ਸਨ। ਟੈਕਸਸ ਦੇ ਗਵਰਨਰ ਗਰੈੱਗ ਐਬੌਟ ਨੇ ਹਮਲਾਵਰ ਨੌਜਵਾਨ ਦੀ ਸ਼ਨਾਖਤ ਸਲਵਾਡੋਰ ਰਾਮੋਸ ਵਜੋਂ ਦੱਸੀ ਹੈ, ਜੋ ਸਕੂਲ ਨੇੜਲੇ ਇਲਾਕੇ ਵਿੱਚ ਰਹਿੰਦਾ ਸੀ। ਇਸ ਕਤਲੇਆਮ ਪਿੱਛੇ ਹਮਲਾਵਰ ਦੇ ਮੰਤਵ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਨੌਜਵਾਨ 'ਤੇ ਸਕੂਲ ਵਿੱਚ ਕਤਲੇਆਮ ਤੋਂ ਪਹਿਲਾਂ ਆਪਣੀ ਦਾਦੀ ਨੂੰ ਗੋਲੀ ਮਾਰਨ ਦਾ ਵੀ ਸ਼ੱਕ ਹੈ। ਐਬੌਟ ਨੇ ਕਿਹਾ, ''ਹਮਲਾਵਰ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ 14 ਵਿਦਿਆਰਥੀਆਂ ਤੇ ਇਕ ਅਧਿਆਪਕ ਦੀ ਹੱਤਿਆ ਕਰ ਦਿੱਤੀ।'' ਹਾਲਾਂਕਿ ਮਗਰੋਂ ਮਰਨ ਵਾਲਿਆਂ ਦੀ ਗਿਣਤੀ ਵਧ ਗਈ, ਜਿਸ ਵਿੱਚ 19 ਬੱਚੇ ਤੇ ਦੋ ਬਾਲਗ ਸ਼ਾਮਲ ਹਨ। ਐਬੌਟ ਨੇ ਕਿਹਾ ਕਿ ਗੋਲੀਬਾਰੀ ਦੌਰਾਨ ਦੋ ਪੁਲੀਸ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਗੋਲੀਬਾਰੀ ਦੌਰਾਨ ਮਾਰੇ ਗਏ ਬੱਚਿਆਂ ਤੇ ਹੋਰਨਾਂ ਬਾਰੇ ਭਾਵੇਂ ਅਜੇ ਕੋਈ ਤਫ਼ਸੀਲ ਜਾਰੀ ਨਹੀਂ ਕੀਤੀ ਗਈ, ਪਰ ਸਕੂਲ ਦੀ ਵੈੱਬਸਾਈਟ ਮੁਤਾਬਕ ਇਥੇ ਪੜ੍ਹਦੇ ਵਿਦਿਆਰਥੀਆਂ ਦੀ ਉਮਰ 5 ਤੋਂ 11 ਸਾਲ ਦਰਮਿਆਨ ਹੈ। ਉਵਾਲਦੇ ਦੇ ਪੁਲੀਸ ਮੁਖੀ ਪੈਟੇ ਐਰੇਡੌਂਡੋ ਨੇ ਕਿਹਾ ਕਿ ਰੌਬ ਪ੍ਰਾਇਮਰੀ ਸਕੂਲ 'ਚ ਗੋਲੀਬਾਰੀ ਦੀ ਇਹ ਘਟਨਾ ਸਵੇਰੇ 11:32 ਵਜੇ ਵਾਪਰੀ ਤੇ ਇਕੋ ਇਕ ਹਮਲਾਵਰ ਪੁਲੀਸ ਦੀ ਜਵਾਬੀ ਕਾਰਵਾਈ ਦੌਰਾਨ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਪੀੜਤ ਬੱਚੇ ਦੂਜੀ, ਤੀਜੀ ਤੇ ਚੌਥੀ ਜਮਾਤ ਦੇ ਹਨ ਤੇ ਉਨ੍ਹਾਂ ਦੀ ਉਮਰ 7 ਤੋਂ 10 ਸਾਲ ਵਿਚਾਲੇ ਸੀ। ਇਸ ਦੌਰਾਨ ਇਕ ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ ਵਿੱਚ ਮਾਰੇ ਗਏ ਬੱਚੇ ਚੌਥੀ ਜਮਾਤ ਦੇ ਵਿਦਿਆਰਥੀ ਹਨ।

ਸਾਨੂੰ ਹਥਿਆਰਾਂ ਦੀ ਵਿਕਰੀ 'ਤੇ ਪਾਬੰਦੀ ਦਾ ਹਿੰਮਤੀ ਕਦਮ ਚੁੱਕਣਾ ਹੋਵੇਗਾ: ਬਾਇਡਨ

ਵਾਸ਼ਿੰੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟੈਕਸਸ ਦੇ ਪ੍ਰਾਇਮਰੀ ਸਕੂਲ ਵਿੱਚ ਗੋਲੀਬਾਰੀ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਵਿੱਚ ਹਥਿਆਰਾਂ ਦੀ ਵਿਕਰੀ 'ਤੇ ਪਾਬੰਦੀ ਲਾਉਣ ਲਈ ਹਿੰਮਤੀ ਕਦਮ ਚੁੱਕਣਾ ਹੀ ਹੋਵੇਗਾ। ਬਾਇਡਨ ਨੇ ਕਿਹਾ, ''ਅਸੀਂ ਬੰਦੂਕਾਂ (ਦੀ ਵਿਕਰੀ) ਦੀ ਹਮਾਇਤ ਕਰਨ ਵਾਲਿਆਂ ਖ਼ਿਲਾਫ਼ ਆਖਿਰ ਕਦੋਂ ਖੜ੍ਹੇ ਹੋਵਾਂਗੇ?'' ਦੇਸ਼ ਦੀ ਪ੍ਰਥਮ ਮਹਿਲਾ ਜਿਲ ਬਾਇਡਨ ਦੀ ਮੌਜੂਦਗੀ ਵਿੱਚ ਬਾਇਡਨ ਨੇ ਕਿਹਾ, ''ਮੈਂ ਅੱਕ ਚੁੱਕਾ ਹਾਂ, ਮੈਂ ਥੱਕ ਚੁੱਕਾ ਹਾਂ। ਸਾਨੂੰ ਕਦਮ ਚੁੱਕਣਾ ਹੀ ਹੋਵੇਗਾ।'' ਅਮਰੀਕੀ ਸਦਰ ਨੇ ਕਿਹਾ, ''ਸਮੂਹਿਕ ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਕੁੱਲ ਆਲਮ ਵਿੱਚ ਕਦੇ ਕਦਾਈਂ ਹੁੰਦੀਆਂ ਹਨ। ਕਿਉਂ?'' ਉਨ੍ਹਾਂ ਟੈਕਸਸ ਵਿੱਚ ਪੀੜਤਾਂ ਦੇ ਸਨਮਾਨ ਵਿੱਚ ਸੂਰਜ ਡੁੱਬਣ ਤੱਕ ਕੌਮੀ ਝੰਡੇ ਨੂੰ ਅੱਧਾ ਝੁਕਾ ਕੇ ਰੱਖਣ ਦੇ ਹੁਕਮ ਦਿੱਤੇ। ਬਾਇਡਨ ਨੇ ਮੰਗਲਵਾਰ ਦੇਸ਼ ਦੇ ਨਾਂ ਸੰਬੋਧਨ ਵਿੱਚ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਤਾਕਤਵਾਰ ਗੰਨ ਲੌਬੀ ਨੂੰ ਕੰਟਰੋਲ ਕਰਨ ਲਈ 'ਇਸ ਪੀੜ ਨੂੰ ਕਾਰਵਾਈ ਵਿੱਚ ਬਦਲਣ।' ਭਾਵੁਕ ਹੋੲੇ ਬਾਇਡਨ ਨੇ ਕਿਹਾ, ''ਅਸੀਂ ਅਜਿਹਾ ਕਿਉਂ ਹੋਣ ਦੇ ਰਹੇ ਹਾਂ? ਸਾਨੂੰ ਇਨ੍ਹਾਂ ਗੰਨ ਲੌਬੀਆਂ ਖਿਲਾਫ਼ ਖੜ੍ਹਨ ਤੇ ਇਨ੍ਹਾਂ ਨਾਲ ਸਿੱਝਣ ਦੀ ਹਿੰਮਤ ਵਿਖਾਉਣੀ ਹੋਵੇਗੀ।'' ਉਧਰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਗੋਲੀਬਾਰੀ ਦੀ ਘਟਨਾ 'ਤੇ ਦੁਖ਼ ਜਤਾਉਂਦਿਆਂ ਕਿਹਾ, ''ਸਾਨੂੰ ਕਦਮ ਚੁੱਕਣ ਦੀ ਹਿੰਮਤ ਕਰਨੀ ਹੋਵੇਗੀ...ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ।'' -ਪੀਟੀਆਈ



Most Read

2024-09-19 16:19:30