Breaking News >> News >> The Tribune


ਵਾਹਨ ਨਦੀ ’ਚ ਡਿੱਗਣ ਕਾਰਨ ਫੌਜ ਦੇ ਸੱਤ ਜਵਾਨ ਹਲਾਕ, 19 ਜ਼ਖ਼ਮੀ


Link [2022-05-28 12:38:39]



ਨਵੀਂ ਦਿੱਲੀ, 27 ਮਈ

ਲੱਦਾਖ ਦੇ ਟੁਕਟੁਕ ਸੈਕਟਰ 'ਚ ਅੱਜ ਫੌਜ ਦੇ ਜਵਾਨਾਂ ਨੂੰ ਲਿਜਾ ਰਿਹਾ ਵਾਹਨ ਸ਼ਿਓਕ ਨਦੀ 'ਚ ਜਾ ਡਿੱਗਿਆ। ਇਸ ਹਾਦਸੇ 'ਚ ਫੌਜ ਦੇ ਸੱਤ ਜਵਾਨਾਂ ਦੀ ਮੌਤ ਹੋ ਗਈ ਜਦਕਿ 19 ਹੋਰ ਜ਼ਖ਼ਮੀ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਥਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੇਹ ਜ਼ਿਲ੍ਹੇ ਦੇ ਨੁਬਰਾ ਇਲਾਕੇ 'ਚ ਥੋਇਸੇ ਤੋਂ ਤਕਰੀਬਨ 25 ਕਿਲੋਮੀਟਰ ਦੂਰ ਟੁਕਟੁਕ ਸੈਕਟਰ 'ਚ ਸਵੇਰੇ ਕਰੀਬ 9 ਵਜੇ ਇਹ ਹਾਦਸਾ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ 26 ਜਵਾਨਾਂ ਦੀ ਟੀਮ ਨੂੰ ਲੈ ਕੇ ਇਹ ਵਾਹਨ ਪਰਤਾਪੁਰ ਦੇ ਟਰਾਂਜ਼ਿਟ ਕੈਂਪ ਤੋਂ ਸਬ-ਸੈਕਟਰ ਹਨੀਫ ਜਾ ਰਿਹਾ ਸੀ ਤਾਂ ਇਹ ਵਾਹਨ ਸੜਕ ਤੋਂ 50-60 ਫੁੱਟ ਹੇਠਾਂ ਵਗਦੀ ਸ਼ਿਓਕ ਨਦੀ 'ਚ ਜਾ ਡਿੱਗਿਆ। ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਬਚਾਅ ਮੁਹਿੰਮ ਚਲਾ ਕੇ ਸਾਰੇ ਫੌਜੀਆਂ ਨੂੰ ਪਰਤਾਪੁਰ ਸਥਿਤ ਆਰਮੀ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੱਤ ਜਵਾਨਾਂ ਨੂੰ ਮ੍ਰਿਤਕ ਐਲਾਨਿਆ ਜਾ ਚੁੱਕਾ ਹੈ ਅਤੇ 19 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ 19 ਜ਼ਖ਼ਮੀ ਜਵਾਨਾਂ ਨੂੰ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ 'ਚ ਚੰਡੀਮੰਦਰ ਦੇ ਆਰਮੀ ਹਸਪਤਾਲ ਭੇਜ ਦਿੱਤਾ ਗਿਆ ਹੈ। -ਪੀਟੀਆਈ

ਕੋਵਿੰਦ, ਨਾਇਡੂ, ਮੋਦੀ ਤੇ ਹੋਰਾਂ ਨੇ ਦੁੱਖ ਪ੍ਰਗਟਾਇਆ

ਨਵੀਂ ਦਿੱਲੀ: ਲੱਦਾਖ ਹਾਦਸੇ 'ਚ ਸੱਤ ਫੌਜੀਆਂ ਦੀ ਮੌਤ ਹੋਣ ਦੀ ਘਟਨਾ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਹੋਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਪ ਰਾਸ਼ਟਰਪਤੀ ਦਫ਼ਤਰ ਨੇ ਐੱਮ ਵੈਂਕਈਆ ਨਾਇਡੂ ਦੇ ਹਵਾਲੇ ਨਾਲ ਟਵੀਟ ਕੀਤਾ, 'ਲੱਦਾਖ ਸੜਕ ਹਾਦਸੇ 'ਚ ਸਾਡੇ ਬਹਾਦਰ ਜਵਾਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਪੀੜਤ ਪਰਿਵਾਰਾਂ ਨਾਲ ਮੇਰੀ ਹਮਦਰਦੀ। ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ।' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, 'ਲੱਦਾਖ 'ਚ ਵਾਪਰੇ ਹਾਦਸੇ ਤੋਂ ਬਹੁਤ ਦੁਖੀ ਹਾਂ ਜਿਸ 'ਚ ਅਸੀਂ ਆਪਣੇ ਬਹਾਦਰ ਜਵਾਨ ਗੁਆ ਲਏ ਹਨ। ਦੁਖੀ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਮੈਨੂੰ ਆਸ ਹੈ ਕਿ ਜ਼ਖ਼ਮੀ ਜਵਾਨ ਜਲਦੀ ਸਿਹਤਯਾਬ ਹੋ ਜਾਣਗੇ। ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।' ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨਾਲ ਗੱਲ ਕਰਦਿਆਂ ਹਾਦਸੇ ਬਾਰੇ ਜਾਣਕਾਰੀ ਹਾਸਲ ਕੀਤੀ। ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਜਵਾਨਾਂ ਵੱਲੋਂ ਦੇਸ਼ ਦੀ ਕੀਤੀ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸੇ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਲੱਦਾਖ ਸੜਕ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। -ਪੀਟੀਆਈ



Most Read

2024-09-20 10:05:22