Sport >> The Tribune


ਮਹਿਲਾ ਵਿਸ਼ਵ ਕੱਪ: ਭਾਰਤ ਨੇ ਵਿੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ


Link [2022-03-13 07:13:42]



ਹੈਮਿਲਟਨ, 12 ਮਾਰਚ

ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਉਪ ਕਪਤਾਨ ਹਰਮਨਪ੍ਰੀਤ ਕੌਰ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਆਈਸੀਸੀ ਮਹਿਲਾ ਇੱਕ ਰੋਜ਼ਾ ਵਿਸ਼ਵ ਕ੍ਰਿਕਟ ਕੱਪ ਵਿੱਚ ਅੱਜ ਵੈਸਟ ਇੰਡੀਜ਼ ਨੂੰ 155 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਜਿੱਤ ਦੀ ਲੀਹ 'ਤੇ ਪਰਤ ਆਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ 'ਤੇ 317 ਦੌੜਾਂ ਬਣਾਈਆਂ, ਜੋ ਟੂਰਨਾਮੈਂਟ ਦੇ ਇਤਿਹਾਸ ਵਿੱਚ ਉਸ ਦਾ ਸਰਵੋਤਮ ਸਕੋਰ ਹੈ। ਮੰਧਾਨਾ ਨੇ ਆਪਣਾ ਪੰਜਵਾਂ ਸੈਂਕੜਾ ਜੜਦਿਆਂ 123 ਗੇਂਦਾਂ ਵਿੱਚ 119 ਦੌੜਾਂ (13 ਚੌਕੇ ਤੇ ਦੋ ਛੱਕੇ) ਅਤੇ ਹਰਮਨਪ੍ਰੀਤ ਨੇ 107 ਗੇਂਦਾਂ ਵਿੱਚ 109 ਦੌੜਾਂ (ਦਸ ਚੌਕੇ ਤੇ ਦੋ ਛੱਕੇ) ਬਣਾਈਆਂ। ਇਹ ਹਰਮਨਪ੍ਰੀਤ ਦਾ ਚੌਥਾ ਸੈਂਕੜਾ ਹੈ ਅਤੇ ਵਿਸ਼ਵ ਕੱਪ-2017 ਵਿੱਚ ਆਸਟਟਰੇਲੀਆ ਖ਼ਿਲਾਫ਼ ਨਾਬਾਦ 171 ਦੌੜਾਂ ਬਣਾਉਣ ਮਗਰੋਂ ਪਹਿਲਾ ਸੈਂਕੜਾ ਹੈ। ਦੋਵਾਂ ਬੱਲੇਬਾਜ਼ਾਂ ਨੇ ਚੌਥੀ ਵਿਕਟ ਲਈ 184 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ 200 ਦੌੜਾਂ ਤੋਂ ਪਾਰ ਪਹੁੰਚਾਇਆ। ਭਾਰਤ ਲਈ ਮਹਿਲਾ ਵਿਸ਼ਵ ਕੱਪ ਵਿੱਚ ਕਿਸੇ ਵੀ ਵਿਕਟ ਲਈ ਇਹ ਸਭ ਤੋਂ ਵੱਡੀ ਸਾਂਝੇਦਾਰੀ ਹੈ। ਵੈਸਟ ਇੰਡੀਜ਼ ਲਈ ਅਨੀਸਾ ਮੁਹੰਮਦ ਨੇ 59 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਹੈਲੀ ਮੈਥਿਊਜ਼, ਸ਼ਕੀਰਾ ਸਲਮਾਨ, ਡੀਐਂਡਰਾ ਡੌਟਿਨ ਅਤੇ ਆਲੀਆ ਅਲੈਨੇ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤ ਵੱਲੋਂ ਯਸਤਿਕਾ ਭਾਟੀਆ ਨੇ 31 ਦੌੜਾਂ ਬਣਾਈਆਂ। ਉਸ ਦੇ ਆਊਟ ਹੋਣ ਮਗਰੋਂ ਕਪਤਾਨ ਮਿਤਾਲੀ ਰਾਜ (5) ਅਤੇ ਦੀਪਤੀ ਸ਼ਰਮਾ (15) ਵੀ ਜਲਦੀ ਆਊਟ ਹੋ ਗਈਆਂ। ਫਿਰ ਮੰਧਾਨਾ ਅਤੇ ਹਰਮਨਪ੍ਰੀਤ ਨੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਵੈਸਟ ਇੰਡੀਜ਼ ਦੀ ਸਲਾਮੀ ਬੱਲੇਬਾਜ਼ ਡੀ. ਡੌਟਿਨ ਨੇ 62 ਅਤੇ ਹੈਲੀ ਮੈਥਿਊਜ਼ ਨੇ 43 ਦੌੜਾਂ ਬਣਾਈਆਂ। ਸਨੇਹਾ ਰਾਣਾ ਨੇ ਤਿੰਨ ਅਤੇ ਮੇਘਨਾ ਸਿੰਘ ਨੇ ਦੋ, ਜਦੋਂਕਿ ਝੂਲਨ ਗੋਸਵਾਮੀ, ਰਾਜੇਸ਼ਵਰੀ ਗਾਇਕਵਾੜ ਅਤੇ ਪੂਜਾ ਵਸਤਰਾਕਰ ਨੂੰ ਇੱਕ-ਇੱਕ ਵਿਕਟ ਮਿਲੀ। -ਪੀਟੀਆਈ

ਦਿਨ-ਰਾਤ ਦਾ ਟੈਸਟ: ਭਾਰਤ ਦੀ ਪਹਿਲੀ ਪਾਰੀ 252 ਦੌੜਾਂ 'ਤੇ ਸਿਮਟੀ

ਬੰਗਲੁਰੂ: ਸ੍ਰੀਲੰਕਾ ਖਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਦੀ ਪਹਿਲੀ ਪਾਰੀ 252 ਦੌੜਾਂ 'ਤੇ ਸਿਮਟ ਗਈ ਹੈ। ਇਸ ਦੇ ਜਵਾਬ ਵਿੱਚ ਸ੍ਰੀਲੰਕਾ ਦੀਆਂ ਵੀ ਪਹਿਲੀ ਪਾਰੀ ਵਿੱਚ 86 ਦੌੜਾਂ 'ਤੇ 6 ਵਿਕਟਾਂ ਡਿੱਗ ਚੁੱਕੀਆਂ ਹਨ। ਦਿਨ-ਰਾਤ ਦੇ ਟੈਸਟ 'ਚ ਭਾਰਤੀ ਟੀਮ ਦੇ ਉਪਰਲੇ ਕ੍ਰਮ ਦੀਆਂ ਵਿਕਟਾਂ ਛੇਤੀ ਡਿੱਗਣ ਦੌਰਾਨ ਸ਼੍ਰੇਅਸ ਅਈਅਰ ਨੇ 92 ਦੌੜਾਂ ਦੀ ਪਾਰੀ ਖੇਡੀ। ਰਿਸ਼ਭ ਪੰਤ ਨੇ 39, ਹਨੂਮਾ ਵਿਹਾਰੀ ਨੇ 31 ਤੇ ਵਿਰਾਟ ਕੋਹਲੀ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਰੋਹਿਤ ਸ਼ਰਮਾ ਨੇ 15 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਲਸਿਤ ਐਮਬੁਲਡੈਨੀਆ ਤੇ ਪ੍ਰਵੀਨ ਜਯਾਵਿਕਰਮਾ ਨੇ 3-3, ਧਨੰਜੈ ਡੀਸਿਲਵਾ ਨੇ 2 ਤੇ ਸੁਰੰਗਾ ਲਕਮਲ ਨੇ ਇਕ ਵਿਕਟ ਲਈ। ਇੱਕ ਸਮੇਂ ਭਾਰਤ 126/5 ਦੇ ਸਕੋਰ ਨਾਲ ਮੁਸ਼ਕਲ ਹਾਲਾਤ ਵਿੱਚ ਸੀ, ਪਰ ਪੰਤ ਨੇ 26 ਗੇਂਦਾਂ 'ਤੇ 39 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡ ਕੇ ਟੀਮ ਨੂੰ ਸੰਕਟ 'ਚੋਂ ਕੱਢਿਆ। ਦੂਜੇ ਪਾਸੇ ਦਿਨ ਦੀ ਖੇਡ ਖਤਮ ਹੋਣ ਤੱਕ ਸ੍ਰੀਲੰਕਾ ਦੀ ਟੀਮ 86 ਦੌੜਾਂ 'ਤੇ 6 ਵਿਕਟਾਂ ਗੁਆ ਚੁੱਕੀ ਹੈ। ਮੈਚ ਦੌਰਾਨ ਅੱਜ ਪਹਿਲੇ ਦਿਨ 16 ਵਿਕਟਾਂ ਡਿੱਗੀਆਂ, ਜੋ ਕਿ ਦਿਨ ਰਾਤ ਦੇ ਟੈਸਟ ਵਿੱਚ ਇੱਕੋ ਦਿਨ ਸਭ ਤੋਂ ਵੱਧ ਵਿਕਟਾਂ ਡਿੱਗਣ ਦਾ ਨਵਾਂ ਰਿਕਾਰਡ ਹੈ। ਖੇਡ ਖਤਮ ਹੋਣ ਸਮੇਂ ਨਿਰੋਸ਼ਨ ਡਿਕਵੇਲਾ 13 ਬਣਾ ਕੇ ਨਾਬਾਦ ਸਨ। -ਪੀਟੀਆਈ



Most Read

2024-09-20 09:38:59