Breaking News >> News >> The Tribune


ਦਿੱਲੀ-ਐੱਨਸੀਆਰ ’ਚ 15 ਦਿਨ ਅੰਦਰ ਕਰੋਨਾ ਦੀ ਦਰ 500 ਫੀਸਦ ਵਧੀ


Link [2022-04-18 08:34:05]



ਨਵੀਂ ਦਿੱਲੀ, 17 ਅਪਰੈਲ

ਇੱਕ ਸਰਵੇਖਣ 'ਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ-ਐੱਨਸੀਆਰ 'ਚ ਪਿਛਲੇ 15 ਦਿਨਾਂ ਅੰਦਰ ਕਰੋਨਾ ਦੀ ਲਾਗ ਦਰ 500 ਫੀਸਦ ਵੱਧ ਗਈ ਹੈ। ਦੂਜੇ ਪਾਸੇ ਡਾਕਟਰਾਂ ਨੇ ਕਰੋਨਾ ਦੀ ਰੋਕਥਾਮ ਲਈ ਮਾਸਕ ਪਹਿਨਣਾ ਲਾਜ਼ਮੀ ਕੀਤੇ ਜਾਣ ਦੀ ਸਲਾਹ ਦਿੱਤੀ ਹੈ।

ਸਰਵੇਖਣ ਕਰਨ ਵਾਲੀ ਕੰਪਨੀ ਅਨੁਸਾਰ ਦਿੱਲੀ-ਐੱਨਸੀਆਰ ਦੇ 19 ਫੀਸਦ ਵਸਨੀਕਾਂ ਨੇ ਮੰਨਿਆ ਕਿ ਪਿਛਲੇ 15 ਦਿਨਾਂ ਅੰਦਰ ਉਨ੍ਹਾਂ ਦੇ ਨਜ਼ਦੀਕੀ ਲੋਕਾਂ 'ਚੋਂ ਇੱਕ ਜਾਂ ਜ਼ਿਆਦਾ ਨੂੰ ਕਰੋਨਾ ਹੋਇਆ ਹੈ। ਸਰਵੇਖਣ ਕਰਨ ਵਾਲੀ ਫਰਮ 'ਲੋਕਲ ਸਰਕਲਜ਼' ਅਨੁਸਾਰ ਦਿੱਲੀ ਐੱਨਸੀਆਰ 'ਚ ਕਰੋਨਾ ਦੇ ਕੇਸਾਂ ਦੀ ਦਰ 500 ਫੀਸਦ ਹੋ ਗਈ ਹੈ। ਫਰਮ ਨੇ ਕਿਹਾ ਕਿ ਉਨ੍ਹਾਂ ਇਸ ਸਰੇਵਖਣ 'ਚ ਦਿੱਲੀ ਤੇ ਐੱਨਸੀਆਰ ਦੇ ਸਾਰੇ ਜ਼ਿਲ੍ਹਿਆਂ ਦੇ 11,743 ਵਸਨੀਕਾਂ ਨੇ ਆਪਣੀ ਰਾਏ ਦਿੱਤੀ ਹੈ। ਇਸ 'ਚ ਲੋਕਾਂ ਤੋਂ ਪੁੱਛਿਆ ਗਿਆ, 'ਤੁਹਾਡੇ ਕਰੀਬੀ ਸੋਸ਼ਲ ਨੈਟਵਰਕ (ਪਰਿਵਾਰ, ਦੋਸਤ, ਗੁਆਂਢੀ, ਸਾਥੀ ਮੁਲਾਜ਼ਮ) 'ਚ ਬੱਚਿਆਂ ਸਮੇਤ ਕਿੰਨੇ ਲੋਕ ਹਨ ਜਿਨ੍ਹਾਂ ਨੂੰ ਪਿਛਲੇ 15 ਦਿਨਾਂ ਅੰਦਰ ਕਰੋਨਾ ਹੋਇਆ ਹੈ?' ਜਵਾਬ ਦੇਣ ਵਾਲਿਆਂ 'ਚੋਂ ਕਰੀਬ 70 ਫੀਸਦ ਨੇ ਕਿਹਾ, 'ਪਿਛਲੇ 15 ਦਿਨਾਂ 'ਚ ਕੋਈ ਵੀ ਨਹੀਂ, 11 ਫੀਸਦ ਨੇ ਕਿਹਾ ਕਿ ਇੱਕ ਜਾ ਦੋ, ਅੱਠ ਫੀਸਦ ਨੇ ਕਿਹਾ ਕਿ ਤਿੰਨ ਤੋਂ ਪੰਜ। ਉੱਥੇ ਹੀ 11 ਫੀਸਦ ਨੇ ਕਿਹਾ ਕਿ ਕਹਿ ਨਹੀਂ ਸਕਦੇ।' ਦੋ ਅਪਰੈਲ ਨੂੰ ਵੀ ਕੰਪਨੀ ਨੇ ਇਹੀ ਸਵਾਲ ਪੁੱਛੇ ਸਨ ਤੇ ਪਤਾ ਲੱਗਾ ਸੀ ਕਿ ਸਿਰਫ਼ ਤਿੰਨ ਫੀਸਦ ਲੋਕਾਂ ਦੇ ਨੇੜਲੇ ਜਾਣਕਾਰਾਂ 'ਚੋਂ ਕਿਸੇ ਨਾ ਕਿਸੇ ਨੂੰ 15 ਦਿਨ ਅੰਦਰ ਕਰੋਨਾ ਹੋਣ ਦੀ ਗੱਲ ਕਹੀ ਸੀ। ਇਸੇ ਦੌਰਾਨ ਦਿੱਲੀ 'ਚ ਕੋਵਿਡ-19 ਲਾਗ ਦੀ ਦਰ ਪੰਜ ਫੀਸਦ ਤੋਂ ਵੱਧ ਹੋਣ ਵਿਚਾਲੇ ਡਾਕਟਰਾਂ ਨੇ ਅੱਜ ਕਿਹਾ ਕਿ ਕਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ 'ਤੇ ਲੋਕਾਂ ਨੂੰ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਲਾਗ ਰੋਕਣ ਲਈ ਮਾਸਕ ਪਹਿਨਣਾ ਲਾਜ਼ਮੀ ਕੀਤੇ ਜਾਣ ਦੀ ਲੋੜ ਹੈ। ਕੌਮੀ ਰਾਜਧਾਨੀ 'ਚ ਦੋ ਹਫ਼ਤਿਆਂ ਅੰਦਰ ਲਾਗ ਦੀ ਦਰ 0.5 ਫੀਸਦ ਤੋਂ 5.33 ਫੀਸਦ ਤੱਕ ਪਹੁੰਚ ਗਈ ਹੈ। -ਪੀਟੀਆਈ

ਕਰੋਨਾ ਦੇ 1150 ਨਵੇਂ ਕੇਸ, ਚਾਰ ਮੌਤਾਂ

ਨਵੀਂ ਦਿੱਲੀ: ਭਾਰਤ 'ਚ ਇੱਕ ਦਿਨ 'ਚ ਕੋਵਿਡ-19 ਦੇ 1150 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ 'ਚ ਹੁਣ ਤੱਕ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 4,30,42,097 ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 11,558 ਹੋ ਗਈ ਹੈ। ਇਸੇ ਤਰ੍ਹਾਂ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾ ਕਾਰਨ ਚਾਰ ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਇਸ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ 5,21,751 ਹੋ ਗਈ ਹੈ। -ਪੀਟੀਆਈ

ਸਰਕਾਰ ਦੀ ਲਾਪ੍ਰਵਾਹੀ ਕਾਰਨ ਕਰੋਨਾ ਕਾਲ 'ਚ 40 ਲੱਖ ਮੌਤਾਂ ਹੋਈਆਂ: ਰਾਹੁਲ

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਸਰਕਾਰ ਦੀ ਲਾਪ੍ਰਵਾਹੀ ਕਾਰਨ ਕਰੋਨਾ ਮਹਾਮਾਰੀ ਦੌਰਾਨ 40 ਲੱਖ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨਾਲ ਹੀ ਸਾਰੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਵੀ ਮੁੜ ਉਠਾਈ।ਰਾਹੁਲ ਨੇ ਟਵਿੱਟਰ 'ਤੇ 'ਨਿਊਯਾਰਕ ਟਾਈਮਜ਼' ਦੀ ਇੱਕ ਰਿਪੋਰਟ ਵੀ ਸਾਂਝੀ ਕੀਤੀ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੁਨੀਆ ਭਰ 'ਚ ਕੋਵਿਡ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਜਨਤਕ ਕਰਨ ਦੀਆਂ ਵਿਸ਼ਵ ਸਿਹਤ ਸੰਗਠਨ ਦੀਆਂ ਕੋਸ਼ਿਸ਼ਾਂ 'ਚ ਅੜਿੱਕਾ ਪਾ ਰਿਹਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਟਵੀਟ ਕੀਤਾ, 'ਮੋਦੀ ਜੀ ਨਾ ਸੱਚ ਬੋਲਦੇ ਹਨ, ਨਾ ਬੋਲਣ ਦਿੰਦੇ ਹਨ। ਉਹ ਤਾਂ ਹੁਣ ਵੀ ਝੂਠ ਬੋਲਦੇ ਹਨ ਕਿ ਆਕਸੀਜਨ ਦੀ ਘਾਟ ਨਾਲ ਕੋਈ ਮੌਤ ਨਹੀਂ ਹੋਈ।' ਰਾਹੁਲ ਨੇ ਕਿਹਾ, 'ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਵਿਡ ਦੌਰਾਨ ਸਰਕਾਰ ਦੀ ਲਾਪ੍ਰਵਾਹੀ ਕਾਰਨ ਪੰਜ ਲੱਖ ਨਹੀਂ ਬਲਕਿ 40 ਲੱਖ ਭਾਰਤੀਆਂ ਦੀ ਮੌਤ ਹੋਈ ਹੈ।' ਉਨ੍ਹਾਂ ਕਿਹਾ, 'ਫਰਜ਼ ਨਿਭਾਓ ਮੋਦੀ ਜੀ, ਹਰ ਪੀੜਤ ਪਰਿਵਾਰ ਨੂੰ 4 ਲੱਖ ਰੁਪੲੇ ਦਾ ਮੁਆਵਜ਼ਾ ਦਿਉ।' -ਪੀਟੀਆਈ



Most Read

2024-09-21 00:34:11