Breaking News >> News >> The Tribune


ਲਖੀਮਪੁਰ ਕੇਸ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖਿਲਾਫ਼ ਸੁਣਵਾਈ 15 ਨੂੰ


Link [2022-03-12 16:20:49]



ਨਵੀਂ ਦਿੱਲੀ, 11 ਮਾਰਚ

ਸੁਪਰੀਮ ਕੋਰਟ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਅਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ 'ਤੇ 15 ਮਾਰਚ ਨੂੰ ਸੁਣਵਾਈ ਕਰੇਗੀ। ਇਸ ਦੌਰਾਨ ਪਟੀਸ਼ਨਰਾਂ ਵੱਲੋਂ ਪੇਸ਼ ਪ੍ਰਸ਼ਾਂਤ ਭੂਸ਼ਣ ਨੇ ਕੋਰਟ ਨੂੰ ਦੱਸਿਆ ਕਿ ਕੇਸ ਦੇ ਮੁੱਖ ਗਵਾਹ 'ਤੇ ਵੀਰਵਾਰ ਰਾਤ ਨੂੰ ਹਮਲਾ ਕੀਤਾ ਗਿਆ ਹੈ। ਲਖੀਮਪੁਰ ਹਿੰਸਾ ਵਿੱਚ ਚਾਰ ਕਿਸਾਨਾਂ ਸਣੇ ਅੱਠ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਬੈਂਚ, ਜਿਸ ਵਿੱਚ ਜਸਟਿਸ ਏ.ਐੱਸ. ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਵੀ ਸ਼ਾਮਲ ਸਨ, ਨੂੰ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਦੱਸਿਆ ਕਿ ਪਟੀਸ਼ਨ ਅੱਜ 11 ਮਾਰਚ ਲਈ ਸੂਚੀਬੱਧ ਸੀ, ਪਰ ਅੱਜ ਸੁਣਵਾਈ ਲਈ ਪਟੀਸ਼ਨਾਂ ਦੀ ਸੂਚੀ ਵਿੱਚ ਇਹ ਸ਼ਾਮਲ ਨਹੀਂ ਹੈ। ਬੈਂਚ ਨੇ ਕਿਹਾ, ''ਕੋਈ ਗ਼ਲਤੀ ਹੋਈ ਹੈ। ਉਹ (ਰਜਿਸਟਰੀ ਅਧਿਕਾਰੀ) ਮੰਗਲਵਾਰ ਨੂੰ ਸੂਚੀਬੱਧ ਕਰਨਗੇ। ਅਸੀਂ ਅਗਲੇ ਮੰਗਲਵਾਰ ਨੂੰ ਇਸ 'ਤੇ ਸੁਣਵਾਈ ਕਰਾਂਗੇ।'' ਭੂਸ਼ਣ ਨੇ 4 ਮਾਰਚ ਨੂੰ ਪਟੀਸ਼ਨ 'ਤੇ ਜ਼ਰੂਰੀ ਸੁਣਵਾਈ ਦੀ ਮੰਗ ਕੀਤੀ ਸੀ, ਜਿਸ ਮਗਰੋਂ ਇਸ ਨੂੰ ਅੱਜ (11 ਮਾਰਚ) ਲਈ ਸੂਚੀਬੱਧ ਕੀਤਾ ਗਿਆ ਸੀ। ਭੂਸ਼ਣ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਸੀ ਕਿ ਕੇਸ ਨਾਲ ਜੁੜੇ ਹੋਰ ਮੁਲਜ਼ਮਾਂ ਵੱਲੋਂ ਆਸ਼ੀਸ਼ ਮਿਸ਼ਰ ਨੂੰ ਮਿਲੀ ਰਾਹਤ ਦੇ ਹਵਾਲੇ ਨਾਲ ਜ਼ਮਾਨਤ ਲੈੈਣ ਲਈ ਵੱਖ ਵੱਖ ਅਦਾਲਤਾਂ ਦਾ ਰੁਖ਼ ਕੀਤਾ ਜਾ ਰਿਹੈ। ਬੈਂਚ ਨੇ ਉਦੋਂ ਭੂਸ਼ਣ ਨੂੰ ਕਿਹਾ ਸੀ ਕਿ ਉਹ ਹਾਈ ਕੋਰਟ ਨੂੰ ਸੂਚਿਤ ਕਰ ਦੇਣ ਕਿ ਮਿਸ਼ਰਾ ਦੀ ਜ਼ਮਾਨਤ ਰੱਦ ਕਰਵਾਉਣ ਨਾਲ ਸਬੰਧਤ ਪਟੀਸ਼ਨ ਸੁਪਰੀਮ ਕੋਰਟ ਦੇ ਵਿਚਾਰਧੀਨ ਹੈ। -ਪੀਟੀਆਈ



Most Read

2024-09-22 02:02:21