Breaking News >> News >> The Tribune


ਪੂਰਬੀ ਲੱਦਾਖ ਦਾ ਵਿਵਾਦ: ਭਾਰਤ ਅਤੇ ਚੀਨ ਵਿਚਾਲੇ 15ਵੇਂ ਗੇੜ ਦੀ ਗੱਲਬਾਤ ਸ਼ੁੱਕਰਵਾਰ ਨੂੰ


Link [2022-03-09 07:34:37]



ਨਵੀਂ ਦਿੱਲੀ: ਪੂਰਬੀ ਲੱਦਾਖ ਵਿਚ ਤਣਾਅ ਵਾਲੇ ਬਾਕੀ ਖੇਤਰਾਂ ਸਬੰਧੀ ਮਾਮਲਿਆਂ ਦੇ ਨਿਪਟਾਰੇ ਲਈ ਭਾਰਤ ਤੇ ਚੀਨ ਵਿਚਾਲੇ ਉੱਚ ਪੱਧਰੀ ਫ਼ੌਜੀ ਗੱਲਬਾਤ ਦਾ 15ਵਾਂ ਗੇੜ ਸ਼ੁੱਕਰਵਾਰ ਨੂੰ ਹੋਵੇਗਾ। ਇਹ ਜਾਣਕਾਰੀ ਅੱਜ ਰੱਖਿਆ ਮੰਤਰਾਲੇ ਨਾਲ ਸਬੰਧਤ ਸੂਤਰਾਂ ਨੇ ਦਿੱਤੀ। ਹੁਣ ਤੱਕ ਦੀ ਗੱਲਬਾਤ ਦੇ ਨਤੀਜੇ ਵਜੋਂ ਪੈਂਗੌਂਗ ਝੀਲ ਦੇ ਉੱਤਰੀ ਤੇ ਦੱਖਣੀ ਕਿਨਾਰੇ, ਗਲਵਾਨ ਅਤੇ ਗੋਗਰਾ ਹੌਟ ਸਪਰਿੰਗ ਖੇਤਰਾਂ ਦੇ ਮੁੱਦਿਆਂ ਦਾ ਹੱਲ ਹੋਇਆ ਹੈ। ਹਾਲਾਂਕਿ, ਇਸ ਸਾਲ 12 ਜਨਵਰੀ ਨੂੰ ਹੋਈ ਗੱਲਬਾਤ ਦੇ 14ਵੇਂ ਗੇੜ ਵਿਚ ਕੋਈ ਨਵੀਂ ਸਫਲਤਾ ਨਹੀਂ ਮਿਲੀ ਸੀ। ਸੂਤਰਾਂ ਅਨੁਸਾਰ, ਬਾਕੀ ਖੇਤਰਾਂ ਵਿਚ 22 ਮਹੀਨਿਆਂ ਤੋਂ ਜਾਰੀ ਤਣਾਅ ਖ਼ਤਮ ਕਰਨ ਲਈ ਦੋਵੇਂ ਧਿਰਾਂ ਸ਼ੁੱਕਰਵਾਰ ਨੂੰ ਲੱਦਾਖ ਵਿਚ ਚੁਸ਼ੂਲ ਮੋਲਡੋ ਵਿਚ ਅਗਲੇ ਗੇੜ ਦੀ ਮੀਟਿੰਗ ਕਰਨਗੀਆਂ। ਉਨ੍ਹਾਂ ਜ਼ਿਕਰ ਕੀਤਾ ਕਿ ਆਪਸੀ ਸਹਿਮਤੀ ਨਾਲ ਹੱਲ ਲੱਭਣ ਲਈ ਦੋਹਾਂ ਧਿਰਾਂ ਦੇ ਹਾਲੀਆ ਬਿਆਨ ਉਤਸ਼ਾਹਿਤ ਕਰਨ ਵਾਲੇ ਅਤੇ ਸਕਾਰਾਤਮਕ ਹਨ। ਭਾਰਤ, ਚੀਨ ਨਾਲ ਪੂਰਬੀ ਲੱਦਾਖ ਵਿਚ ਤਣਾਅ ਵਾਲੇ ਬਾਕੀ ਪੁਆਇੰਟਾਂ ਜਿਵੇਂ ਕਿ ਪੈਟਰੋਲਿੰਗ ਪੁਆਇੰਟ-15 (ਹੌਟ ਸਪਰਿੰਗਸ), ਦੇਪਸਾਂਗ ਬੁਲਗੇ ਅਤੇ ਡੈਮਚੋਕ ਵਿਚ ਤਣਾਅ ਘੱਟ ਕਰਨ ਬਾਰੇ ਗੱਲ ਕਰ ਰਿਹਾ ਹੈ। ਪੈਂਗੌਂਗ ਝੀਲ ਦੇ ਖੇਤਰ ਵਿਚ ਹਿੰਸਕ ਝੜਪ ਤੋਂ ਬਾਅਦ 5 ਮਈ 2020 ਨੂੰ ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਪੂਰਬੀ ਲੱਦਾਖ ਵਿਚ ਸਰਹੱਦ ਨੂੰ ਲੈ ਕੇ ਤਣਾਅ ਸ਼ੁਰੂ ਹੋਇਆ ਸੀ। ਦੋਹਾਂ ਧਿਰਾਂ ਨੇ ਹੌਲੇ-ਹੌਲੇ ਹਜ਼ਾਰਾਂ ਸੈਨਿਕਾਂ ਦੇ ਨਾਲ-ਨਾਲ ਭਾਰੀ ਫ਼ੌਜੀ ਸਾਜੋ-ਸਾਮਾਨ ਦੀ ਉੱਥੇ ਤਾਇਨਾਤੀ ਕਰ ਦਿੱਤੀ ਸੀ। -ਪੀਟੀਆਈ



Most Read

2024-09-22 12:29:30