World >> The Tribune


ਅਮਰੀਕਾ ’ਚ ਭਾਰਤੀ ਮੂਲ ਦੇ ਦੋਸ਼ੀ ਨੂੰ 15 ਮਹੀਨੇ ਦੀ ਜੇਲ੍ਹ


Link [2022-02-01 08:53:57]



ਨਿਊ ਯਾਰਕ, 31 ਜਨਵਰੀ

ਨਿਆਂ ਵਿਭਾਗ ਅਨੁਸਾਰ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਨੂੰ ਅਦਾਲਤ ਨੇ 15 ਮਹੀਨਿਆਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਨੇ ਸਾਲ 2019 ਵਿਚ ਜਹਾਜ਼ ਵਿਚ ਉਸ ਦੇ ਨਾਲ ਬੈਠੇ ਨਾਬਾਲਗ ਬੱਚੇ ਨਾਲ ਸਰੀਰਕ ਛੇੜਛਾੜ ਕੀਤੀ ਸੀ। ਸ਼ੁੱਕਰਵਾਰ ਨੂੰ ਅਮਰੀਕੀ ਨਿਆਂ ਵਿਭਾਗ ਦੇ ਬਿਆਨ ਅਨੁਸਾਰ ਜ਼ਿਲ੍ਹਾ ਜੱਜ ਨੈਨਸੀ ਈ ਬ੍ਰੇਸੇਲ ਨੇ ਮਿਨੀਪੋਲਿਸ ਵਾਸੀ ਦੋਸ਼ੀ ਨੀਰਜ ਚੋਪੜਾ ਨੂੰ ਬੋਸਟਨ ਤੋਂ ਮਿਨੀਪੋਲਿਸ ਦੀ ਉਡਾਣ ਦੌਰਾਨ ਹਵਾਈ ਜਹਾਜ਼ ਵਿਚ ਆਪਣੇ ਨਾਲ ਬੈਠੇ ਨਾਬਾਲਗ ਬੱਚੇ ਨਾਲ ਸਰੀਰਕ ਛੇੜਛਾੜ ਦਾ ਦੋਸ਼ ਪਾਏ ਜਾਣ 'ਤੇ ਸਜ਼ਾ ਸੁਣਾਈ ਹੈ।

ਚੋਪੜਾ ਨੂੰ ਪਿਛਲੇ ਸਾਲ ਤਿੰਨ ਦਿਨ ਚੱਲੀ ਸੁਣਵਾਈ ਮਗਰੋਂ ਜੁਲਾਈ ਵਿਚ ਇਸ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਚੋਪੜਾ ਨੇ ਜਾਣਬੁੱਝ ਕੇ 16 ਸਾਲਾ ਪੀੜਤ ਨਾਲ ਸਰੀਰਕ ਛੇੜਛਾੜ ਕੀਤੀ ਸੀ। ਉਹ ਅਪਰੈਲ 2019 ਵਿੱਚ ਬੋਸਟਨ ਤੋਂ ਮਿਨੀਪੋਲਿਸ ਲਈ ਜੈੱਟ ਬਲੂ ਦੀ ਉਡਾਣ ਵਿੱਚ ਉਸ ਦੇ ਨਾਲ ਬੈਠਾ ਸੀ। ਇਸ ਦੌਰਾਨ ਚੋਪੜਾ ਨੇ ਆਪਣੇ ਉੱਪਰ ਕੰਬਲ ਲੈ ਲਿਆ ਤੇ ਕੰਬਲ ਦੇ ਇੱਕ ਹਿੱਸੇ ਨਾਲ ਪੀੜਤ ਦੀ ਸੱਜੀ ਲੱਤ ਨੂੰ ਵੀ ਢਕ ਲਿਆ ਸੀ। ਚੋਪੜਾ ਨੇ ਕੰਬਲ ਹੇਠੋਂ ਪੀੜਤ ਨੂੰ ਛੂਹਣਾ ਸ਼ੁਰੂ ਕਰ ਦਿੱਤਾ। ਉਸ ਨੇ ਪੀੜਤ ਵੱਲੋਂ ਅਜਿਹਾ ਕਰਨ ਦੀਆਂ ਬੇਨਤੀਆਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਸੀ। -ਪੀਟੀਆਈ



Most Read

2024-09-21 15:55:31