Breaking News >> News >> The Tribune


ਗੁਜਰਾਤ: ਕਾਂਡਲਾ ਬੰਦਰਗਾਹ ਨੇੜੇ 1439 ਕਰੋੜ ਦੀ ਹੈਰੋਇਨ ਬਰਾਮਦ


Link [2022-04-26 09:59:58]



ਅਹਿਮਦਾਬਾਦ, 25 ਅਪਰੈਲ

ਗੁਜਰਾਤ ਦੇ ਕਾਂਡਲਾ ਬੰਦਰਗਾਹ ਨੇੜੇ ਡਾਇਰੈਕਟੋਰੇਟ ਰੈਵੇਨਿਊ ਇੰਟੈਲੀਜੈਂਸ ਨੇ ਇਕ ਕੰਟੇਨਰ ਵਿੱਚ ਛੁਪਾ ਕੇ ਰੱਖੀ 205.6 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 1439 ਕਰੋੜ ਰੁਪਏ ਬਣਦੀ ਹੈ। ਡਾਇਰੈਕਟੋਰੇਟ ਨੇ ਅੱਜ ਦੱਸਿਆ ਕਿ ਵਿਆਪਕ ਤਲਾਸ਼ੀ ਮੁਹਿੰਮ ਤੋਂ ਬਾਅਦ ਇਹ ਖੇਪ ਮੰਗਵਾਉਣ ਵਾਲੇ ਵਿਅਕਤੀ ਨੂੰ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਕ ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਪਿਛਲੇ ਸਾਲ ਸਤੰਬਰ ਅਤੇ ਅਕਤੂਬਰ ਮਹੀਨੇ ਵਿਚਾਲੇ ਇਰਾਨ ਤੋਂ ਇੱਥੇ ਆਏ 17 ਕੰਟੇਨਰਾਂ 'ਚੋਂ ਇਕ ਵਿੱਚ ਹੈਰੋਇਨ ਦੀ ਇਹ ਖੇਪ ਬਰਾਮਦ ਕੀਤੀ ਗਈ। ਇਸ ਤੋਂ ਪਹਿਲਾਂ 21 ਅਪਰੈਲ ਨੂੰ ਗੁਜਰਾਤ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਐਲਾਨ ਕੀਤਾ ਸੀ ਕਿ ਦਸਤੇ ਨੇ ਡੀਆਰਆਈ ਨਾਲ ਮਿਲ ਕੇ ਚਲਾਈ ਇਕ ਸਾਂਝੀ ਮੁਹਿੰਮ ਵਿੱਚ ਕੱਛ ਜ਼ਿਲ੍ਹੇ ਦੇ ਕਾਂਡਲਾ ਬੰਦਰਗਾਹ 'ਤੇ ਇਕ ਕੰਟੇਨਰ 'ਤੇ ਛਾਪਾ ਮਾਰ ਕੇ 200 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ, ਜਿਸ ਦੀ ਕੀਮਤ 1300 ਕਰੋੜ ਰੁਪਏ ਬਣਦੀ ਹੈ। ਡੀਆਰਆਈ ਨੇ ਅੱਜ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਡੀਆਰਆਈ ਨੇ ਗੁਜਰਾਤ ਏਟੀਐੱਸ ਨਾਲ ਮਿਲ ਕੇ ਖੇਪ ਦੀ ਜਾਂਚ ਕੀਤੀ ਜਿਸ ਨੂੰ ਉੱਤਰਾਖੰਡ ਦੀ ਇਕ ਕੰਪਨੀ ਨੇ ਕਾਂਡਲਾ ਬੰਦਰਗਾਹ 'ਤੇ ਮੰਗਵਾਇਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਰਾਨ ਦੇ ਬੰਦਾਰ ਅੱਬਾਸ ਬੰਦਰਗਾਹ ਤੋਂ ਇਹ ਖੇਪ ਕਾਂਡਲਾ ਬੰਦਰਗਾਹ ਪਹੁੰਚੀ ਸੀ। ਇਸ ਖੇਪ ਵਿੱਚ 17 ਕੰਟੇਨਰ ਮੰਗਵਾਏ ਗਏ ਸਨ ਜਿਨ੍ਹਾਂ ਵਿੱਚ 10,318 ਥੈਲੇ ਸਨ ਜਿਨ੍ਹਾਂ ਦਾ ਕੁੱਲ ਵਜ਼ਨ 349 ਟਨ ਸੀ ਅਤੇ ਕਿਹਾ ਗਿਆ ਸੀ ਕਿ ਇਸ ਵਿੱਚ 'ਜਿਪਸਮ ਪਾਊਡਰ' ਹੈ। ਡੀਆਰਆਈ ਨੇ ਦੱਸਿਆ, ''ਹੁਣ ਤੱਕ 205.6 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ 1439 ਕਰੋੜ ਰੁਪਏ ਬਣਦੀ ਹੈ। ਇਹ ਖੇਪ ਮੰਗਵਾਉਣ ਵਾਲੇ ਵਿਅਕਤੀ ਨੂੰ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ 'ਚੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ।

ਡੀਆਰਆਈ ਨੇ ਐਤਵਾਰ ਨੂੰ ਅੰਮ੍ਰਿਤਸਰ ਦੀ ਇਕ ਵਿਸ਼ੇਸ਼ ਅਦਾਲਤ 'ਚ ਉਸ ਨੂੰ ਪੇਸ਼ ਕਰ ਕੇ ਉਸ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ। ਇਸ ਸਬੰਧੀ ਗੁਜਰਾਤ ਦੇ ਡੀਜੀਪੀ ਆਸ਼ੀਸ਼ ਭਾਟੀਆ ਨੇ ਕਿਹਾ ਕਿ 17 ਕੰਟੇਨਰ ਪਿਛਲੇ ਸਾਲ ਸਤੰਬਰ ਤੇ ਅਕਤੂਬਰ ਵਿਚਾਲੇ ਇਰਾਨ ਤੋਂ ਕਾਂਡਲਾ ਬੰਦਰਗਾਹ ਪਹੁੰਚੇ ਸਨ ਅਤੇ ਉਦੋਂ ਤੋਂ ਹੀ ਜਾਂਚ ਦੇ ਦਾਇਰੇ ਵਿੱਚ ਸਨ। ਹਾਲਾਂਕਿ, ਉਦੋਂ ਵੀ ਕੰਟੇਨਰਾਂ ਦੀ ਤਲਾਸ਼ੀ ਲਈ ਗਈ ਸੀ ਪਰ ਉਦੋਂ ਅਧਿਕਾਰੀਆਂ ਨੂੰ ਕੁਝ ਸ਼ੱਕੀ ਨਹੀਂ ਸੀ ਮਿਲਿਆ। ਬਾਅਦ ਵਿੱਚ ਏਟੀਐੱਸ ਨੂੰ ਜਾਣਕਾਰੀ ਮਿਲੀ ਕਿ ਕੰਟੇਨਰ 'ਚ ਪਾਬੰਦੀਸ਼ੁਦਾ ਸਮੱਗਰੀ ਪਈ ਹੈ। ਉਪਰੰਤ ਡੀਆਰਆਈ ਨੇ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ 205.6 ਕਿੱਲੋ ਹੈਰੋਇਨ ਬਰਾਮਦ ਕੀਤੀ। -ਪੀਟੀਆਈ

ਗੁਜਰਾਤ ਤੱਟ ਨੇੜੇ ਪਾਕਿਸਤਾਨੀ ਕਿਸ਼ਤੀ 'ਚ ਸਵਾਰ ਨੌਂ ਵਿਅਕਤੀਆਂ ਕੋਲੋਂ 280 ਕਰੋੜ ਦੀ ਹੈਰੋਇਨ ਮਿਲੀ

ਅਹਿਮਦਾਬਾਦ: ਭਾਰਤੀ ਤੱਟ ਰੱਖਿਅਕ ਬਲ ਅਤੇ ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਸੂਬੇ ਦੇ ਤੱਟ ਕੋਲ ਅਰਬ ਸਾਗਰ ਵਿੱਚ ਇਕ ਪਾਕਿਸਤਾਨੀ ਕਿਸ਼ਤੀ ਦੇ ਚਾਲਕ ਦਲ ਦੇ ਨੌਂ ਮੈਂਬਰਾਂ ਨੂੰ ਕਾਬੂ ਕਰ ਕੇ ਕਿਸ਼ਤੀ 'ਚੋਂ 280 ਕਰੋੜ ਰੁਪਏ ਮੁੱਲ ਦੀ 56 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦਿੱਤੀ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤੱਟ ਰੱਖਿਅਕ ਬਲ ਨੂੰ ਪਾਕਿਸਤਾਨੀ ਕਿਸ਼ਤੀ 'ਤੇ ਕੁਝ ਗੋਲੀਆਂ ਚਲਾਉਣੀਆਂ ਪਈਆਂ ਕਿਉਂਕਿ ਇੰਟਰਸੈਪਟਰ ਸਮੁੰਦਰੀ ਜਹਾਜ਼ ਵੱਲੋਂ ਚੁਣੌਤੀ ਦਿੱਤੇ ਜਾਣ ਮਗਰੋਂ ਕਿਸ਼ਤੀ ਭੱਜਣ ਦੀ ਕੋਸ਼ਿਸ ਕਰ ਰਹੀ ਸੀ। ਇਸ ਦੌਰਾਨ ਕਿਸ਼ਤੀ ਚਾਲਕ ਦਲ ਦੇ ਤਿੰਨ ਮੈਂਬਰ ਮਾਮੂਲੀ ਜ਼ਖ਼ਮੀ ਹੋ ਗਏ। ਡੀਜੀਪੀ ਆਸ਼ੀਸ਼ ਭਾਟੀਆ ਨੇ ਕਿਹਾ, ''ਹਾਲਾਂਕਿ, ਸਾਨੂੰ ਹੁਣ ਤੱਕ ਪਾਬੰਦੀਸ਼ੁਦਾ ਸਮੱਗਰੀ ਦੇ ਸਰੋਤ ਅਤੇ ਮੰਜ਼ਿਲ ਦਾ ਪਤਾ ਨਹੀਂ ਲੱਗਿਆ ਹੈ ਪਰ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਸ ਰੈਕੇਟ ਪਿੱਛੇ ਕਰਾਚੀ ਦਾ ਤਸਕਰ ਮੁਸਤਫਾ ਹੈ। ਇਹ ਨਸ਼ੀਲਾ ਪਦਾਰਥ ਉੱਤਰੀ ਰਾਜਾਂ ਵਿੱਚ ਪਹੁੰਚਾਇਆ ਜਾਣਾ ਸੀ।'' -ਪੀਟੀਆਈ



Most Read

2024-09-20 15:37:13