Breaking News >> News >> The Tribune


ਐੱਨਐੱਸਈ ਦੀ ਸਾਬਕਾ ਐੱਮਡੀ ਨੂੰ 14 ਦਿਨ ਦੀ ਜੁਡੀਸ਼ਲ ਹਿਰਾਸਤ ’ਚ ਭੇਜਿਆ


Link [2022-03-15 06:34:00]



ਨਵੀਂ ਦਿੱਲੀ, 14 ਮਾਰਚ

ਇਥੋਂ ਦੀ ਇਕ ਅਦਾਲਤ ਨੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੀ ਸਾਬਕਾ ਐੱਮਡੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚਿੱਤਰਾ ਰਾਮਕ੍ਰਿਸ਼ਨਾ ਨੂੰ ਕੋ-ਲੋਕੇਸ਼ਨ ਕੇਸ ਦੇ ਸਬੰਧ 'ਚ 14 ਦਿਨ ਦੀ ਜੁਡੀਸ਼ਲ ਹਿਰਾਸਤ 'ਚ ਭੇਜ ਦਿੱਤਾ ਹੈ। ਅਦਾਲਤ ਨੇ ਉਸ ਵੱਲੋਂ ਜੇਲ੍ਹ 'ਚ ਵਿਸ਼ੇਸ਼ ਸਹੂਲਤਾਂ ਦੀ ਕੀਤੀ ਗਈ ਬੇਨਤੀ ਨੂੰ ਵੀ ਨਕਾਰ ਦਿੱਤਾ ਅਤੇ ਕਿਹਾ ਕਿ ਉਸ ਨਾਲ ਵੱਖਰਾ ਵਤੀਰਾ ਨਹੀਂ ਅਪਣਾਇਆ ਜਾ ਸਕਦਾ ਹੈ। ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਨੇ ਹੁਕਮ ਦਿੱਤੇ ਕਿ ਰਾਮਕ੍ਰਿਸ਼ਨਾ ਨੂੰ 28 ਮਾਰਚ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇ। ਵਕੀਲ ਵੱਲੋਂ ਉਸ ਨੂੰ ਜੇਲ੍ਹ 'ਚ ਘਰ ਦਾ ਬਣਿਆ ਭੋਜਨ ਦੇਣ ਦੀ ਬੇਨਤੀ ਕੀਤੀ ਗਈ ਜੋ ਅਦਾਲਤ ਨੇ ਨਕਾਰ ਦਿੱਤੀ। ਜੱਜ ਨੇ ਕਿਹਾ,''ਮੈਂ ਵੀ ਜੇਲ੍ਹ ਦਾ ਖਾਣਾ ਖਾਧਾ ਹੈ ਅਤੇ ਇਹ ਬਹੁਤ ਵਧੀਆ ਹੁੰਦਾ ਹੈ।'' ਅਦਾਲਤ ਨੇ ਚਿੱਤਰਾ ਨੂੰ ਜੇਲ੍ਹ ਅੰਦਰ ਮਾਸਕ ਲਿਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ। ਜੱਜ ਨੇ ਕਿਹਾ,''ਵੀਆਈਪੀ ਕੈਦੀ ਸਾਰਾ ਕੁਝ ਚਾਹੁੰਦੇ ਹਨ ਪਰ ਹਰੇਕ ਕੈਦੀ ਬਰਾਬਰ ਹੈ। ਉਸ ਨਾਲ ਵੱਖਰਾ ਵਤੀਰਾ ਨਹੀਂ ਅਪਣਾਇਆ ਜਾ ਸਕਦਾ ਹੈ।'' ਉਂਜ ਅਦਾਲਤ ਨੇ ਰਾਮਕ੍ਰਿਸ਼ਨਾ ਦੇ ਵਕੀਲ ਵੱਲੋਂ ਐਨਕਾਂ, ਧਾਰਮਿਕ ਪੁਸਤਕ ਅਤੇ ਦਵਾਈਆਂ ਜੇਲ੍ਹ ਅੰਦਰ ਲਿਜਾਣ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ। ਸੀਬੀਆਈ ਨੇ ਚਿੱਤਰਾ ਦਾ 7 ਦਿਨਾਂ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅਦਾਲਤ 'ਚ ਪੇਸ਼ ਕੀਤਾ ਸੀ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ਚਿੱਤਰਾ ਪੁੱਛ-ਪੜਤਾਲ 'ਚ ਸਹਿਯੋਗ ਨਹੀਂ ਦੇ ਰਹੀ ਹੈ। ਇਸ 'ਤੇ ਅਦਾਲਤ ਨੇ ਸਵਾਲ ਕੀਤਾ,''ਕੀ ਜਾਂਚ ਦੌਰਾਨ ਤੁਹਾਨੂੰ ਲੱਗਾ ਕਿ ਉਹ ਮਾਸਟਰ ਮਾਈਂਡ ਹੈ ਜਾਂ ਕੋਈ ਹੋਰ ਸਾਜ਼ਿਸ਼ ਘੜ ਰਿਹਾ ਹੈ।'' ਸੀਬੀਆਈ ਦੇ ਵਕੀਲ ਨੇ ਕਿਹਾ ਕਿ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ। -ਪੀਟੀਆਈ



Most Read

2024-09-22 08:27:30