Economy >> The Tribune


ਕੱਚੇ ਤੇਲ ਦੇ ਭਾਅ ਵਧਣ ਨਾਲ ਫਰਵਰੀ ’ਚ ਥੋਕ ਮਹਿੰਗਾਈ 13.11 ਫੀਸਦ ਹੋਈ


Link [2022-03-15 09:13:41]



ਨਵੀਂ ਦਿੱਲੀ, 14 ਮਾਰਚ

ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਆਈ ਕਮੀ ਦੇ ਬਾਵਜੂਦ ਫਰਵਰੀ ਮਹੀਨੇ ਥੋਕ ਮੁੱਲ ਸੂਚਕ ਅੰਕ ਆਧਾਰਿਤ (ਡਬਲਿਊਪੀਆਈ) ਮਹਿੰਗਾਈ ਦਰ ਵਧ ਕੇ 13.11 ਫੀਸਦ ਹੋ ਗਈ ਹੈ। ਕੱਚੇ ਤੇਲ ਤੇ ਗੈਰ-ਖੁਰਾਕੀ ਵਸਤਾਂ ਦੇ ਭਾਅ ਵਧਣ ਕਰਕੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਨਿਘਾਰ ਦਾ ਲਾਭ ਨਹੀਂ ਮਿਲ ਸਕਿਆ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਥੋਕ ਮਹਿੰਗਾਈ ਅਪਰੈਲ 2021 ਤੋਂ ਲਗਾਤਾਰ 11ਵੇਂ ਮਹੀਨੇ 10 ਫੀਸਦ ਤੋਂ ਉੱਪਰ ਹੈ। ਜਨਵਰੀ 2022 ਵਿੱਚ ਡਬਲਿਊਪੀਆਈ 12.96 ਫੀਸਦ ਸੀ, ਜਦੋਂਕਿ ਪਿਛਲੇ ਸਾਲ ਫਰਵਰੀ ਮਹੀਨੇ ਇਹ 4.83 ਫੀਸਦ ਸੀ।

ਰੂਸ ਵੱਲੋੋਂ ਪਿਛਲੇ ਮਹੀਨੇ 24 ਫਰਵਰੀ ਨੂੰ ਯੂਕਰੇਨ 'ਤੇ ਕੀਤੇ ਹਮਲੇ ਮਗਰੋਂ ਕੱਚੇ ਤੇਲ ਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਧਣ ਲੱਗੀਆਂ ਸਨ, ਜਿਸ ਕਰਕੇ ਥੋਕ ਮੁੱਲ ਸੂਚਕ ਅੰਕ 'ਤੇ ਦਬਾਅ ਪਿਆ ਕਿਉਂਕਿ ਖੁਰਾਕੀ ਵਸਤਾਂ ਵਿੱਚ ਸਬਜ਼ੀਆਂ ਤੋਂ ਲੈ ਕੇ ਦਾਲਾਂ ਤੇ ਪ੍ਰੋਟੀਨ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਨਰਮੀ ਰਹੀ। ਆਲਮੀ ਪੱਧਰ 'ਤੇ ਕੱਚੇ ਤੇਲ ਦੇ ਭਾਅ ਵਧਣ ਕਰਕੇ ਫਰਵਰੀ ਵਿੱਚ ਕੱਚੇ ਪੈਟਰੋਲੀਅਮ ਦੀ ਮਹਿੰਗਾਈ ਵਧ ਕੇ 55.17 ਫੀਸਦ ਹੋ ਗਈ, ਜੋ ਜਨਵਰੀ ਵਿੱਚ 39.41 ਫੀਸਦ ਸੀ। ਅੰਕੜਿਆਂ ਮੁਤਾਬਕ ਫਰਵਰੀ 2022 ਵਿੱਚ ਖੁਰਾਕੀ ਵਸਤਾਂ ਦੀ ਮਹਿੰਗਾਈ ਘੱਟ ਕੇ 8.19 ਫੀਸਦ 'ਤੇ ਆ ਗਈ, ਜੋ ਜਨਵਰੀ ਵਿੱਚ 10.33 ਫੀਸਦ ਸੀ। ਸਮੀਖਿਆ ਅਧੀਨ ਮਹੀਨੇ ਵਿੱਚ ਸਬਜ਼ੀਆਂ ਦੀ ਮਹਿੰਗਾਈ 26.93 ਫੀਸਦ ਰਹੀ, ਜੋ ਜਨਵਰੀ ਵਿੱਚ 38.45 ਫੀਸਦ 'ਤੇ ਪਹੁੰਚ ਗਈ ਸੀ। ਆਂਡੇ, ਮਾਸ ਤੇ ਮੱਛੀ ਦੀ ਮਹਿੰਗਾਈ 8.41 ਫੀਸਦ ਜਦੋਂਕਿ ਪਿਆਜ਼ ਦੇ ਭਾਅ 26.37 ਫੀਸਦ ਤਕ ਘੱਟ ਹੋਏ ਤੇ ਆਲੂ ਦੇ ਭਾਅ 14.78 ਫੀਸਦ ਵਧ ਗਏ। -ਪੀਟੀਆਈ



Most Read

2024-09-20 03:02:22