Breaking News >> News >> The Tribune


ਰਾਜ ਸਭਾ: ਪੰਜਾਬ ਦੀਆਂ ਪੰਜ ਸੀਟਾਂ ਸਣੇ 13 ਸੀਟਾਂ ਲਈ ਚੋਣ 31 ਨੂੰ


Link [2022-03-08 05:14:26]



ਨਵੀਂ ਦਿੱਲੀ:

ਮੁੱਖ ਅੰਸ਼

ਪੰਜਾਬ ਦੀਆਂ ਪੰਜ ਸੀਟਾਂ ਲਈ ਦੋ ਹਿੱਸਿਆਂ 'ਚ ਹੋਵੇਗੀ ਚੋਣ ਚੋਣ ਕਮਿਸ਼ਨ 14 ਮਾਰਚ ਨੂੰ ਜਾਰੀ ਕਰੇਗਾ ਨੋਟੀਫਿਕੇਸ਼ਨ

ਪੰਜਾਬ ਦੀਆਂ ਪੰਜ ਸੀਟਾਂ ਸਣੇ ਰਾਜ ਸਭਾ ਦੀਆਂ 13 ਸੀਟਾਂ ਲਈ ਚੋਣ 31 ਮਾਰਚ ਨੂੰ ਹੋਵੇਗੀ। ਇਨ੍ਹਾਂ ਵਿੱਚ ਕਾਂਗਰਸੀ ਆਗੂਆਂ ਏ.ਕੇ.ਐਂਟਨੀ ਤੇ ਆਨੰਦ ਸ਼ਰਮਾ ਵੱਲੋਂ ਅਪਰੈਲ ਮਹੀਨੇ ਖਾਲੀ ਕੀਤੀਆਂ ਜਾਣ ਵਾਲੀਆਂ ਸੀਟਾਂ ਵੀ ਸ਼ਾਮਲ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਅਸਾਮ, ਹਿਮਾਚਲ ਪ੍ਰਦੇਸ਼, ਕੇਰਲਾ, ਨਾਗਾਲੈਂਡ ਤੇ ਤ੍ਰਿਪੁਰਾ ਨਾਲ ਸਬੰਧਤ ਮੈਂਬਰ 2 ਅਪਰੈਲ ਨੂੰ ਸੇਵਾ ਮੁਕਤ ਹੋ ਰਹੇ ਹਨ ਜਦੋਂਕਿ ਪੰਜਾਬ ਤੋਂ ਪੰਜ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 9 ਅਪਰੈਲ ਨੂੰ ਖਤਮ ਹੋ ਰਿਹਾ ਹੈ। ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ, ''ਪੰਜਾਬ ਦੀਆਂ ਪੰਜ ਸੀਟਾਂ ਵਿੱਚੋਂ ਤਿੰਨ ਲਈ ਇਕ ਚੋਣ ਹੋਵੇਗੀ ਜਦੋਂਕਿ ਬਚਦੀਆਂ ਦੋ ਸੀਟਾਂ ਲਈ ਵੱਖਰੀ ਚੋਣ ਹੋਵੇਗੀ ਕਿਉਂਕਿ ਇਹ ਸੀਟਾਂ ਮੈਂਬਰਾਂ ਦੇ ਦੋ ਵੱਖੋ-ਵੱਖਰੇ ਕਾਰਜਕਾਲਾਂ ਨਾਲ ਸਬੰਧਤ ਹਨ।'' ਪੋਲਿੰਗ ਲਈ ਨੋਟੀਫਿਕੇਸ਼ਨ 14 ਮਾਰਚ ਨੂੰ ਜਾਰੀ ਹੋਵੇਗਾ ਤੇ ਚੋਣਾਂ 31 ਮਾਰਚ ਨੂੰ ਹੋਣਗੀਆਂ। ਸਥਾਪਤ ਨੇਮਾਂ ਮੁਤਾਬਕ ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ ਨੂੰ ਪੰਜ ਵਜੇ ਤੋਂ ਹੋਵੇਗੀ। ਸੇਵਾ ਮੁਕਤ ਹੋਣ ਵਾਲੇ ਕੁਝ ਉੱਘੇ ਮੈਂਬਰਾਂ ਵਿੱਚ ਐਂਟਨੀ (ਕੇਰਲਾ), ਆਨੰਦ ਸ਼ਰਮਾ (ਹਿਮਾਚਲ ਪ੍ਰਦੇਸ਼) ਅਤੇ ਪ੍ਰਤਾਪ ਸਿੰਘ ਬਾਜਵਾ ਤੇ ਨਰੇਸ਼ ਗੁਜਰਾਲ (ਪੰਜਾਬ) ਸ਼ਾਮਲ ਹਨ। ਸਾਬਕਾ ਰੱਖਿਆ ਮੰਤਰੀ ਐਂਟਨੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਆਗੂ ਸ਼ਰਮਾ ਤੇ ਬਾਜਵਾ ਕਾਂਗਰਸ ਨਾਲ ਸਬੰਧਤ ਹਨ ਜਦੋਂਕਿ ਗੁਜਰਾਲ ਸ਼੍ਰੋਮਣੀ ਅਕਾਲੀ ਦਲ ਤੋਂ ਹਨ। ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦਗੀਆਂ ਵੱਖ ਵੱਖ ਪਾਰਟੀਆਂ ਦੀ ਅਸੈਂਬਲੀ ਚੋਣਾਂ 'ਚ ਕਾਰਗੁਜ਼ਾਰੀ 'ਤੇ ਮੁਨੱਸਰ ਕਰੇਗੀ। ਪੰਜਾਬ ਵਿੱਚ ਪਿਛਲੇ ਪੰਜ ਸਾਲਾਂ 'ਚ ਕਾਂਗਰਸ ਦੀ ਸਰਕਾਰ ਵੇਲੇ ਰਾਜ ਸਭਾ ਦੀ ਕੋਈ ਸੀਟ ਖਾਲੀ ਨਹੀਂ ਹੋਈ। -ਪੀਟੀਆਈ



Most Read

2024-09-22 12:37:14