Breaking News >> News >> The Tribune


ਕੋਵਿਡ: 12 ਤੋਂ 14 ਸਾਲ ਉਮਰ ਵਰਗ ਦਾ ਟੀਕਾਕਰਨ ਅੱਜ ਤੋਂ


Link [2022-03-16 05:34:18]



ਨਵੀਂ ਦਿੱਲੀ, 15 ਮਾਰਚ

ਕੇਂਦਰ ਸਰਕਾਰ ਨੇ ਕੋਵਿਡ-19 ਤੋਂ ਬਚਾਅ ਲਈ 12 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਦੇ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਟੀਕਾਕਰਨ ਤੋਂ ਪਹਿਲਾਂ ਅੱਜ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਤੇ ਵਿਸ਼ੇਸ਼ ਚੌਕਸੀ ਵਰਤਣ ਦੀਆਂ ਹਦਾਇਤਾਂ ਕੀਤੀਆਂ ਹਨ। ਭਲਕੇ ਕੌਮੀ ਟੀਕਾਕਰਨ ਦਿਵਸ ਮੌਕੇ ਸਾਰੇ ਸਰਕਾਰੀ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ 12 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ। 60 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 'ਇਹਤਿਆਤੀ' ਖੁਰਾਕ ਲੱਗਣ ਦਾ ਅਮਲ ਵੀ ਭਲਕ ਤੋਂ ਸ਼ੁਰੂ ਹੋ ਜਾਵੇਗਾ।

ਸਰਕਾਰ ਵੱਲੋਂ ਜਾਰੀ ਹਦਾਇਤਾਂ ਵਿੱਚ ਟੀਕੇ ਲਾਉਣ ਵਾਲੇ ਸਟਾਫ਼ ਨੂੰ ਸਿਖਲਾਈ ਦੇਣ ਤੇ ਬੱਚਿਆਂ ਲਈ ਬਣੀ ਵੈਕਸੀਨ ਦੇ ਹੋਰਨਾਂ ਵੈਕਸੀਨਾਂ ਨਾਲ ਰਲਗੱਡ ਹੋਣ ਤੋਂ ਰੋਕਣ ਲਈ ਵਿਸ਼ੇਸ਼ ਚੌਕਸੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਉਪਰੋਕਤ ਉਮਰ ਵਰਗ ਦੇ ਬੱਚਿਆਂ ਨੂੰ ਹੈਦਰਾਬਾਦ ਅਧਾਰਿਤ ਬਾਇਓਲੋਜੀਕਲ ਈ. ਲਿਮਟਿਡ ਵੱਲੋਂ ਤਿਆਰ ਕੋਰਬੇਵੈਕਸ ਵੈਕਸੀਨ ਲਗਾਈ ਜਾਵੇਗੀ।

ਟੀਕਾਕਰਨ ਲਈ ਆਨਲਾਈਨ ਰਜਿਸਟਰੇਸ਼ਨ (ਜੋ ਬੁੱਧਵਾਰ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ) ਕਰਵਾਈ ਜਾ ਸਕਦੀ ਹੈ ਜਾਂ ਫਿਰ ਵੈਕਸੀਨੇਸ਼ਨ ਕੇਂਦਰ ਵਿੱਚ ਜਾ ਕੇ ਮੌਕੇ 'ਤੇ ਵੀ ਟੀਕਾ ਲਗਵਾਇਆ ਜਾ ਸਕਦਾ ਹੈ। ਇਸ ਉਮਰ ਵਰਗ ਦੇ ਬੱਚਿਆਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ 28 ਦਿਨਾਂ ਦੇ ਵਕਫ਼ੇ 'ਤੇ ਦਿੱਤੀਆਂ ਜਾਣਗੀਆਂ। -ਪੀਟੀਆਈ

'ਕੋਵੋਵੈਕਸ' ਨੂੰ ਕੌਮੀ ਟੀਕਾਕਰਨ ਪ੍ਰੋਗਰਾਮ 'ਚ ਸ਼ਾਮਲ ਕਰਨ ਦੀ ਮੰਗ

ਨਵੀਂ ਦਿੱਲੀ: ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ 12 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਲਈ ਸ਼ੁਰੂ ਕੀਤੇ ਕੌਮੀ ਕੋਵਿਡ-19 ਟੀਕਾਕਰਨ ਪ੍ਰੋਗਰਾਮ ਵਿੱਚ ਉਸ ਵੱਲੋਂ ਤਿਆਰ ਵੈਕਸੀਨ 'ਕੋਵੋਵੈਕਸ' ਨੂੰ ਵੀ ਸ਼ਾਮਲ ਕੀਤਾ ਜਾਵੇ। ਪੁਣੇ ਅਧਾਰਿਤ ਐੱਸਆਈਆਈ ਨੇ ਕਿਹਾ ਉਹ ਨਿੱਜੀ ਹਸਪਤਾਲਾਂ ਨੂੰ ਕੋਵੋਵੈਕਸ 900 ਰੁਪਏ ਪ੍ਰਤੀ ਖੁਰਾਕ ਪਲੱਸ ਜੀਐੱਸਟੀ ਦੀ ਕੀਮਤ 'ਤੇ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਕੰਪਨੀ ਨੇ ਕਿਹਾ ਕਿ ਉਹ ਕੇਂਦਰ ਨੂੰ ਵੀ ਵੈਕਸੀਨ ਸਪਲਾਈ ਕਰਨ ਦੀ ਇੱਛੁਕ ਹੈ, ਹਾਲਾਂਕਿ ਉਸ ਨੇ ਇਸ ਦੀ ਕੀਮਤ ਨਹੀਂ ਦੱਸੀ। -ਪੀਟੀਆਈ



Most Read

2024-09-22 08:37:42