World >> The Tribune


ਇਰਾਨ ਵੱਲੋਂ ਦਾਗੀਆਂ 12 ਮਿਜ਼ਾਈਲਾਂ ਇਰਾਕ ਸਥਿਤ ਅਮਰੀਕੀ ਕੌਂਸਲੇਟ ਨੇੜੇ ਡਿੱਗੀਆਂ


Link [2022-03-14 15:37:29]



ਬਗਦਾਦ, 13 ਮਾਰਚ

ਇਰਾਕ ਦੇ ਇਰਬਿਲ ਸ਼ਹਿਰ ਵਿਚ ਐਤਵਾਰ ਨੂੰ ਅਮਰੀਕੀ ਕੌਂਸਲੇਟ ਨੇੜੇ ਘੱਟੋ-ਘੱਟ 12 ਮਿਜ਼ਾਈਲਾਂ ਆ ਕੇ ਡਿੱਗੀਆਂ। ਅਮਰੀਕੀ ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਅਤੇ ਇਰਾਕ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਮਿਜ਼ਾਈਲਾਂ ਗੁਆਂਢੀ ਮੁਲਕ ਇਰਾਨ ਵੱਲੋਂ ਦਾਗੀਆਂ ਗਈਆਂ ਹਨ। ਇਸ ਹਮਲੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

ਇਰਾਕ ਦੇ ਅਧਿਕਾਰੀਆਂ ਨੇ ਸ਼ੁਰੂਆਤ ਵਿਚ ਕਿਹਾ ਸੀ ਕਿ ਇਰਾਕ ਦੇ ਇਰਬਿਲ ਸ਼ਹਿਰ ਵਿਚ ਅਮਰੀਕੀ ਕੌਂਸਲੇਟ 'ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ। ਬਾਅਦ ਵਿਚ ਕੁਰਦਿਸਤਾਨ ਦੇ ਵਿਦੇਸ਼ੀ ਮੀਡੀਆ ਦਫ਼ਤਰ ਦੇ ਮੁਖੀ ਲਾਕ ਘਾਫਰੀ ਨੇ ਕਿਹਾ ਕਿ ਕੋਈ ਵੀ ਮਿਜ਼ਾਈਲ ਅਮਰੀਕੀ ਕੌਂਸਲੇਟ 'ਚ ਨਹੀਂ ਡਿੱਗੀ ਪਰ ਕੰਪਲੈਕਸ ਦੇ ਆਸਪਾਸ ਦੇ ਖੇਤਰਾਂ ਵਿਚ ਡਿੱਗੀਆਂ ਹਨ।

ਅਮਰੀਕੀ ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੀਆਂ ਮਿਜ਼ਾਈਲਾਂ ਦਾਗੀਆਂ ਗਈਆਂ ਅਤੇ ਉਹ ਕਿੱਥੇ-ਕਿੱਥੇ ਡਿੱਗੀਆਂ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਸਰਕਾਰ ਦੇ ਕਿਸੇ ਵੀ ਦਫ਼ਤਰ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ ਪਰ ਆਸਪਾਸ ਦੀਆਂ ਇਮਾਰਤਾਂ ਦਾ ਨੁਕਸਾਨ ਹੋਣ ਅਤੇ ਕੁਝ ਆਮ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਨਿਸ਼ਾਨਾ ਕੌਂਸਲੇਟ ਦੀ ਇਮਾਰਤ ਸੀ। ਇਰਾਕ ਤੇ ਅਮਰੀਕਾ ਦੇ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ।

ਟੀਵੀ ਚੈਨਲ ਕੁਰਦਿਸਤਾਨ 24 ਦਾ ਦਫ਼ਤਰ ਅਮਰੀਕੀ ਕੌਂਸਲੇਟ ਦੇ ਨੇੜੇ ਹੀ ਹੈ ਅਤੇ ਉਸ ਨੇ ਹਮਲੇ ਤੋਂ ਬਾਅਦ ਆਪਣੇ ਦਫ਼ਤਰ ਵਿਚ ਕੱਚ ਦੇ ਟੁਕੜੇ ਅਤੇ ਮਲਬੇ ਦੀਆਂ ਤਸਵੀਰਾਂ ਦਿਖਾਈਆਂ। ਇਰਾਨ ਦੇ ਇਕ ਤਰਜਮਾਨ ਨੇ ਇਰਬਿਲ ਵਿਚ ਹੋਏ ਹਮਲੇ 'ਚ ਇਰਾਨ ਦਾ ਹੱਥ ਹੋਣ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। -ਏਪੀ

ਿੲਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਲਈ ਜ਼ਿੰਮੇਵਾਰੀ

ਇਸੇ ਦੌਰਾਨ ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਇਕ ਬਿਆਨ ਜਾਰੀ ਕਰ ਕੇ ਮਿਜ਼ਾਈਲਾਂ ਦਾਗੇ ਜਾਣ ਦੀ ਜ਼ਿੰਮੇਵਾਰੀ ਲਈ ਹੈ। ਇਰਾਨ ਦੇ ਸਰਕਾਰੀ ਮੀਡੀਆ ਦੀ ਖ਼ਬਰ ਅਨੁਸਾਰ ਇਹ ਹਮਲਾ ਇਰਬਿਲ 'ਚ ਸਥਿਤ ਇਜ਼ਰਾਈਲੀ ਰਣਨੀਤਕ ਕੇਂਦਰਾਂ ਖ਼ਿਲਾਫ਼ ਸੀ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦਾ ਕਹਿਣਾ ਹੈ ਕਿ ਇਜ਼ਰਾਈਲ ਵੱਲੋਂ ਜੇਕਰ ਮੁੜ ਮਿਜ਼ਾਈਲ ਹਮਲਾ ਕੀਤਾ ਜਾਂਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।



Most Read

2024-09-20 23:41:05