Economy >> The Tribune


‘ਖ਼ਰਚਾ ਪੂਰਨ ਲਈ ਪੈਟਰੋਲ-ਡੀਜ਼ਲ 12 ਰੁਪਏ ਹੋ ਸਕਦਾ ਹੈ ਮਹਿੰਗਾ’


Link [2022-03-05 19:39:16]



ਨਵੀਂ ਦਿੱਲੀ, 4 ਮਾਰਚ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਉਤੇ ਚਾਰ ਮਹੀਨਿਆਂ ਤੋਂ ਬਰੇਕ ਲੱਗੀ ਹੋਈ ਹੈ ਜਦਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ। ਇਸ ਹਿਸਾਬ ਨਾਲ ਤੇਲ ਵੇਚਣ ਵਾਲਿਆਂ ਨੂੰ ਖ਼ਰਚਾ ਪੂਰਨ ਲਈ 16 ਮਾਰਚ ਤੱਕ ਤੇਲ ਦੀਆਂ ਕੀਮਤਾਂ 12 ਰੁਪਏ ਪ੍ਰਤੀ ਲਿਟਰ ਤੱਕ ਵਧਾਉਣ ਦੀ ਲੋੜ ਹੈ। ਕੌਮਾਂਤਰੀ ਬਾਜ਼ਾਰ ਵਿਚ ਪਿਛਲੇ ਨੌਂ ਸਾਲਾਂ ਵਿਚ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਤੋਂ ਉਪਰ ਪਹੁੰਚ ਗਈ ਹੈ। ਖ਼ਰਚੇ ਤੇ ਵਿਕਰੀ ਵਿਚਾਲਾ ਖੱਪਾ ਵੱਧਦਾ ਹੀ ਜਾ ਰਿਹਾ ਹੈ। ਆਈਸੀਆਈਸੀਆਈ ਸਕਿਉਰਿਟੀਜ਼ ਦੀ ਇਕ ਰਿਪੋਰਟ ਮੁਤਾਬਕ ਭਾਰਤੀ ਕੰਪਨੀਆਂ ਤਿੰਨ ਮਾਰਚ ਨੂੰ 117.39 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਤੇਲ ਖ਼ਰੀਦ ਰਹੀਆਂ ਸਨ ਜੋ ਕਿ 2012 ਤੋਂ ਬਾਅਦ ਸਭ ਤੋਂ ਉੱਚੀ ਕੀਮਤ ਹੈ। ਜੇਪੀ ਮੌਰਗਨ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਅਗਲੇ ਹਫ਼ਤੇ ਚੋਣਾਂ ਮੁੱਕਣ ਮਗਰੋਂ ਰੋਜ਼ਾਨਾ ਕੀਮਤਾਂ ਵਿਚ ਵਾਧਾ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਉਤੇ ਹਮਲਾ ਕਰਨ ਮਗਰੋਂ ਤੇਲ ਕੀਮਤਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਰੂਸ ਯੂਰੋਪ ਨੂੰ ਸਪਲਾਈ ਹੁੰਦੀ ਕੁੱਲ ਕੁਦਰਤੀ ਗੈਸ ਦਾ ਤੀਜਾ ਹਿੱਸਾ ਦਿੰਦਾ ਹੈ। ਤੇਲ ਉਤਪਾਦਨ ਵਿਚ ਵੀ ਇਸ ਦਾ 10 ਪ੍ਰਤੀਸ਼ਤ ਯੋਗਦਾਨ ਹੈ। ਰੂਸ ਤੋਂ ਯੂਰੋਪ ਤੱਕ ਪਹੁੰਚਦੀਆਂ ਜ਼ਿਆਦਾਤਰ ਪਾਈਪਲਾਈਨਾਂ ਯੂਕਰੇਨ ਰਾਹੀਂ ਗੁਜ਼ਰਦੀਆਂ ਹਨ। ਪਰ ਭਾਰਤ ਹਾਲੇ ਰੂਸ ਤੋਂ ਜ਼ਿਆਦਾ ਸਪਲਾਈ ਨਹੀਂ ਲੈਂਦਾ। ਸਪਲਾਈ ਭਾਰਤ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ ਪਰ ਕੀਮਤਾਂ ਜ਼ਰੂਰ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। -ਪੀਟੀਆਈ



Most Read

2024-09-20 03:02:30