Breaking News >> News >> The Tribune


ਪਵਾਰ ਦੇ ਘਰ ’ਤੇ ਹਮਲਾ: ਵਕੀਲ ਸਣੇ 110 ਨੂੰ ਹਿਰਾਸਤ ਵਿੱਚ ਲਿਆ


Link [2022-04-10 08:13:28]



ਮੁੰਬਈ, 9 ਅਪਰੈਲ

ਮੁੰਬਈ ਦੀ ਇੱਕ ਅਦਾਲਤ ਨੇ ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ) ਪ੍ਰਧਾਨ ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਮਐੱਸਆਰਟੀਸੀ) ਮੁਲਾਜ਼ਮਾਂ ਦੇ ਵਕੀਲ ਐਡਵੋਕੇਟ ਗੁਨਰਤਨ ਸਦਵਰਤੇ ਨੂੰ ਅੱਜ ਦੋ ਦਿਨ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉਹ 11 ਅਪਰੈਲ ਤੱਕ ਪੁਲੀਸ ਹਿਰਾਸਤ ਵਿੱਚ ਰਹੇਗਾ। ਇਸ ਤੋਂ ਇਲਾਵਾ ਟਰਾਂਸਪੋਰਟ ਕਾਰਪੋਰੇਸ਼ਨ ਦੇ 109 ਹੋਰ ਕਾਮਿਆਂ ਨੂੰ ਇਸੇ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਉਹ ਜ਼ਮਾਨਤ ਲਈ ਅਰਜ਼ੀ ਦੇ ਸਕਦੇ ਹਨ। ਸਦਵਰਤੇ 'ਤੇ ਐੱਨਸੀਪੀ ਮੁਖੀ ਪਵਾਰ ਦੇ ਘਰ 'ਤੇ ਦੋ ਦਿਨ ਪਹਿਲਾਂ ਹੋਏ ਹਮਲੇ ਲਈ ਮੁਲਾਜ਼ਮਾਂ ਨੂੰ ਭੜਕਾਉਣ ਦਾ ਦੋਸ਼ ਹੈ।

ਉਧਰ, ਮਹਾਰਾਸ਼ਟਰ ਦੀ ਸੱਤਾਧਾਰੀ ਸ਼ਿਵ ਸੈਨਾ ਨੇ ਸਿੱਧਾ ਦੋਸ਼ ਲਾਇਆ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਘਰ 'ਤੇ ਹੋਏ ਹਮਲੇ ਦੀ ਸਾਜ਼ਿਸ਼ ਵਿਰੋਧੀ ਧਿਰ ਭਾਜਪਾ ਨੇ ਘੜੀ ਸੀ। ਜਦੋਂਕਿ ਇੱਕ ਮੰਤਰੀ ਨੇ ਕਿਹਾ ਕਿ ਸੀਨੀਅਰ ਆਗੂ ਸ਼ਰਦ ਪਵਾਰ ਅਤੇ ਉਸ ਦੇ ਪਰਿਵਾਰ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਇਹ ਯੋਜਨਾ ਬਣਾਈ ਗਈ ਸੀ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਹਾਊਸਿੰਗ ਮੰਤਰੀ ਡਾ. ਜਤਿੰਦਰ ਅਵਦ ਨੇ ਦਾਅਵਾ ਕੀਤਾ ਕਿ ਇਸ ਹਮਲੇ ਦਾ ਮਕਸਦ ਪਾਵਰ, ਉਨ੍ਹਾਂ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ 'ਸਰੀਰਕ ਨੁਕਸਾਨ' ਪਹੁੰਚਾਉਣਾ ਸੀ, ਜੋ ਉਸ ਸਮੇਂ ਆਪਣੇ ਸਿਲਵਰ ਓਕਸ ਬੰਗਲੇ ਵਿੱਚ ਮੌਜੂਦ ਸਨ। ਐੱਨਸੀਪੀ ਦੇ ਸੂਬਾਈ ਬੁਲਾਰੇ ਮਹੇਸ਼ ਤਾਪਸੀ ਨੇ ਕਿਹਾ ਕਿ ਇਹ ਹਮਲਾ ਯੋਜਨਾਬੱਧ ਤੇ ਸਿਆਸਤ ਤੋਂ ਪ੍ਰੇਰਿਤ ਸੀ। ਇਹ ਸਾਜ਼ਿਸ਼ ਸਰਕਾਰ ਨੂੰ ਅਸਥਿਰ ਕਰਨ ਦੇ ਮਕਸਦ ਨਾਲ ਘੜੀ ਗਈ ਸੀ।

ਪਵਾਰ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਸੰਸਦ ਮੈਂਬਰ ਅਤੇ ਮੁੱਖ ਬੁਲਾਰੇ ਸੰਜੈ ਰਾਊਤ ਨੇ ਕਿਹਾ ਕਿ ਸੰਘਰਸ਼ ਕਰ ਰਹੇ ਟਰਾਂਸਪੋਰਟ ਕਾਮਿਆਂ ਦਾ ਸ਼ੁੱਕਰਵਾਰ ਨੂੰ ਕੋਈ ਪ੍ਰਦਰਸ਼ਨ ਨਹੀਂ ਸੀ, ਪਰ ਐੱਨਸੀਪੀ ਆਗੂ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ 'ਤੇ 'ਯੋਜਨਾਬੱਧ ਢੰਗ ਨਾਲ ਹਮਲਾ' ਕੀਤਾ ਗਿਆ। ਮੁੰਬਈ ਪੁਲੀਸ ਨੇ ਇਸ ਘਟਨਾ ਮਗਰੋਂ ਮੁੱਖ ਮੰਤਰੀ ਊਧਵ ਠਾਕਰੇ, ਡਿਪਟੀ ਉਪ ਮੁੱਖ ਮੰਤਰੀ ਅਜੀਤ ਪਵਾਰ, ਟਰਾਂਸਪੋਰਟ ਮੰਤਰੀ ਅਨਿਲ ਪਰਬ ਅਤੇ ਪਵਾਰ ਦੇ ਪਰਿਵਾਰ ਸਣੇ ਹੋਰ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ। -ਆਈਏਐੱਨਐੱਸ

ਪਵਾਰ ਦੇ ਪਰਿਵਾਰ ਦੀ ਸੁਰੱਖਿਆ ਵਧਾਈ

ਮੁੰਬਈ: ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਘਰ ਦੇ ਬਾਹਰ ਰੋਡਵੇਜ਼ ਮੁਲਾਜ਼ਮਾਂ ਦੇ ਰੋਹ ਭਰਪੂਰ ਪ੍ਰਦਰਸ਼ਨ ਮਗਰੋਂ ਮਹਾਰਾਸ਼ਟਰ ਪੁਲੀਸ ਨੇ ਅੱਜ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲੀਸ ਨੇ ਪਵਾਰ ਦੀ ਧੀ ਅਤੇ ਸੰਸਦ ਮੈਂਬਰ ਸੁਪ੍ਰਿਯਾ ਸੂਲੇ ਨੂੰ 'ਵਾਈ ਪਲੱਸ' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਬਾਰਾਮਤੀ ਤੋਂ ਸੰਸਦ ਮੈਂਬਰ ਸੂਲੇ ਨੂੰ 'ਐਕਸ' ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਸੀ। -ਪੀਟੀਆਈ



Most Read

2024-09-21 05:44:10