World >> The Tribune


ਇਰਾਨ ਵਿੱਚ ਉਸਾਰੀ ਅਧੀਨ ਇਮਾਰਤ ਡਿੱਗਣ ਕਾਰਨ 11 ਮੌਤਾਂ


Link [2022-05-25 09:30:46]



ਤਹਿਰਾਨ, 24 ਮਈ

ਦੱਖਣ-ਪੱਛਮੀ ਇਰਾਨ ਵਿੱਚ ਇਕ ਇਮਾਰਤ ਢਹਿਣ ਕਾਰਨ 11 ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਇਨ੍ਹਾਂ ਦੀਆਂ ਲਾਸ਼ਾਂ ਇਮਾਰਤ ਦੇ ਮਲਬੇ ਹੇੇਠੋਂ ਮਿਲੀਆਂ। ਇਸ ਦੌਰਾਨ ਬਚਾਅ ਟੀਮਾਂ ਵੱਲੋਂ ਮਲਬੇ ਹੇਠ ਹੋਰ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਪ੍ਰਗਟਾਇਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਮੇਅਰ ਤੇ ਹੋਰਾਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਜਾਂਚ ਆਰੰਭ ਦਿੱਤੀ ਹੈ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਉਸਾਰੀ ਅਧੀਨ ਦਸ ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਇਮਾਰਤ ਡਿੱਗਣ ਦਾ ਕਾਰਨ ਸੀਮਿੰਟ ਬਲਾਕਾਂ ਅਤੇ ਸਟੀਲ ਦੀਆਂ ਬੀਮਾਂ ਵਿਚ ਘਟੀਆ ਮਿਆਰ ਵਰਤਣਾ ਦੱਸਿਆ ਜਾ ਰਿਹਾ ਹੈ। ਆਈਐੱਲਐੱਨਏ ਨਿਊਜ਼ ਏਜੰਸੀ ਅਤੇ ਆਨਲਾਈਨ ਵੀਡੀਓ ਰਾਹੀਂ ਪਤਾ ਲੱਗਦਾ ਹੈ ਕਿ ਇਮਾਰਤ ਡਿੱਗਣ ਤੋਂ ਬਾਅਦ ਲੋਕਾਂ ਨੇ ਅਬਾਦਨ ਦੇ ਮੇਅਰ ਹੋਸੇਨ ਹਾਮਿਦਪੋਰ ਦਾ ਪਿੱਛਾ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ। ਇਰਾਨੀ ਮੀਡੀਆ ਨੇ ਦੱਸਿਆ ਕਿ ਪੁਲੀਸ ਨੇ ਬਾਅਦ ਵਿੱਚ ਹਾਮਿਦਪੋਰ ਅਤੇ ਨੌਂ ਹੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਦੇ ਮਾਲਕ ਅਤੇ ਇਸ ਦੇ ਠੇਕੇਦਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਇਮਾਰਤ ਵਿਚ ਘਟੀਆ ਮਿਆਰ ਵਰਤਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਥੋਂ ਦੇ ਹੋਰ ਉਸਾਰੀ ਅਧੀਨ ਪ੍ਰਾਜੈਕਟਾਂ 'ਤੇ ਵੀ ਉਂਗਲ ਉਠ ਗਈ ਹੈ। ਸਰਕਾਰੀ ਟੈਲੀਵਿਜ਼ਨ 'ਤੇ ਇਕ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੇ ਢਹਿਣ ਮੌਕੇ 50 ਲੋਕ ਇਮਾਰਤ ਅੰਦਰ ਸਨ। ਇਰਾਨ ਦੇ ਪ੍ਰਧਾਨ ਮੰਤਰੀ ਇਬਰਾਹਿਮ ਰਿਆਸੀ ਨੇ ਘਟਨਾ 'ਤੇ ਅਫਸੋਸ ਜਤਾਇਆ ਅਤੇ ਸਥਾਨਕ ਅਧਿਕਾਰੀਆਂ ਨੂੰ ਮਾਮਲੇ ਦੀ ਤਹਿ ਤੱਕ ਜਾਣ ਦੀ ਅਪੀਲ ਕੀਤੀ। ਇਰਾਨ ਦੇ ਆਰਥਿਕ ਮਾਮਲਿਆਂ ਦੇ ਇੰਚਾਰਜ ਤੇ ਉਪ ਰਾਸ਼ਟਰਪਤੀ ਮੋਹਸਿਨ ਰਾਜ਼ੇਈ ਅਤੇ ਮੰਤਰੀ ਅਹਿਮਦ ਵਹੀਦੀ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਸੰਸਦ ਮੈਂਬਰਾਂ ਨੇ ਇਸ ਮਾਮਲੇ ਦੀ ਵੱਖਰੀ ਸੰਸਦੀ ਜਾਂਚ ਸ਼ੁਰੂ ਕੀਤੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਇਮਾਰਤ ਕਿਉਂ ਡਿੱਗੀ। ਹਾਲਾਂਕਿ ਤਹਿਰਾਨ ਨੇੜੇ ਕੋਈ ਵੱਡਾ ਭੂਚਾਲ ਵੀ ਨਹੀਂ ਆਇਆ ਸੀ।-ਏਪੀ



Most Read

2024-09-19 16:50:28