Breaking News >> News >> The Tribune


ਕਬਾੜ ਦੇ ਗੁਦਾਮ ’ਚ ਅੱਗ ਲੱਗਣ ਕਾਰਨ 11 ਕਾਮਿਆਂ ਦੀ ਮੌਤ


Link [2022-03-24 09:35:30]



ਹੈਦਰਾਬਾਦ: ਬਿਹਾਰ ਨਾਲ ਸਬੰਧਤ ਗਿਆਰਾਂ ਪਰਵਾਸੀ ਕਾਮੇ ਇੱਥੇ ਇਕ ਕਬਾੜ ਦੇ ਗੁਦਾਮ ਵਿਚ ਅੱਗ ਲੱਗਣ ਕਾਰਨ ਮਾਰੇ ਗਏ ਹਨ। ਅੱਗ ਲੱਗਣ ਦੀ ਇਹ ਘਟਨਾ ਅੱਜ ਸੁਵੱਖਤੇ ਵਾਪਰੀ। ਮ੍ਰਿਤਕਾਂ ਦੀ ਸ਼ਨਾਖ਼ਤ ਡੀਐਨਏ ਟੈਸਟ ਰਾਹੀਂ ਹੀ ਹੋ ਸਕਣ ਦੀ ਸੰਭਾਵਨਾ ਹੈ ਕਿਉਂਕਿ ਦੇਹਾਂ ਬੁਰੀ ਤਰ੍ਹਾਂ ਸੜ ਗਈਆਂ ਹਨ। ਵੇਰਵਿਆਂ ਮੁਤਾਬਕ ਗੁਦਾਮ ਵਿਚ ਅੱਗ ਤੋਂ ਬਚਾਅ ਦੇ ਢੁੱਕਵੇਂ ਪ੍ਰਬੰਧ ਨਹੀਂ ਸਨ ਤੇ ਅੰਦਰ ਮੌਜੂਦ ਇਕੋ-ਇਕ ਪੌੜੀ ਉਨ੍ਹਾਂ ਦੇ ਬਚ ਨਿਕਲਣ ਲਈ ਕਾਫ਼ੀ ਸਾਬਿਤ ਨਹੀਂ ਹੋਈ। ਹਾਲਾਂਕਿ ਇਕ ਵਿਅਕਤੀ ਕਮਰੇ ਵਿਚੋਂ ਬਾਹਰ ਛਾਲ ਮਾਰਨ ਵਿਚ ਸਫ਼ਲ ਹੋ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਘਟਨਾ ਉਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ। ਪ੍ਰਧਾਨ ਮੰਤਰੀ ਤੇ ਰਾਓ ਨੇ ਪੀੜਤਾਂ ਲਈ ਐਕਸ-ਗ੍ਰੇਸ਼ੀਆ ਗਰਾਂਟ ਦਾ ਐਲਾਨ ਕੀਤਾ ਹੈ। ਮ੍ਰਿਤਕ ਬਿਹਾਰ ਦੇ ਛਪਰਾ ਜ਼ਿਲ੍ਹੇ ਨਾਲ ਸਬੰਧਤ ਸਨ। ਉਹ ਗੁਦਾਮ ਦੇ ਉੱਪਰ ਬਣਾਏ ਹੋਏ ਇਕ ਕਮਰੇ ਵਿਚ ਸੌਂ ਰਹੇ ਸਨ। ਗੁਦਾਮ ਸ਼ਹਿਰ ਦੇ ਭੋਈਗੁੜਾ ਖੇਤਰ ਵਿਚ ਹੈ। ਅੱਗ ਬੁਝਾਊ ਅਮਲੇ ਨੂੰ ਘਟਨਾ ਬਾਰੇ ਜਾਣਕਾਰੀ ਸੁਵੱਖਤੇ ਕਰੀਬ 3.55 'ਤੇ ਮਿਲੀ ਤੇ ਗੱਡੀਆਂ ਮੌਕੇ ਉਤੇ ਭੇਜੀਆਂ ਗਈਆਂ। ਅੱਗ ਉਤੇ ਕਰੀਬ ਸੱਤ ਵਜੇ ਕਾਬੂ ਪਾਇਆ ਜਾ ਸਕਿਆ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੱਗ ਥੱਲੇ ਗੁਦਾਮ ਵਿਚ ਲੱਗੀ ਤੇ ਉਪਰ ਕਮਰੇ ਤੱਕ ਪਹੁੰਚ ਗਈ। ਵਰਕਰਾਂ ਨੇ ਉੱਥੋਂ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਗਹਿਰਾ ਧੂੰਆਂ ਸੁੰਘਣ ਕਾਰਨ ਉਹ ਬੇਹੋਸ਼ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਮੌਕੇ ਦਾ ਮਾਹੌਲ ਬੇਹੱਦ ਦਰਦਨਾਕ ਸੀ ਕਿਉਂਕਿ ਲਾਸ਼ਾਂ ਪਛਾਣੀਆਂ ਤੱਕ ਨਹੀਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਦੇਹਾਂ ਇਕ-ਦੂਜੇ ਉਤੇ ਢੇਰੀ ਹੋਈਆਂ ਪਈਆਂ ਸਨ ਜਿਵੇਂ ਕਿ ਉਹ ਇਕੱਠੇ ਬੇਹੋਸ਼ ਹੋ ਕੇ ਇਕ-ਦੂਜੇ ਉਤੇ ਡਿੱਗ ਪਏ ਹੋਣ।

ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ ਮਾਲੀ ਮਦਦ ਐਲਾਨੀ

ਪੁਲੀਸ ਤੇ ਪ੍ਰਸ਼ਾਸਨ ਵੱਲੋਂ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਹੈਦਰਾਬਾਦ ਦੇ ਪੁਲੀਸ ਕਮਿਸ਼ਨਰ ਸੀ.ਵੀ. ਆਨੰਦ ਨੇ ਦੱਸਿਆ ਕਿ ਮ੍ਰਿਤਕ 23-35 ਸਾਲ ਉਮਰ ਵਰਗ ਦੇ ਹਨ। ਕਬਾੜ ਦੇ ਗੁਦਾਮ ਵਿਚ ਪੁਰਾਣੀਆਂ ਅਖ਼ਬਾਰਾਂ, ਬੋਤਲਾਂ ਤੇ ਹੋਰ ਸਾਮਾਨ ਪਿਆ ਸੀ। ਤਿਲੰਗਾਨਾ ਦੇ ਕਈ ਮੰਤਰੀਆਂ ਤੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਲਈ ਦੋ-ਦੋ ਲੱਖ ਰੁਪਏ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਵੱਲੋਂ ਪੰਜ-ਪੰਜ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਤਿਲੰਗਾਨਾ ਸਰਕਾਰ ਦੇਹਾਂ ਨੂੰ ਬਿਹਾਰ ਭੇਜਣ ਦੇ ਪ੍ਰਬੰਧ ਕਰ ਰਹੀ ਹੈ। -ਪੀਟੀਆਈ



Most Read

2024-09-22 02:10:41