World >> The Tribune


ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ 100 ਤੋ ਵੱਧ ਸੰਸਦ ਮੈਂਬਰਾਂ ਵੱਲੋਂ ਅਸਤੀਫ਼ੇ


Link [2022-04-11 21:14:43]



ਇਸਲਾਮਾਬਾਦ, 11 ਅਪਰੈਲ

ਇਸਲਾਮਾਬਾਦ: ਪ੍ਰਧਾਨ ਮੰਤਰੀ ਅਹੁਦੇ ਤੋਂ ਲਾਂਭੇ ਹੋਏ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ 100 ਤੋਂ ਜ਼ਿਆਦਾ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਅਸਤੀਫ਼ੇ ਦੇ ਦਿੱਤੇ ਹਨ। ਜੇਕਰ ਸਪੀਕਰ ਵੱਲੋਂ ਇਹ ਅਸਤੀਫ਼ੇ ਮਨਜ਼ੂਰ ਕਰ ਲਏ ਜਾਂਦੇ ਹਨ ਤਾਂ ਇਸ ਨਾਲ ਪਾਕਿਸਤਾਨ 'ਚ ਦੋ ਮਹੀਨਿਆਂ ਦੇ ਅੰਦਰ 100 ਤੋਂ ਜ਼ਿਆਦਾ ਸੀਟਾਂ 'ਤੇ ਜ਼ਿਮਨੀ ਚੋਣਾਂ ਕਰਾਉਣੀਆਂ ਪੈਣਗੀਆਂ। ਉੱਧਰ ਪੀਟੀਆਈ ਦੇ ਸਮਰਥਕਾਂ ਵੱਲੋਂ ਅੱਜ ਸੜਕਾਂ 'ਤੇ ਜ਼ੋਰਦਾਰ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਪਹਿਲਾਂ ਇਮਰਾਨ ਖ਼ਾਨ ਦੇ ਨੇੜਲੇ ਤੇ ਸਾਬਕਾ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਅੱਜ ਕਿਹਾ ਸੀ ਕਿ ਕੌਮੀ ਅਸੈਂਬਲੀ ਵਿੱਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਸਾਰੇ ਸੰਸਦ ਮੈਂਬਰ ਆਪਣੇ ਅਸਤੀਫੇ ਦੇਣਗੇ। ਚੌਧਰੀ ਨੇ ਟਵੀਟ ਕੀਤਾ ਕਿ ਪੀਟੀਆਈ ਇਸ ਅਖੌਤੀ ਚੋਣ (ਅਮਲ) ਦਾ ਹਿੱਸਾ ਨਹੀਂ ਬਣੇਗੀ, ਜਿਸ ਲਈ ਉਨ੍ਹਾਂ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਨਾਮਜ਼ਦ ਕੀਤਾ ਹੋਇਆ ਹੈ। ਚੌਧਰੀ ਨੇ ਟਵੀਟ ਕੀਤਾ, ''ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸੰਸਦੀ ਕਮੇਟੀ ਨੇ ਕੌਮੀ ਅਸੈਂਬਲੀ 'ਚੋਂ ਅਸਤੀਫੇ ਦੇਣ ਦਾ ਫੈਸਲਾ ਕੀਤਾ ਹੈ। ਅੱਜ ਸਾਰੇ ਅਸੈਂਬਲੀ ਮੈਂਬਰ ਸਪੀਕਰ ਨੂੰ ਆਪਣੇ ਅਸਤੀਫ਼ੇ ਸੌਂਪਣਗੇ...ਅਸੀਂ ਆਜ਼ਾਦੀ ਲਈ ਲੜਾਂਗੇ।'' ਜੀਓ ਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਮਰਾਨ ਖ਼ਾਨ ਨੇ ਵੀ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਜ਼ਿਆਦਾਤਰ ਪਾਰਟੀ ਮੈਂਬਰਾਂ ਨੇ ਅਸਤੀਫ਼ੇ ਦੇਣ ਦੇ ਇਮਰਾਨ ਖ਼ਾਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਮਸ਼ਵਰਾ ਦਿੱਤਾ ਹੈ ਇਸ ਦੀ ਥਾਂ ਹਰ ਮੋਰਚੇ 'ਤੇ ਵਿਰੋਧੀ ਧਿਰ ਦਾ ਮਜ਼ਬੂਤੀ ਨਾਲ ਮੁਕਾਬਲਾ ਕੀਤਾ ਜਾਵੇ। -ਪੀਟੀਆਈ



Most Read

2024-09-20 13:44:28