Breaking News >> News >> The Tribune


ਅਗਲੇ 10 ਸਾਲਾਂ ’ਚ ਡਾਕਟਰਾਂ ਦੀ ਰਿਕਾਰਡ ਗਿਣਤੀ ਹੋਵੇਗੀ: ਮੋਦੀ


Link [2022-04-16 04:53:39]



ਭੁਜ, 15 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਗਲੇ 10 ਸਾਲਾਂ 'ਚ ਦੇਸ਼ ਅੰਦਰ ਡਾਕਟਰਾਂ ਦੀ ਰਿਕਾਰਡ ਗਿਣਤੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ 'ਚ ਘੱਟੋ ਘੱਟ ਇਕ ਮੈਡੀਕਲ ਕਾਲਜ ਖੋਲ੍ਹਣ ਦੀ ਨੀਤੀ ਕਾਰਨ ਇਹ ਸੰਭਵ ਹੋਵੇਗਾ। ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਭੁਜ 'ਚ 200 ਬਿਸਤਰਿਆਂ ਦੇ ਕੇ ਕੇ ਪਟੇਲ ਮਲਟੀ ਸਪੈਸ਼ਲਿਟੀ ਹਸਪਤਾਲ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਅਜੇ ਵੀ ਫੈਲ ਰਿਹਾ ਹੈ ਅਤੇ ਲੋਕ ਇਸ ਨੂੰ ਹਲਕੇ 'ਚ ਨਾ ਲੈਂਦਿਆਂ ਚੌਕਸ ਰਹਿਣ। ਆਧੁਨਿਕ ਸਹੂਲਤਾਂ ਵਾਲਾ ਇਹ ਹਸਪਤਾਲ ਪਟੇਲ ਭਾਈਚਾਰੇ ਵੱਲੋਂ ਭਾਰਤ ਅਤੇ ਵਿਦੇਸ਼ 'ਚ ਦਾਨੀਆਂ ਦੀ ਸਹਾਇਤਾ ਨਾਲ ਬਣਾਇਆ ਗਿਆ ਹੈ। ਸ੍ਰੀ ਮੋਦੀ ਨੇ ਕਿਹਾ,''ਦੋ ਦਹਾਕੇ ਪਹਿਲਾਂ ਗੁਜਰਾਤ 'ਚ ਸਿਰਫ਼ 9 ਮੈਡੀਕਲ ਕਾਲਜ ਸਨ ਜਿਨ੍ਹਾਂ 'ਚ ਕਰੀਬ 1100 ਐੱਮਬੀਬੀਐੈੱਸ ਸੀਟਾਂ ਸਨ ਪਰ ਮੈਡੀਕਲ ਸਿੱਖਿਆ ਦੇ ਖੇਤਰ 'ਚ ਪਿਛਲੇ 20 ਸਾਲਾਂ 'ਚ ਬਹੁਤ ਵੱਡਾ ਸੁਧਾਰ ਹੋਇਆ ਹੈ। ਹੁਣ ਸੂਬੇ 'ਚ ਇਕ ਏਮਸ ਅਤੇ ਤਿੰਨ ਦਰਜਨ ਤੋਂ ਜ਼ਿਆਦਾ ਮੈਡੀਕਲ ਕਾਲਜ ਹਨ। ਹੁਣ ਇਨ੍ਹਾਂ ਕਾਲਜਾਂ 'ਚ ਕਰੀਬ 6 ਹਜ਼ਾਰ ਵਿਦਿਆਰਥੀਆਂ ਨੂੰ ਦਾਖ਼ਲਾ ਮਿਲਦਾ ਹੈ। ਰਾਜਕੋਟ 'ਚ ਏਮਸ ਨੇ 2021 ਤੋਂ 50 ਵਿਦਿਆਰਥੀਆਂ ਨੂੰ ਦਾਖ਼ਲਾ ਦੇਣਾ ਸ਼ੁਰੂ ਕਰ ਦਿੱਤਾ ਹੈ।'' ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਹਲਦੀ ਦੇ ਗੁਣਾਂ ਦਾ ਪਤਾ ਲੱਗਣ ਮਗਰੋਂ ਇਸ ਦੀ ਬਰਾਮਦ ਵਧ ਗਈ ਹੈ। ਉਨ੍ਹਾਂ ਕੱਛ ਦੇ ਲੋਕਾਂ ਨੂੰ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ਵਧੇਰੇ ਸ਼ਮੂਲੀਅਤ ਕਰਕੇ ਵਿਸ਼ਵ ਰਿਕਾਰਡ ਬਣਾਉਣ ਦਾ ਸੱਦਾ ਵੀ ਦਿੱਤਾ। ਸ੍ਰੀ ਮੋਦੀ ਨੇ ਪਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਕੱਛ ਖ਼ਿੱਤੇ 'ਚ 75 ਝੀਲਾਂ ਬਣਾਉਣ 'ਚ ਆਪਣਾ ਯੋਗਦਾਨ ਪਾਉਣ ਤਾਂ ਜੋ ਲੋਕਾਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। -ਪੀਟੀਆਈ

ਹਨੂੰਮਾਨ ਦੀ 108 ਫੁੱਟ ਉੱਚੀ ਮੂਰਤੀ ਦਾ ਮੋਦੀ ਅੱਜ ਕਰਨਗੇ ਉਦਘਾਟਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨੂੰਮਾਨ ਜਯੰਤੀ ਮੌਕੇ ਗੁਜਰਾਤ ਦੇ ਮੋਰਬੀ 'ਚ ਹਨੂੰਮਾਨ ਦੀ 108 ਫੁੱਟ ਉੱਚੀ ਮੂਰਤੀ ਦਾ ਭਲਕੇ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕਰਨਗੇ। ਦੇਸ਼ ਦੀਆਂ ਚਾਰ ਦਿਸ਼ਾਵਾਂ 'ਚ ਸਥਾਪਤ ਕੀਤੀਆਂ ਜਾ ਰਹੀਆਂ ਹਨੂੰਮਾਨ ਦੀਆਂ ਚਾਰ ਮੂਰਤੀਆਂ 'ਚੋਂ ਇਹ ਦੂਜੀ ਮੂਰਤੀ ਹੋਵੇਗੀ। ਪਹਿਲੀ ਮੂਰਤੀ 2010 'ਚ ਸ਼ਿਮਲਾ 'ਚ ਸਥਾਪਤ ਕੀਤੀ ਗਈ ਸੀ। ਰਾਮੇਸ਼ਵਰਮ 'ਚ ਹਨੂੰਮਾਨ ਦੀ ਮੂਰਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। -ਪੀਟੀਆਈ

ਮੋਦੀ ਵੱਲੋਂ ਵਿਸ਼ੂ ਅਤੇ ਪੋਇਲਾ ਬੈਸਾਖ ਦੀਆਂ ਵਧਾਈਆਂ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲਾ ਅਤੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰਕੇ ਕੇਰਲਾ ਦੇ ਲੋਕਾਂ ਨੂੰ ਵਿਸ਼ੂ ਅਤੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਪੋਇਲਾ ਬੈਸਾਖ ਦੀਆਂ ਮੁਬਾਰਕਾਂ ਦਿੱਤੀਆਂ। ਉਧਰ ਗੁੱਡ ਫ੍ਰਾਈਡੇਅ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਅੱਜ ਪ੍ਰਭੂ ਈਸਾ ਮਸੀਹ ਦੇ ਹੌਸਲੇ ਅਤੇ ਬਲਿਦਾਨ ਨੂੰ ਯਾਦ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸੇਵਾ ਭਾਵਨਾ ਅਤੇ ਭਾਈਚਾਰਕ ਸਾਂਝ ਕਈ ਲੋਕਾਂ ਲਈ ਰੌਸ਼ਨੀ ਦਾ ਕੰਮ ਕਰਦੀ ਹੈ। -ਪੀਟੀਆਈ



Most Read

2024-09-21 00:50:32