Breaking News >> News >> The Tribune


ਬਿਹਾਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 10 ਵਿਅਕਤੀਆਂ ਦੀ ਮੌਤ


Link [2022-03-21 09:57:03]



ਭਾਗਲਪੁਰ/ਮਾਧੇਪੁਰਾ, 20 ਮਾਰਚ

ਸ਼ਰਾਬਬੰਦੀ ਵਾਲੇ ਸੂਬੇ ਬਿਹਾਰ ਦੇ ਦੋ ਜ਼ਿਲ੍ਹਿਆਂ 'ਚ ਹੋਲੀ ਦੇ ਜਸ਼ਨਾਂ ਦੌਰਾਨ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ 10 ਜਣਿਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਨ੍ਹਾਂ 'ਚੋਂ ਅੱਠ ਮੌਤਾਂ ਭਾਗਲਪੁਰ ਜ਼ਿਲ੍ਹੇ ਜਦਕਿ ਬਾਕੀ ਦੋ ਮੌਤਾਂ ਨਾਰਾਇਣਪੁਰ ਥਾਣੇ ਅਧੀਨ ਆਉਂਦੇ ਪਿੰਡਾਂ 'ਚ ਹੋਈਆਂ ਹਨ। ਲੋਕਾਂ ਨੇ ਇਸ ਘਟਨਾ ਖ਼ਿਲਾਫ਼ ਰੋਸ ਮੁਜ਼ਾਹਰਾ ਵੀ ਕੀਤਾ। ਨਾਰਾਇਣਪੁਰ ਦੇ ਐੱਸਐੱਚਓ ਰਮੇਸ਼ ਸ਼ਾਹ ਨੇ ਕਿਹਾ ਕਿ ਲਾਸ਼ਾਂ ਦੇ ਪੋਸਟਮਾਰਟਮ ਤੋਂ ਬਾਅਦ ਹੀ ਇਨ੍ਹਾਂ ਮੌਤਾਂ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਕ ਵਿਅਕਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਜਦਕਿ ਇੱਕ ਦੀ ਮੌਤ ਉਚਾਈ ਤੋਂ ਡਿੱਗਣ ਕਾਰਨ ਹੋਈ ਹੈ। ਇਸੇ ਤਰ੍ਹਾਂ ਸਾਹਿਬਗੰਜ ਇਲਾਕੇ ਦੇ ਯੂਨੀਵਰਸਿਟੀ ਥਾਣੇ ਦੀ ਐੱਸਐੱਚਓ ਰੀਤਾ ਕੁਮਾਰੀ ਨੇ ਕਿਹਾ ਕਿ ਪੋਸਟਮਾਰਟਮ ਮਗਰੋਂ ਹੀ ਮੌਤ ਦੇ ਕਾਰਨ ਸਪੱਸ਼ਟ ਹੋ ਸਕਣਗੇ। ਸਾਹਿਬਗੰਜ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਤੇ ਉਸ ਦਾ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੇ ਰੋਸ ਵਜੋਂ ਅੱਜ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ ਤੇ ਸੜਕਾਂ 'ਤੇ ਟਾਇਰਾਂ ਨੂੰ ਅੱਗ ਲਾ ਦਿੱਤੀ। ਮਾਧੇਪੁਰਾ ਜ਼ਿਲ੍ਹੇ ਦੇ ਮੁਰਲੀਗੰਜ ਬਲਾਕ ਦੇ ਐੱਸਐੱਚਓ ਰਾਜਕਿਸ਼ੋਰ ਮੰਡਲ ਨੇ ਕਿਹਾ ਕਿ ਇਨ੍ਹਾਂ ਮੌਤਾਂ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਮਿਲਣ ਤੋਂ ਪਹਿਲਾਂ ਹੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਸੀ। -ਪੀਟੀਆਈ



Most Read

2024-09-22 04:42:45