Breaking News >> News >> The Tribune


ਰਾਹੁਲ ਗਾਂਧੀ ਖਿਲਾਫ਼ ਆਰਐੱਸਐੱਸ ਮਾਣਹਾਨੀ ਕੇਸ ’ਚ ਸੁਣਵਾਈ 10 ਤੋਂ


Link [2022-02-06 07:14:07]



ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਭਿਵੰਡੀ ਕੋਰਟ ਕਾਂਗਰਸ ਆਗੂ ਰਾਹੁਲ ਗਾਂਧੀ ਖਿਲਾਫ਼ ਆਰਐੱਸਐੱਸ ਕਾਰਕੁਨ ਵੱਲੋਂ ਦਾਇਰ ਮਾਣਹਾਨੀ ਕੇਸ ਵਿੱਚ 10 ਫਰਵਰੀ ਤੋਂ ਨਿਯਮਤ ਸੁਣਵਾਈ ਕਰੇਗੀ। ਕੋਰਟ ਨੇ ਕੇਸ ਦੇ ਟਰਾਇਲ ਦੀ ਕਾਰਵਾਈ ਅੱਜ ਤੋਂ ਸ਼ੁਰੂ ਕਰਨੀ ਸੀ, ਪਰ ਸ਼ਿਕਾਇਤਕਰਤਾ ਦੇ ਵਕੀਲ ਨੇ ਕੋਰਟ ਨੂੰ ਅਪੀਲ ਕੀਤੀ ਕਿ ਉਸ ਦਾ ਮੁਵੱਕਿਲ ਸ਼ਹਿਰ ਤੋਂ ਬਾਹਰ ਹੈ, ਜਿਸ ਕਰਕੇ ਸੁਣਵਾਈ ਨੂੰ ਮੁਲਤਵੀ ਕੀਤਾ ਜਾਵੇ। ਸਿਵਲ ਕੋਰਟ ਦੇ ਜੱਜ ਤੇ ਜੁਡੀਸ਼ੀਅਲ ਮੈਜਿਸਟਰੇਟ ਜੇ.ਵੀ.ਪਾਲੀਵਾਲ ਨੇ ਟਰਾਇਲ ਦੀ ਕਾਰਵਾਈ ਸ਼ੁਰੂ ਕਰਨ ਦੀ ਤਰੀਕ 10 ਫਰਵਰੀ ਨਿਰਧਾਰਿਤ ਕਰ ਦਿੱਤੀ। ਉਧਰ ਰਾਹੁਲ ਗਾਂਧੀ ਵੱਲੋਂ ਪੇਸ਼ ਵਕੀਲ ਨਰਾਇਣ ਅਈਅਰ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਦਾ ਮੁਵੱਕਿਲ ਵੀ ਪੰਜਾਬ, ਗੋਆ ਤੇ ਉੱਤਰ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ਵਿੱਚ ਰੁੱਝਿਆ ਹੋਇਆ ਹੈ। ਅਈਅਰ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਨੂੰ ਕੋਰਟ ਦੀ ਕਾਰਵਾਈ ਚੱਲਣ 'ਤੇ ਕੋਈ ਇਤਰਾਜ਼ ਨਹੀਂ ਹੈ। ਉਂਜ 29 ਜਨਵਰੀ ਨੂੰ ਪਿਛਲੀ ਸੁਣਵਾਈ ਦੌਰਾਨ ਕੋਰਟ ਨੇ ਸੁਪਰੀਮ ਕੋਰਟ ਦੇ ਹਾਲੀਆ ਹੁਕਮ ਦਾ ਹਵਾਲਾ ਦਿੱਤਾ ਸੀ, ਜਿਸ ਵਿੱਚ ਚੁਣੇ ਹੋਏ ਲੋਕ ਨੁਮਾਇੰਦਿਆਂ ਦੀ ਸ਼ਮੂਲੀਅਤ ਵਾਲੇ ਕੇਸਾਂ ਦੇ ਛੇਤੀ ਨਿਬੇੜੇ ਦਾ ਸੱਦਾ ਦਿੱਤਾ ਗਿਆ ਸੀ। ਭਿਵੰਡੀ ਕੋਰਟ ਨੇ ਉਦੋਂ ਕਿਹਾ ਸੀ ਕਿ ਇਹ ਕੇਸ ਵੀ ਉਸੇ ਸ਼੍ਰੇਣੀ ਵਿੱਚ ਆਉਂਦਾ ਹੈ, ਜਿਸ ਕਰਕੇ ਇਸ ਨੂੰ ਤਰਜੀਹੀ ਆਧਾਰ 'ਤੇ ਲੈਣ ਦੀ ਲੋੜ ਹੈ। -ਪੀਟੀਆਈ



Most Read

2024-09-23 06:27:53