World >> The Tribune


ਬਰਤਾਨੀਆ ਵੱਲੋਂ ਅਸਾਂਜ ਦੀ ਅਮਰੀਕਾ ਹਵਾਲਗੀ ਨੂੰ ਮਨਜ਼ੂਰੀ


Link [2022-06-18 11:58:55]



ਲੰਡਨ, 17 ਜੂਨ

ਬਰਤਾਨੀਆ ਸਰਕਾਰ ਨੇ ਜਾਸੂਸੀ ਦੇ ਦੋਸ਼ਾਂ ਵਿਚ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਅਮਰੀਕਾ ਹਵਾਲੇ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਉਹ ਇਸ ਦੇ ਖ਼ਿਲਾਫ਼ ਅਪੀਲ ਕਰ ਸਕਦਾ ਹੈ।

ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਹਵਾਲਗੀ ਦੇ ਹੁਕਮ ਉਤੇ ਹਸਤਾਖ਼ਰ ਕਰ ਦਿੱਤੇ ਹਨ। ਅਸਾਂਜ ਉਤੇ ਖ਼ੁਫ਼ੀਆ ਦਸਤਾਵੇਜ਼ ਕਥਿਤ ਤੌਰ 'ਤੇ ਲੀਕ ਕਰਨ ਦਾ ਦੋਸ਼ ਹੈ ਜੋ ਕਿ ਇਰਾਕ ਤੇ ਅਫ਼ਗਾਨਿਸਤਾਨ ਦੀ ਜੰਗ ਨਾਲ ਜੁੜੇ ਹੋਏ ਸਨ। ਗ੍ਰਹਿ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ, 'ਬਰਤਾਨੀਆ ਦੀਆਂ ਅਦਾਲਤਾਂ ਨੇ ਇਹ ਨਹੀਂ ਪਾਇਆ ਹੈ ਕਿ ਅਸਾਂਜ ਦੀ ਹਵਾਲਗੀ ਦਮਨਕਾਰੀ ਜਾਂ ਅਨਿਆਂਪੂਰਨ ਹੋਵੇਗੀ ਤੇ ਨਾ ਹੀ ਇਹ ਪਾਇਆ ਗਿਆ ਹੈ ਕਿ ਹਵਾਲਗੀ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੋਵੇਗੀ।' ਜ਼ਿਕਰਯੋਗ ਹੈ ਕਿ ਅਮਰੀਕਾ ਭੇਜੇ ਜਾਣ ਤੋਂ ਬਚਣ ਲਈ ਅਸਾਂਜ ਨੇ ਵਰ੍ਹਿਆਂ ਤੱਕ ਕਾਨੂੰਨੀ ਲੜਾਈ ਲੜੀ ਹੈ ਤੇ ਹਵਾਲਗੀ ਦਾ ਹੁਕਮ ਇਸ ਸੰਘਰਸ਼ ਵਿਚ ਇਕ ਅਹਿਮ ਮੋੜ ਹੈ। ਹਾਲਾਂਕਿ ਅਸਾਂਜ ਦੇ ਯਤਨਾਂ ਦਾ ਇਹ ਅੰਤ ਨਹੀਂ ਹੈ ਤੇ ਉਸ ਕੋਲ ਅਪੀਲ ਕਰਨ ਲਈ 14 ਦਿਨਾਂ ਦਾ ਸਮਾਂ ਹੈ। ਬਰਤਾਨੀਆ ਦੀ ਇਕ ਅਦਾਲਤ ਨੇ ਅਪਰੈਲ ਵਿਚ ਅਸਾਂਜ ਦੀ ਹਵਾਲਗੀ ਨੂੰ ਮਨਜ਼ੂਰੀ ਦਿੰਦਿਆਂ ਆਖ਼ਰੀ ਫ਼ੈਸਲਾ ਸਰਕਾਰ ਉਤੇ ਛੱਡ ਦਿੱਤਾ ਸੀ। ਇਹ ਫ਼ੈਸਲਾ ਬਰਤਾਨੀਆ ਦੀ ਸੁਪਰੀਮ ਕੋਰਟ ਤੱਕ ਪਹੁੰਚੀ ਕਾਨੂੰਨੀ ਲੜਾਈ ਤੋਂ ਬਾਅਦ ਆਇਆ ਹੈ।

ਅਮਰੀਕਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਅਸਾਂਜ ਨੇ ਖ਼ੁਫ਼ੀਆ ਕੂਟਨੀਤਕ ਕੇਬਲ ਤੇ ਫ਼ੌਜੀ ਫਾਈਲਾਂ ਚੋਰੀ ਕਰਨ ਵਿਚ ਅਮਰੀਕੀ ਸੈਨਾ ਦੇ ਖ਼ੁਫ਼ੀਆ ਵਿਸ਼ਲੇਸ਼ਕ ਚੇਲਸੀ ਮੈਨਿੰਗ ਦੀ ਮਦਦ ਕੀਤੀ, ਜਿਨ੍ਹਾਂ ਨੂੰ ਬਾਅਦ ਵਿਚ ਵਿਕੀਲੀਕਸ ਨੇ ਪ੍ਰਕਾਸ਼ਿਤ ਕੀਤਾ, ਇਸ ਨਾਲ ਅਮਰੀਕੀ ਲੋਕਾਂ ਦੀ ਜਾਨ ਨੂੰ ਜੋਖ਼ਮ ਵਿਚ ਪਾਇਆ ਗਿਆ। -ਜ਼ਿਕਰਯੋਗ ਹੈ ਕਿ ਵਿਕੀਲੀਕਸ ਸੰਸਥਾਪਕ ਜੂਲੀਅਨ ਅਸਾਂਜ ਨੇ ਯੂਕੇ ਵਿਚ ਆਪਣੀ ਹਵਾਲਗੀ ਨੂੰ ਰੋਕਣ ਲਈ ਲੰਮੀ ਕਾਨੂੰਨੀ ਲੜਾਈ ਲੜੀ ਹੈ। ਇਸ ਦੌਰਾਨ ਲੰਮਾ ਸਮਾਂ ਉਹ ਦੂਤਾਵਾਸ ਵਿਚ ਸ਼ਰਨ ਵੀ ਲੈਂਦਾ ਰਿਹਾ। ਕਈ ਮੁਲਕਾਂ ਵਿਚ ਉਸ ਦੇ ਹੱਕ ਵਿਚ ਲਹਿਰ ਵੀ ਚੱਲੀ ਤੇ ਹਵਾਲਗੀ ਦਾ ਵਿਰੋਧ ਹੋਇਆ। -ਪੀਟੀਆਈ



Most Read

2024-09-08 04:16:22