Breaking News >> News >> The Tribune


ਦਿੱਲੀ ’ਚ ਵਿਦਿਆਰਥੀ ਜਥੇਬੰਦੀਆਂ ਵੱਲੋਂ ‘ਅਗਨੀਪਥ’ ਦਾ ਵਿਰੋਧ


Link [2022-06-18 11:58:50]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 17 ਜੂਨ

'ਅਗਨੀਪਥ' ਸਕੀਮ ਖ਼ਿਲਾਫ਼ ਅੱਜ ਦਿੱਲੀ ਵਿਚ ਵੀ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਰੋਸ ਮੁਜ਼ਾਹਰੇ ਕੀਤੇ। ਇਸ ਦੌਰਾਨ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਕਰਨੇ ਪਏ ਤੇ ਪੁਲੀਸ ਨੂੰ ਤਾਇਨਾਤ ਕੀਤਾ ਗਿਆ। ਕਈ ਵਿਦਿਆਰਥੀ ਸੰਗਠਨਾਂ ਜਿਨ੍ਹਾਂ ਵਿਚ ਖੱਬੇ ਪੱਖੀ 'ਆਇਸਾ' ਦੇ ਕਾਰਕੁਨ ਵੀ ਸ਼ਾਮਲ ਸਨ, ਨੇ ਕੇਂਦਰ ਦੀ ਸਕੀਮ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਤੇ ਇਸ ਨੂੰ 'ਤਬਾਹਕੁਨ' ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਕੀਮ ਹਥਿਆਰਬੰਦ ਬਲਾਂ ਵਿਚ ਸਥਾਈ ਨੌਕਰੀਆਂ ਨੂੰ ਖ਼ਤਮ ਕਰਨ ਲਈ ਲਿਆਂਦੀ ਗਈ ਹੈ। 'ਆਪ' ਦੇ ਵਿਦਿਆਰਥੀ ਵਿੰਗ ਨੇ ਵੀ ਰੋਸ ਜ਼ਾਹਿਰ ਕੀਤਾ। 'ਆਇਸਾ' ਦੇ ਪ੍ਰਧਾਨ ਐੱਨ. ਸਾਈ ਬਾਲਾਜੀ ਨੂੰ ਜਬਰੀ ਹਿਰਾਸਤ ਵਿੱਚ ਲੈਣ ਦਾ ਦੋਸ਼ ਵੀ ਵਿਦਿਆਰਥੀ ਜਥੇਬੰਦੀ ਵੱਲੋਂ ਲਾਇਆ ਗਿਆ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਦਿੱਲੀ ਪੁਲੀਸ ਤੇ ਅਰਧ ਸੈਨਿਕ ਬਲ ਮੁਲਾਜ਼ਮਾਂ ਨਾਲ ਖਿੱਚ-ਧੂਹ ਵੀ ਹੋਈ। ਪ੍ਰਦਰਸ਼ਨਕਾਰੀਆਂ ਵਿੱਚੋਂ ਕਈਆਂ ਨੇ ਕਿਹਾ ਕਿ ਭਾਜਪਾ ਦੇ ਜਾਅਲੀ ਰਾਸ਼ਟਰਵਾਦ ਦੀ ਪੋਲ ਖੁੱਲ੍ਹ ਗਈ ਹੈ। ਐੱਸਐਫਆਈ ਨੇ ਵੀ ਇਸ ਮੌਕੇ ਰੋਸ ਮੁਜ਼ਾਹਰਾ ਕਰ ਕੇ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪੁਲੀਸ ਨੇ ਆਈਟੀਓ ਕੋਲ ਇਕੱਠੇ ਹੋਏ 17-18 ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਇਲਾਵਾ ਛਾਤਰ ਯੁਵਾ ਸੰਘਰਸ਼ ਸਮਿਤੀ, ਐੱਸਵੀਐੱਸ ਤੇ ਹੋਰਾਂ ਨੇ ਵੀ ਰੋਸ ਮੁਜ਼ਾਹਰੇ ਕੀਤੇ ਹਨ। ਇੰਡੀਅਨ ਯੂਥ ਕਾਂਗਰਸ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਉਨ੍ਹਾਂ ਦੇ ਦਫ਼ਤਰ ਦੇ ਗੇਟ ਅੱਗੇ ਬੈਰੀਕੇਡ ਲਾ ਦਿੱਤੇ। ਕਾਂਗਰਸ ਦੀ ਇਕਾਈ ਦੇ ਬੁਲਾਰੇ ਨੇ ਕਿਹਾ ਕਿ ਮੈਂਬਰਾਂ ਨੂੰ ਰੋਕਿਆ ਗਿਆ ਤੇ ਹਿਰਾਸਤ ਵਿਚ ਲੈ ਲਿਆ ਗਿਆ।



Most Read

2024-09-08 04:14:55