World >> The Tribune


ਯੂਏਈ ਵਿੱਚ ਪੂਰਨਮਾਸ਼ੀ ਮੌਕੇ ਕੌਮਾਂਤਰੀ ਯੋਗ ਦਿਵਸ ਸਮਾਰੋਹ ਦੀ ਸ਼ੁਰੂਆਤ


Link [2022-06-17 23:28:23]



ਦੁਬਈ, 15 ਜੂਨ

ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਕੌਮਾਂਤਰੀ ਯੋਗ ਦਿਵਸ ਸਮਾਰੋਹ ਦੀ ਸ਼ੁਰੂਆਤ ਕਰਦਿਆਂ ਅਬੂਧਾਬੀ ਵਿੱਚ ਪੂਰਨਮਾਸ਼ੀ ਯੋਗ ਸੈਸ਼ਨ ਕਰਵਾਇਆ ਗਿਆ।

ਵੀਪੀਐੱਸ ਹੈਲਥਕੇਅਰ ਵੱਲੋਂ ਬੁਰਜੀਲ ਮੈਡੀਕਲ ਸਿਟੀ ਵਿੱਚ 21 ਜੂਨ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਯੋਗ ਦਿਵਸ ਤੋਂ ਪਹਿਲਾਂ ਪੂਰਨਮਾਸ਼ੀ ਦੀ ਰਾਤ ਇਹ ਯੋਗ ਸਮਾਰੋਹ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਸਾਲ ਦੇ ਇਸ ਮਹੀਨੇ ਦੀ ਪੁੰਨਿਆ ਦੌਰਾਨ ਚੰਨ ਧਰਤੀ ਦੇ ਸਭ ਤੋਂ ਨੇੜੇ ਦਿਖਾਈ ਦਿੰਦਾ ਹੈ।

ਪੂਰਨਮਾਸ਼ੀ ਯੋਗ ਸੈਸ਼ਨ ਵਿੱਚ ਭਾਗ ਲੈਣ ਵਾਲੀ ਭਾਰਤੀ ਪਰਵਾਸੀ ਅਰਚਨਾ ਗੁਪਤਾ ਨੇ ਕਿਹਾ, ''ਭਾਵੇਂ ਸੈਸ਼ਨ ਦੌਰਾਨ ਕੁੱਝ ਸਮੇਂ ਲਈ ਚੰਨ ਬੱਦਲਾਂ ਓਹਲੇ ਲੁਕਣ ਕਾਰਨ ਥੋੜੀ ਨਿਰਾਸ਼ਾ ਵੀ ਹੋਈ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਰਾਤ ਦੇ ਇਸ ਸਮਾਰੋਹ ਵਿੱਚ ਭਾਗ ਲੈ ਸਕੀ। ਇਹ ਖੁਸ਼ਗਵਾਰ ਤਜਰਬਾ ਸੀ।'' ਬੁਰਜੀਲ ਹਸਪਤਾਲ ਦੇ ਖੇਤਰੀ ਸੀਈਓ ਜੌਹਨ ਸੁਨੀਲ ਨੇ ਦੱਸਿਆ ਕਿ ਉਨ੍ਹਾਂ ਪੂਰਨਮਾਸ਼ੀ ਮੌਕੇ ਲੋਕਾਂ ਨੂੰ ਨਿਵੇਕਲਾ ਤਜਰਬਾ ਦੇਣ ਲਈ ਅਨੋਖਾ ਸਮਾਰੋਹ ਕਰਨ ਦੀ ਯੋਜਨਾ ਉਲੀਕੀ ਸੀ ਅਤੇ ਇਹ ਇੱਕ ਊਰਜਾਵਾਨ ਸੈਸ਼ਨ ਸਾਬਤ ਹੋਇਆ।

ਇਸ ਤੋਂ ਪਹਿਲਾਂ ਹੈਲਥਕੇਅਰ ਗਰੁੱਪ ਨੇ ਦਿਨ ਵੇਲੇ ਲਾਈਫਕੇਅਰ ਹਸਪਤਾਲ, ਮੁਸੱਫ਼ਾ ਵਿੱਚ ਯੋਗ ਸੈਸ਼ਨ ਕਰਵਾਇਆ ਸੀ। ਵੀਪੀਐੱਸ ਹੈਲਥਕੇਅਰ ਅਤੇ ਬੁਰਜੀਲ ਹੌਸਪਿਟਲਜ਼ ਭਾਰਤੀ ਅੰਬੈਸੀ ਅਤੇ ਅਬੂਧਾਬੀ ਸਪੋਰਟਸ ਕੌਂਸਲ ਦੇ ਸਹਿਯੋਗ ਨਾਲ ਹਫ਼ਤਾਵਾਰੀ ਯੋਗ ਸੈਸ਼ਨ ਕਰਵਾ ਰਹੇ ਹਨ, ਜਿਨ੍ਹਾਂ ਵਿੱਚ 6000 ਤੋਂ ਵੱਧ ਲੋਕਾਂ ਦੇ ਭਾਗ ਲੈਣ ਦੀ ਸੰਭਾਵਨਾ ਹੈ। ਕੌਮਾਂਤਰੀ ਯੋਗ ਦਿਵਸ ਮੌਕੇ 21 ਜੂਨ ਨੂੰ ਅਬੂਧਾਬੀ ਦੇ ਕ੍ਰਿਕਟ ਸਟੇਡੀਅਮ ਵਿੱਚ ਵਿਸ਼ੇਸ਼ ਸਮਾਰੋਹ ਕਰਵਾਇਆ ਜਾਵੇਗਾ, ਜੋ ਯੂੲੇਈ ਵੱਲੋਂ ਇਸ ਸਾਲ ਕਰਵਾਇਆ ਜਾਣ ਵਾਲਾ ਸਭ ਤੋਂ ਵੱਡਾ ਯੋਗ ਸਮਾਰੋਹ ਹੋਵੇਗਾ। -ਪੀਟੀਆਈ



Most Read

2024-09-08 04:14:23