World >> The Tribune


ਪਾਕਿਸਤਾਨ: ਧਨ-ਦੌਲਤ ਦੇ ਮਾਮਲੇ ਵਿੱਚ ਬੇਗ਼ਮਾਂ ਤੋਂ ਫਾਡੀ ਨੇ ਸ਼ਾਹਬਾਜ਼ ਤੇ ਇਮਰਾਨ


Link [2022-06-17 23:28:23]



ਇਸਲਾਮਾਬਾਦ, 16 ਜੂਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਬੇਗ਼ਮਾਂ ਕੋਲ ਆਪਣੇ ਪਤੀਆਂ ਤੋਂ ਵੱਧ ਜਾਇਦਾਦ ਹੈ। ਅੱਜ ਮੀਡੀਆ ਵਿੱਚ ਆਈਆਂ ਖ਼ਬਰਾਂ ਵਿੱਚ ਇਹ ਗੱਲ ਕਹੀ ਗਈ ਹੈ। 30 ਜੂਨ, 2020 ਨੂੰ ਸਮਾਪਤ ਹੋਏ ਵਿੱਤੀ ਸਾਲ ਲਈ ਪਾਕਿਸਤਾਨ ਚੋਣ ਕਮਿਸ਼ਨ ਕੋਲ ਦਾਖ਼ਲ ਜਾਇਦਾਦ ਦੇ ਵੇਰਵਿਆਂ ਮੁਤਾਬਕ, ਨੁਸਰਤ ਸ਼ਾਹਬਾਜ਼ ਆਪਣੇ ਪਤੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੋਂ ਅਮੀਰ ਹੈ। ਉਨ੍ਹਾਂ ਕੋਲ 23 ਕਰੋੜ ਦੋ ਲੱਖ 90 ਹਜ਼ਾਰ ਰੁਪਏ ਦੀ ਜਾਇਦਾਦ ਹੈ। ਅਖ਼ਬਾਰ 'ਦਿ ਡਾਅਨ' ਦੀ ਖ਼ਬਰ ਮੁਤਾਬਕ, ਪ੍ਰਧਾਨ ਮੰਤਰੀ ਦੀ ਪਤਨੀ ਕੋਲ ਖੇਤੀਬਾੜੀ ਨਾਲ ਸਬੰਧਿਤ ਨੌਂ ਸੰਪਤੀਆਂ ਅਤੇ ਲਾਹੌਰ ਤੇ ਹਜ਼ਾਰਾ ਵਿੱਚ ਇੱਕ ਇੱਕ ਘਰ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਵੀ ਕਾਫ਼ੀ ਨਿਵੇਸ਼ ਕੀਤਾ ਹੋਇਆ ਹੈ, ਪਰ ਉਨ੍ਹਾਂ ਦੇ ਨਾਮ 'ਤੇ ਕੋਈ ਵਾਹਨ ਨਹੀਂ ਹੈ। ਪ੍ਰਧਾਨ ਮੰਤਰੀ ਕੋਲ ਦਸ ਕਰੋੜ 42 ਲੱਖ ਦਸ ਹਜ਼ਾਰ ਰੁਪਏ ਦੀ ਸੰਪਤੀ ਹੈ। ਉਨ੍ਹਾਂ ਸਿਰ 14 ਕਰੋੜ 17 ਲੱਖ 80 ਹਜ਼ਾਰ ਰੁਪਏ ਦੀ ਦੇਣਦਾਰੀ ਵੀ ਹੈ। ਉਥੇ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕੋਲ ਦੋ ਲੱਖ ਰੁਪਏ ਦੀ ਕੀਮਤ ਦੀਆਂ ਚਾਰ ਬੱਕਰੀਆਂ ਹਨ। ਪਾਕਿਸਤਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਪ੍ਰਮੁੱਖ ਖ਼ਾਨ ਕੋਲ ਛੇ ਸੰਪਤੀਆਂ ਹਨ। ਇਮਰਾਨ ਕੋਲ ਨਾ ਤਾਂ ਕੋਈ ਵਾਹਨ ਹੈ ਅਤੇ ਨਾ ਹੀ ਪਾਕਿਸਤਾਨ ਤੋਂ ਬਾਹਰ ਕੋਈ ਜਾਇਦਾਦ ਹੈ। ਖ਼ਾਨ ਦੀ ਤੀਸਰੀ ਪਤਨੀ ਬੁਸ਼ਰਾ ਬੀਬੀ ਕੋਲ 14 ਕਰੋੜ 11 ਲੱਖ ਦਸ ਹਜ਼ਾਰ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਕੋਲ ਚਾਰ ਜਾਇਦਾਦਾਂ ਹਨ।



Most Read

2024-09-08 04:33:53