Breaking News >> News >> The Tribune


ਅਗਨੀਪਥ ਯੋਜਨਾ ਖ਼ਿਲਾਫ਼ ਨੌਜਵਾਨਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ


Link [2022-06-17 23:27:23]



ਨਵੀਂ ਦਿੱਲੀ/ਪਟਨਾ/ਬਾਲੀਆ, 17 ਜੂਨ

ਫੌਜ ਵਿੱਚ ਭਰਤੀ ਸਬੰਧੀ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਪ੍ਰਦਰਸ਼ਨਾਂ ਦਾ ਸੇਕ ਹੁਣ ਦੱਖਣੀ ਸੂਬਿਆਂ ਤੱਕ ਪਹੁੰਚ ਚੁੱਕਾ ਹੈ। ਪ੍ਰਦਰਸ਼ਨਕਾਰੀਆਂ ਨੇ ਬਿਹਾਰ ਵਿੱਚ ਦੋ ਅਤੇ ਉੱਤਰ ਪ੍ਰਦੇਸ਼ ਤੇ ਤਿਲੰਗਾਨਾ ਵਿੱਚ ਇਕ ਇਕ ਰੇਲ ਗੱਡੀ ਫੂਕ ਦਿੱਤੀ। ਬਿਹਾਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਰੇਲ ਤੇ ਸੜਕੀ ਆਵਾਜਾਈ ਨੂੰ ਰੋਕਿਆ ਅਤੇ ਭਾਗਲਪੂੁਰ-ਨਵੀਂ ਦਿੱਲੀ ਵਿਕਰਮਸ਼ਿਲਾ ਐਕਸਪ੍ਰੈਸ ਅਤੇ ਜੰਮੂ ਤਵੀ-ਗੁਹਾਟੀ ਐਕਸਪ੍ਰੈਸ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇਸੇ ਦੌਰਾਨ ਦੇਸ਼ ਦੀਆਂ ਕਈ ਸਮਾਜਿਕ ਤੇ ਸਿਆਸੀ ਸੰਸਥਾਵਾਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਅਗਨੀਪਥ ਸਕੀਮ ਨੂੰ ਜਲਦੀ ਵਾਪਸ ਲਿਆ ਜਾਵੇ ਨਹੀਂ ਤਾਂ ਭਾਰਤ ਬੰਦ ਦੀ ਸੱਦਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਵਿਦਿਆਰਥੀਆਂ ਨੇ ਬੇਗੂਸਰਾਏ ਵਿੱਚ ਲਖਮੀਨੀਆ ਰੇਲਵੇ ਸਟੇਸ਼ਨ ਨੂੰ ਅੱਗ ਲਗਾ ਦਿੱਤੀ। ਪਟਨਾ ਵਿੱਚ ਹਜੂਮ ਨੇ ਭਾਜਪਾ ਆਗੂ ਤੇ ਉਪ ਮੁੱਖ ਮੰਤਰੀ ਰੇਣੂ ਦੇਵੀ ਦੇ ਘਰ ਨੂੰ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਵਿੱਚ ਵੀ ਲੋਕਾਂ ਨੇ ਸਰਕਾਰੀ ਬੱਸਾਂ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਇਸ ਦੌਰਾਨ ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਹੋਈ ਹਿੰਸਾ ਲਈ 1000 ਤੋਂ ਵੱਧ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਦੇਸ਼ ਭਰ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਕਾਰਨ ਹੁਣ ਤੱਕ 300 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਜਦਕਿ 234 ਰੱਦ ਕੀਤੀਆਂ ਗਈਆਂ ਹਨ। ਰੇਲਵੇ ਨੇ ਅੱਜ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਕਿਹਾ ਕਿ ਪ੍ਰਦਰਸ਼ਨ ਕਾਰਨ 94 ਮੇਲ ਤੇ ਐਕਸਪ੍ਰੈੱਸ ਰੇਲ ਗੱਡੀਆਂ, ਜਦਕਿ 140 ਯਾਤਰੀ ਰੇਲ ਗੱਡੀਆਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ 65 ਮੇਲ ਤੇ ਐਕਸਪ੍ਰੈੱਸ ਰੇਲ ਗੱਡੀਆਂ ਅਤੇ 30 ਯਾਤਰੀ ਰੇਲ ਗੱਡੀਆਂ ਅੰਸ਼ਿਕ ਤੌਰ 'ਤੇ ਰੱਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਰੇਲਵੇ ਨੇ 11 ਮੇਲ ਤੇ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਬਦਲਵੇਂ ਰਸਤੇ ਰਾਹੀਂ ਚਲਾਇਆ ਹੈ। ਹੁਣ ਤੱਕ ਕੁੱਲ 340 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ।

'ਅਗਨੀਪਥ' ਯੋਜਨਾ ਦੇ ਬਚਾਅ 'ਚ ਉਤਰੇ ਭਾਜਪਾ ਦੇ ਸੀਨੀਅਰ ਆਗੂ

ਨਵੀਂ ਦਿੱਲੀ: ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਲਿਆਂਦੀ ਗਈ 'ਅਗਨੀਪਥ' ਯੋਜਨਾ ਖ਼ਿਲਾਫ਼ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿਚਾਲੇ ਅੱਜ ਭਾਰਤੀ ਜਨਤਾ ਪਾਰਟੀ ਨੇ ਆਪਣੇ ਸੀਨੀਅਰ ਆਗੂਆਂ ਨੂੰ ਯੋਜਨਾ ਦੇ ਬਚਾਅ ਲਈ ਮੈਦਾਨ ਵਿੱਚ ਉਤਾਰਿਆ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਯੋਜਨਾ ਨੂੰ ਦੇਸ਼ ਦੀ ਸੇਵਾ ਕਰਨ ਲਈ ਨੌਜਵਾਨਾਂ ਵਾਸਤੇ ਸੁਨਹਿਰੀ ਮੌਕਾ ਕਰਾਰ ਦਿੱਤਾ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਲਈ ਕਿੰਨੇ ਗੰਭੀਰ ਹਨ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਕੋਸ਼ਿਸ਼ਾਂ ਕਰ ਰਹੇ ਹਨ। -ਏਜੰਸੀ



Most Read

2024-09-18 11:24:52