Breaking News >> News >> The Tribune


ਅਗਨੀਪਥ: ਹਰਿਆਣਾ ਅਤੇ ਬਿਹਾਰ ’ਚ ਹਿੰਸਕ ਪ੍ਰਦਰਸ਼ਨ


Link [2022-06-17 23:27:23]



ਨਵੀਂ ਦਿੱਲੀ, 16 ਜੂਨ

ਮੁੱਖ ਅੰਸ਼

ਯੂਪੀ, ਰਾਜਸਥਾਨ ਤੇ ਜੰਮੂ ਵਿੱਚ ਵੀ ਸੜਕਾਂ 'ਤੇ ਉੱਤਰੇ ਨੌਜਵਾਨ ਸਕੀਮ ਫੌਰੀ ਵਾਪਸ ਲੈਣ ਤੇ ਰੁਕੀਆਂ ਭਰਤੀਆਂ ਸ਼ੁਰੂ ਕਰਨ ਦੀ ਮੰਗ ਰੱਖੀ ਪਟਨਾ 'ਚ ਭਾਜਪਾ ਵਿਧਾਇਕ ਦੀ ਕਾਰ 'ਤੇ ਪੱਥਰਬਾਜ਼ੀ ਨਵਾਦਾ 'ਚ ਭਾਜਪਾ ਦਫ਼ਤਰ ਨੂੰ ਅੱਗ ਲਾਈ

ਸਰਕਾਰ ਵੱਲੋਂ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਐਲਾਨੀ 'ਅਗਨੀਪਥ' ਸਕੀਮ ਖਿਲਾਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਏ ਪ੍ਰਦਰਸ਼ਨਾਂ ਨੇ ਅੱਜ ਦੂਜੇ ਦਿਨ ਹਿੰਸਕ ਰੂਪ ਧਾਰ ਲਿਆ। ਹਰਿਆਣਾ 'ਚ ਕਈ ਥਾਵਾਂ 'ਤੇ ਪੁਲੀਸ ਅਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਵਿੱਚ ਹਿੰਸਕ ਝੜਪਾਂ ਹੋਈਆਂ। ਪਲਵਲ ਵਿੱਚ ਗੁੱਸੇ 'ਚ ਆਏ ਨੌਜਵਾਨਾਂ ਨੇ ਤਿੰਨ ਪੁਲੀਸ ਵਾਹਨ ਫੂਕ ਦਿੱਤੇ ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੀ ਭੰਨਤੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹਰਿਆਣਾ ਵਿੱਚ ਰੇਲ ਅਤੇ ਕੌਮੀ ਮਾਰਗਾਂ 'ਤੇ ਆਵਾਜਾਈ ਠੱਪ ਰੱਖੀ। ਇਹਤਿਆਤ ਵਜੋਂ ਪਲਵਲ ਵਿੱਚ 24 ਘੰਟਿਆਂ ਲਈ ਇੰਟਰਨੈੱਟ ਤੇ ਐੱਸਐੱਮਐੱਸ ਸੇਵਾ ਬੰਦ ਕਰ ਦਿੱਤੀਆਂ ਹਨ। ਉਧਰ ਪਟਨਾ ਵਿੱਚ ਵੀ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਰੇਲਗੱਡੀਆਂ ਨੂੰ ਅੱਗ ਲਾ ਦਿੱਤੀ ਤੇ ਬੱਸਾਂ ਦੇ ਸ਼ੀਸ਼ੇ ਭੰਨੇ। ਕੁਝ ਸ਼ਰਾਰਤੀ ਅਨਸਰਾਂ ਨੇ ਪੱਥਰਬਾਜ਼ੀ ਵੀ ਕੀਤੀ, ਜਿਸ ਵਿੱਚ ਭਾਜਪਾ ਵਿਧਾਇਕ ਅਰੁਣਾ ਦੇਵੀ ਸਣੇ ਕੁਝ ਰਾਹਗੀਰ ਜ਼ਖ਼ਮੀ ਹੋ ਗਏ। ਭਾਜਪਾ ਦੇ ਇੱਕ ਵਿਧਾਇਕ ਦੇ ਛਪਰਾ ਸਥਿਤ ਘਰ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਤੋੜਫੋੜ ਕੀਤੀ, ਜਦਕਿ ਨਵਾਦਾ ਵਿੱਚ ਭਾਜਪਾ ਦੇ ਦਫ਼ਤਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਗੁੱਸੇ 'ਚ ਆਏ ਨੌਜਵਾਨਾਂ ਨੂੰ ਖਿੰਡਾਉਣ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਤੇ ਲਾਠੀਆਂ ਵਰ੍ਹਾਈਆਂ।

ਹਰਿਆਣਾ ਦੇ ਸ਼ਹਿਰ ਪਲਵਲ ਵਿੱਚ ਮੁਜ਼ਾਹਰਾਕਾਰੀ ਡੀਸੀ ਦਫਤਰ ਉੱਤੇ ਪਥਰਾਅ ਕਰਦੇ ਹੋਏ। -ਫੋਟੋ:ਪੰਜਾਬੀ ਟ੍ਰਿਬਿਊਨ

ਫੌਜ 'ਚ ਭਰਤੀ ਦੇ ਇੱਛੁਕ ਨੌਜਵਾਨਾਂ ਨੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ 'ਅਗਨੀਪਥ' ਸਕੀਮ ਨੂੰ ਫੌਰੀ ਵਾਪਸ ਲੈਣ ਤੇ ਰੁਕੀਆਂ ਭਰਤੀਆਂ ਦਾ ਅਮਲ ਜਲਦੀ ਪੂਰਾ ਕਰਨ ਦੀ ਮੰਗ ਕੀਤੀ। ਨੌਜਵਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਅਜਿਹੀਆਂ ਸਕੀਮਾਂ ਲਿਆ ਕੇ ਉਨ੍ਹਾਂ ਦੇ ਭਵਿੱਖ ਨਾਲ ਖੇਡ ਰਹੀ ਹੈ। ਬਿਹਾਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਭਬੂਆ ਤੇ ਛਪਰਾ ਸਟੇਸ਼ਨਾਂ 'ਤੇ ਖੜ੍ਹੀਆਂ ਬੋਗੀਆਂ ਨੂੰ ਅੱਗ ਲਾ ਦਿੱਤੀ ਤੇ ਕਈ ਥਾਈ ਰੇਲਗੱਡੀਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਭੰਨ ਦਿੱਤੇ। ਅਰਾਹ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਇਕੱਤਰ ਹੋ ਗਏ, ਜਿਨ੍ਹਾਂ ਨੂੰ ਖਿੰਡਾਉਣ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲੇ ਦਾਗ਼ਣੇ ਪਏ। ਰੋਸ ਮੁਜ਼ਾਹਰਿਆਂ ਕਰਕੇ ਪਟਨਾ-ਗਯਾ, ਬਰੌਨੀ-ਕਟਿਹਾਰ ਅਤੇ ਦਾਨਾਪੁਰ-ਡੀਡੀਯੂ ਜਿਹੇ ਸਭ ਤੋਂ ਵੱਧ ਮਸਰੂਫ਼ ਰੂਟਾਂ 'ਤੇ ਆਵਾਜਾਈ ਅਸਰਅੰਦਾਜ਼ ਹੋਈ। ਬਕਸਰ ਵਿੱਚ ਕਈ ਗੱਡੀਆਂ ਆਊਟ ਸਿਗਨਲ 'ਤੇ ਫਸੀਆਂ ਰਹੀਆਂ। ਜਹਾਨਾਬਾਦ, ਬਕਸਰ, ਕਟਿਹਾਰ, ਸਾਰਨ, ਭੋਜਪੁਰ ਤੇ ਕੈਮੂਰ ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ। ਏਡੀਜੀਪੀ (ਕਾਨੂੰਨ ਵਿਵਸਥਾ) ਸੰਜੈ ਸਿੰਘ ਨੇ ਦੱਸਿਆ ਕਿ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 125 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨਾਲ ਹੋਈ ਝੜਪ ਵਿੱਚ ਘੱਟੋ ਘੱਟ 16 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪਟਨਾ ਵਿੱਚ ਰੋਸ ਪ੍ਰਦਰਸ਼ਨਾਂ ਦਰਮਿਆਨ ਭਾਜਪਾ ਵਿਧਾਇਕ ਅਰੁਣਾ ਦੇਵੀ ਅੱਜ ਵਾਲ ਵਾਲ ਬਚ ਗਏ। ਵਿਧਾਇਕਾ ਨਵਾਦਾ ਰੇਲਵੇ ਫਾਟਕ ਕੋਲੋਂ ਆਪਣੀ ਕਾਰ ਵਿੱਚ ਲੰਘ ਰਹੀ ਸੀ ਜਦੋਂਕਿ ਕੁਝ ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਬੋਲ ਦਿੱਤਾ। ਨੌਜਵਾਨਾਂ ਨੇ ਕਾਰ 'ਤੇ ਪੱਥਰ ਮਾਰੇ, ਪਰ ਉਹ ਕਿਸੇ ਤਰ੍ਹਾਂ ਉਥੋਂ ਨਿਕਲਣ ਵਿੱਚ ਕਾਮਯਾਬ ਰਹੇ। ਉਂਜ ਪੱਥਰਬਾਜ਼ੀ ਦੌਰਾਨ ਵਿਧਾਇਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਯੂਪੀ ਦੇ ਬੁਲੰਦਸ਼ਹਿਰ ਤੇ ਬਲੀਆ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਨੇ 'ਅਗਨੀਪਥ' ਸਕੀਮ ਤਹਿਤ ਨੌਜਵਾਨਾਂ ਦੀ ਭਰਤੀ ਖਿਲਾਫ਼ ਧਰਨੇ ਪ੍ਰਦਰਸ਼ਨਾਂ ਦੌਰਾਨ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਸਕੀਮ ਵਾਪਸ ਲਏ ਜਾਣ ਦੀ ਮੰਗ ਕੀਤੀ। ਹਾਲਾਂਕਿ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸੇ ਮਗਰੋਂ ਨੌਜਵਾਨ ਧਰਨਾ ਚੁੱਕਣ ਲਈ ਰਾਜ਼ੀ ਹੋ ਗਏ। ਉਂਜ ਧਰਨੇ ਪ੍ਰਦਰਸ਼ਨਾਂ ਕਰਕੇ ਬਲੀਆ ਤੇ ਨੇੜਲੇ ਜ਼ਿਲ੍ਹਿਆਂ ਵਿੱਚ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਉਧਰ ਆਗਰਾ ਦੇ ਬਾਹ ਵਿੱਚ ਫੌਜ 'ਚ ਭਰਤੀ ਹੋਣ ਦੇ ਇੱਛੁਕ ਨੌਜਵਾਨਾਂ ਨੇ ਸਰਕਾਰੀ ਬੱਸ 'ਤੇ ਪੱਥਰਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਆਗਰਾ-ਜੈਪੁੁਰ ਹਾਈਵੇਅ ਤੇ ਐੱਮਜੀ ਰੋਡ ਨੂੰ ਜਾਮ ਕੀਤਾ। ਰਾਜਸਥਾਨ ਵਿੱਚ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦੇ ਕੌਮੀ ਕਨਵੀਨਰ ਤੇ ਸੰਸਦ ਮੈਂਬਰ ਹਨੂਮਾਨ ਬੇਨੀਵਾਲ ਦੀ ਅਗਵਾਈ ਹੇਠ ਫੌਜ ਵਿੱਚ ਰੁਜ਼ਗਾਰ ਦੇ ਇੱਛੁਕ ਨੌਜਵਾਨਾਂ ਨੇ ਕੇਂਦਰ ਦੀ 'ਅਗਨੀਪਥ' ਸਕੀਮ ਖਿਲਾਫ਼ ਜੋਧਪੁਰ, ਸੀਕਰ, ਜੈਪੁਰ, ਨਾਗੌਰ, ਅਜਮੇਰ ਤੇ ਝੁਨਝੁਨੂ ਜ਼ਿਲ੍ਹਿਆਂ ਵਿੱਚ ਰੋਸ ਰੈਲੀਆਂ ਕੀਤੀਆਂ। -ਪੀਟੀਆਈ

'ਅਗਨੀਵੀਰਾਂ' ਦੀ ਉਮਰ ਹੱਦ 23 ਸਾਲ ਕੀਤੀ

ਕੇਂਦਰ ਸਰਕਾਰ ਨੇ ਦੇਰ ਰਾਤ ਲਏ ਇੱਕ ਫ਼ੈਸਲੇ ਵਿੱਚ 'ਅਗਨੀਪਥ' ਸਕੀਮ ਤਹਿਤ 'ਅਗਨੀਵੀਰਾਂ' ਦੀ ਭਰਤੀ ਲਈ ਉਪਰਲੀ ਉਮਰ ਹੱਦ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ। ਇਹ ਉਮਰ ਹੱਦ ਸਿਰਫ਼ ਇੱਕ ਵਾਰ ਲਈ ਵਧਾਈ ਗਈ ਹੈ।



Most Read

2024-09-19 04:00:36