Breaking News >> News >> The Tribune


ਅਗਨੀਪਥ: ਪੈਸੇ ਦੀ ਬੱਚਤ ਪਰ ਸੁਰੱਖਿਆ ਪੱਖੋਂ ਮੂਰਖਾਨਾ ਫ਼ੈਸਲਾ: ਕਾਂਗਰਸ


Link [2022-06-17 23:27:23]



ਨਵੀਂ ਦਿੱਲੀ, 16 ਜੂਨ

ਅਗਨੀਪਥ ਯੋਜਨਾ ਸਬੰਧੀ ਅੱਜ ਕਾਂਗਰਸ ਨੇ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਕਾਫੀ ਤਰ੍ਹਾਂ ਦੇ ਖ਼ਤਰੇ ਪੈਦਾ ਹੋਣਗੇ ਅਤੇ ਇਸ ਨਾਲ ਹਥਿਆਰਬੰਦ ਬਲਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਤੇ ਲੋਕਾਚਾਰ ਖ਼ਤਮ ਹੋ ਜਾਵੇਗਾ। ਇਹ ਫ਼ੈਸਲਾ 'ਪੈਸੇ ਦੀ ਬੱਚਤ ਪੱਖੋਂ ਸਹੀ ਪਰ ਸੁਰੱਖਿਆ ਪੱਖੋਂ ਮੂਰਖਾਨਾ' ਸਾਬਿਤ ਹੋ ਸਕਦਾ ਹੈ। ਕਾਂਗਰਸੀ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਸੇਵਾਮੁਕਤ ਫ਼ੌਜੀ ਅਧਿਕਾਰੀਆਂ ਨੇ ਨਿਰਵਿਰੋਧ ਇਸ ਯੋਜਨਾ ਦਾ ਵਿਰੋਧ ਕੀਤਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸੇਵਾ ਨਿਭਾਅ ਰਹੇ ਕਈ ਅਧਿਕਾਰੀਆਂ ਦਾ ਵੀ ਇਹੀ ਮੰਨਣਾ ਹੈ। ਉਨ੍ਹਾਂ ਇੱਥੇ ਪਾਰਟੀ ਆਗੂਆਂ ਅਜੈ ਮਾਕਨ, ਸਚਿਨ ਪਾਇਲਟ ਅਤੇ ਪਵਨ ਖੇੜਾ ਨਾਲ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ।

ਕਾਂਗਰਸੀ ਆਗੂ ਨੇ ਕਿਹਾ, ''ਅਗਨੀਪਥ ਯੋਜਨਾ ਵਿਵਾਦਤ, ਵੱਖ-ਵੱਖ ਤਰ੍ਹਾਂ ਦੇ ਖਤਰਿਆਂ ਵਾਲੀ ਅਤੇ ਹਥਿਆਰਬੰਦ ਬਲਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਤੇ ਲੋਕਾਚਾਰ ਨੂੰ ਖ਼ਤਮ ਕਰਨ ਵਾਲੀ ਹੈ।''

ਕਾਂਗਰਸੀ ਆਗੂ ਨੇ ਕਿਹਾ ਕਿ ਪਹਿਲੀ ਚਿੰਤਾ ਇਹ ਹੈ ਕਿ ਅਗਨੀਵੀਰਾਂ ਨੂੰ ਛੇ ਮਹੀਨਿਆਂ ਦੀ ਸਿਖਲਾਈ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ੳਹ 42 ਹੋਰ ਮਹੀਨਿਆਂ ਲਈ ਸੇਵਾਵਾਂ ਨਿਭਾਉਣਗੇ। ਉਸ ਮਗਰੋਂ 75 ਫ਼ੀਸਦ ਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ''ਇਸ ਯੋਜਨਾ ਤਹਿਤ ਸਿਖਲਾਈ ਦੇ ਨਾਂ 'ਤੇ ਮਜ਼ਾਕ ਕੀਤਾ ਜਾ ਰਿਹਾ ਹੈ ਜਿਸ ਨਾਲ ਹਥਿਆਰਬੰਦ ਬਲਾਂ 'ਚ ਮਾੜੀ ਸਿਖਲਾਈ ਵਾਲੇ ਤੇ ਮਾੜੀ ਪ੍ਰੇਰਨਾ ਵਾਲੇ ਜਵਾਨ ਭਰਤੀ ਹੋਣਗੇ ਅਤੇ ਨਿਰਾਸ਼ ਤੇ ਦੁਖੀ ਸਾਬਕਾ ਸੈਨਿਕ ਸਮਾਜ ਨੂੰ ਮਿਲਣਗੇ।

ਉਨ੍ਹਾਂ ਕਿਹਾ ਕਿ ਭਰਤੀ ਲਈ 17.5 ਤੋਂ 21 ਸਾਲ ਉਮਰ ਕਈ ਸਵਾਲ ਖੜ੍ਹੇ ਕਰਦੀ ਹੈ ਕਿਉਂਕਿ ਇਸ ਨਾਲ ਵੱਡੀ ਗਿਣਤੀ ਨੌਜਵਾਨ ਪੂਰੀ ਤਰ੍ਹਾਂ ਹਥਿਆਰਬੰਦ ਬਲਾਂ ਦੀ ਸੇਵਾ 'ਚੋਂ ਬਾਹਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਯੋਜਨਾ ਦਾ ਮਕਸਦ ਪੈਨਸ਼ਨ ਦੀ ਰਾਸ਼ੀ ਬਚਾਉਣਾ ਦੱਸਿਆ ਜਾ ਰਿਹਾ ਹੈ ਜੋ ਕਿ ਇਕ ਕਮਜ਼ੋਰ ਦਲੀਲ ਹੈ। ਇਸ ਤੋਂ ਇਲਾਵਾ ਸਿਰਫ਼ ਛੇ ਮਹੀਨੇ ਦੀ ਸਿਖਲਾਈ ਅਤੇ 42 ਮਹੀਨਿਆਂ ਦੀ ਸੇਵਾ ਦੇ ਨਕਾਰਾਤਮਕ ਨਤੀਜੇ ਸਾਹਮਣੇ ਆ ਸਕਦੇ ਹਨ। ਇਸ ਦੌਰਾਨ ਅੱਜ ਕੇਂਦਰੀ ਮੰਤਰੀ ਅਸ਼ਵਿਨੀ ਚੌਬੇ ਤੇ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਇਹ ਯੋਜਨਾ ਨੌਜਵਾਨਾਂ ਲਈ ਨਵੇਂ ਰਾਹ ਖੋਲ੍ਹੇਗੀ। -ਪੀਟੀਆਈ

ਨਵਾਂ ਮਾਡਲ ਹਥਿਆਰਬੰਦ ਬਲਾਂ 'ਚ ਨਵੀਆਂ ਸਮਰਥਾਵਾਂ ਲਿਆਵੇਗਾ: ਸਰਕਾਰ

ਨਵੀਂ ਦਿੱਲੀ: ਨਵੀਂ ਭਰਤੀ ਸਕੀਮ 'ਅਗਨੀਪਥ' ਖਿਲਾਫ਼ ਕਈ ਰਾਜਾਂ ਵਿੱਚ ਪ੍ਰਦਰਸ਼ਨਾਂ ਦੇ ਹਿੰਸਕ ਰੂਪ ਧਾਰਨ ਮਗਰੋਂ ਸਰਕਾਰ ਨੇ ਅੱਜ ਸਪਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਕਿ ਭਰਤੀ ਦਾ ਇਹ ਨਵਾਂ ਮਾਡਲ ਹਥਿਆਰਬੰਦ ਬਲਾਂ ਵਿੱਚ ਨਾ ਸਿਰਫ਼ ਨਵੀਆਂ ਸਮਰਥਾਵਾਂ ਨੂੰ ਲਿਆਵੇਗਾ ਬਲਕਿ ਨੌਜਵਾਨਾਂ ਲਈ ਪ੍ਰਾਈਵੇਟ ਸੈਕਟਰ ਵਿੱਚ ਵਸੀਲਿਆਂ ਲਈ ਰਾਹ ਖੋਲ੍ਹੇਗਾ ਤੇ ਵਿੱਤੀ ਪੈਕੇਜ ਦੇ ਰੂਪ ਵਿੱਚ ਉਨ੍ਹਾਂ ਨੂੰ ਉੱਦਮੀ ਬਣਾਉਣ ਵਿੱਚ ਮਦਦਗਾਰ ਹੋਵੇਗਾ।



Most Read

2024-09-18 08:21:16