Breaking News >> News >> The Tribune


ਮਜ਼ਬੂਤ ਤੇ ਇਕਜੁੱਟ ਆਸੀਆਨ ਦਾ ਪੂਰਨ ਸਮਰਥਨ ਕਰਦੈ ਭਾਰਤ: ਜੈਸ਼ੰਕਰ


Link [2022-06-17 23:27:23]



ਨਵੀਂ ਦਿੱਲੀ, 16 ਜੂਨ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਮਜ਼ਬੂਤ, ਇਕਜੁੱਟ ਅਤੇ ਖੁਸ਼ਹਾਲ ਆਸੀਆਨ ਦਾ ਸਮਰਥਨ ਕਰਦਾ ਹੈ ਅਤੇ ਦੋਹਾਂ ਧਿਰਾਂ ਨੂੰ ਯੂਕਰੇਨ ਵਿੱਚ ਘਟਨਾਕ੍ਰਮ ਕਾਰਨ ਪੈਦਾ ਹੋਏ ਮੁਸ਼ਕਿਲ ਰਸਤੇ 'ਤੇ ਚੱਲਦੇ ਹੋਏ ਨਵੀਆਂ ਤਰਜੀਹਾਂ ਦੀ ਪਛਾਣ ਕਰਨੀ ਚਾਹੀਦੀ ਹੈ। ਦਿੱਲੀ ਵਿੱਚ ਭਾਰਤ-ਆਸੀਆਨ ਵਿਦੇਸ਼ ਮੰਤਰੀਆਂ ਦੀ ਵਿਸ਼ੇਸ਼ ਮੀਟਿੰਗ ਦੇ ਉਦਾਘਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਯੂਕਰੇਨ ਸੰਕਟ ਕਾਰਨ ਪੈਦਾ ਹੋਏ ਭੂ-ਰਾਜਨੀਤਕ ਮੁਸ਼ਕਿਲ ਹਾਲਾਤ ਅਤੇ ਇਸ ਦੇ ਖੁਰਾਕ, ਊਰਜਾ ਸੁਰੱਖਿਆ, ਖਾਦਾਂ ਦੀਆਂ ਕੀਮਤਾਂ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਦੇ ਨਾਲ ਹੀ ਸਾਜ਼ੋ-ਸਾਮਾਨ ਅਤੇ ਸਪਲਾਈ ਚੇਨਾਂ 'ਤੇ ਪਏ ਅਸਰ ਬਾਰੇ ਗੱਲ ਕੀਤੀ। ਜੈਸ਼ੰਕਰ ਨੇ ਕਿਹਾ ਕਿ ਆਸੀਆਨ ਹਮੇਸ਼ਾ ਖੇਤਰਵਾਦ, ਬਹੁਪੱਖੀਵਾਦ ਅਤੇ ਵਿਸ਼ਵੀਕਰਨ ਦੇ ਰਾਹ ਦਿਸੇਰੇ ਦੇ ਰੂਪ ਵਿੱਚ ਖੜ੍ਹਾ ਰਿਹਾ ਹੈ। ਭਾਰਤ 10 ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦੀ ਐਸੋਸੀਏਸ਼ਨ (ਆਸੀਆਨ) ਨਾਲ ਆਪਣੇ ਸਬੰਧਾਂ ਦੀ 30ਵੀਂ ਵਰ੍ਹੇਗੰਢ ਮੌਕੇ ਦੋ ਰੋਜ਼ਾ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸੰਮੇਲਨ ਵਿੱਚ ਯੂਕਰੇਨ ਸੰਕਟ ਦੇ ਵਪਾਰ, ਅਰਥਵਿਵਸਥਾ ਅਤੇ ਖੇਤਰੀ ਸੁਰੱਖਿਆ 'ਤੇ ਪਏ ਮਾੜੇ ਅਸਰ ਤੋਂ ਨਿਪਟਣ ਦੇ ਰਸਤੇ ਲੱਭੇ ਜਾਣ ਦੀ ਆਸ ਹੈ।

ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਅਨ ਬਾਲਕ੍ਰਿਸ਼ਨਨ ਨੇ ਯੂਕਰੇਨ 'ਤੇ ਹਮਲੇ ਲਈ ਰੂਸ ਦੀ ਆਲੋਚਨਾ ਕਰਦੇ ਹੋਏ ਕਿਹਾ, ''ਜੇਕਰ ਅਜਿਹੀਆਂ ਕਾਰਵਾਈਆਂ ਨੂੰ ਰੋਕਿਆ ਨਾ ਗਿਆ ਤਾਂ ਇਸ ਨਾਲ 'ਸ਼ਾਂਤੀ ਤੇ ਸਥਿਰਤਾ ਦੀ ਪੂਰੀ ਵਿਵਸਥਾ ਨੂੰ ਖਤਰਾ ਹੋ ਸਕਦਾ ਹੈ ਜਿਸ ਨੂੰ ਅਸੀਂ ਕਈ ਦਹਾਕਿਆਂ ਤੱਕ ਆਪਣੇ ਵਿਕਾਸ ਅਤੇ ਖੁਸ਼ਹਾਲੀ ਦੇ ਆਧਾਰ ਲਈ ਮਜ਼ਬੂਤ ਕੀਤਾ ਹੈ।'' ਆਸੀਆਨ ਵਿੱਚ ਭਾਰਤ ਲਈ ਦੇਸ਼ ਦੇ ਕੋਆਰਡੀਨੇਟਰ ਬਾਲਕ੍ਰਿਸ਼ਨਨ ਨੇ ਕਿਹਾ ਕਿ ਰੂਸ ਦੇ ਕਦਮਾਂ ਨੇ ''ਨਿਯਮਾਂ ਦੀ ਕੌਮਾਂਤਰੀ ਵਿਵਸਥਾ ਨੂੰ ਡੇਗ ਦਿੱਤਾ ਹੈ ਜਿਸ 'ਤੇ ਅਸੀਂ ਸਾਰੇ ਨਿਰਭਰ ਹਾਂ।'' ਆਸੀਆਨ ਨੂੰ ਖੇਤਰ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਮੂਹਾਂ 'ਚੋਂ ਇਕ ਮੰਨਿਆ ਜਾਂਦਾ ਹੈ ਅਤੇ ਭਾਰਤ, ਅਮਰੀਕਾ, ਚੀਨ, ਜਾਪਾਨ ਅਤੇ ਆਸਟਰੇਲੀਆ ਸਣੇ ਕਈ ਹੋਰ ਦੇਸ਼ ਇਸ ਦੇ ਸੰਵਾਦ ਸਾਂਝੇਦਾਰ ਹਨ। -ਪੀਟੀਆਈ

ਆਸੀਆਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ: ਆਸੀਆਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ ਅਤੇ ਦੋਹਾਂ ਧਿਰਾ ਵਿਚਾਲੇ ਜਾਰੀ ਸਹਿਯੋਗ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨੇ ਇਕ ਟਵੀਟ ਵਿੱਚ ਕਿਹਾ, ''ਭਾਰਤ-ਆਸੀਆਨ ਵਿਚਾਲੇ 30 ਸਾਲਾਂ ਦੇ ਸਹਿਯੋਗ ਮੌਕੇ ਆਸੀਆਨ ਦੇਸ਼ਾਂ ਦੇ ਨੁਮਾਇੰਦਿਆਂ ਅਤੇ ਵਿਦੇਸ਼ ਮੰਤਰੀਆਂ ਨਾਲ ਬਹੁਤ ਹੀ ਵਧੀਆ ਸੰਵਾਦ ਹੋਇਆ।'' ਇਸ ਮੀਟਿੰਗ ਦੌਰਾਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਮੌਜੂਦ ਸਨ। -ਪੀਟੀਆਈ



Most Read

2024-09-19 03:56:27