Breaking News >> News >> The Tribune


ਰਾਜਨਾਥ ਸਿੰਘ ਵੱਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ


Link [2022-06-17 23:27:23]



ਨਵੀਂ ਦਿੱਲੀ, 16 ਜੂਨ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੋ ਸਾਲ ਪਹਿਲਾਂ ਗਲਵਾਨ ਘਾਟੀ 'ਚ ਸ਼ਹੀਦ ਹੋਣ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸੰਘਰਸ਼ ਕਾਰਨ ਭਾਰਤ ਤੇ ਚੀਨ ਵਿਚਾਲੇ ਪਿਛਲੇ ਕੁਝ ਦਹਾਕਿਆਂ ਵਿੱਚ ਸਭ ਤੋਂ ਗੰਭੀਰ ਫ਼ੌਜੀ ਸੰਕਟ ਦੀ ਸਥਿਤੀ ਬਣ ਗਈ ਸੀ। ਰੱਖਿਆ ਮੰਤਰੀ ਨੇ ਟਵੀਟ ਕੀਤਾ, 'ਗਲਵਾਨ ਦੇ ਉਨ੍ਹਾਂ ਬਹਾਦਰਾਂ ਨੂੰ ਯਾਦ ਕਰ ਰਿਹਾ ਹਾਂ, ਜੋ ਦੇਸ਼ ਦੇ ਸਨਮਾਨ ਖਾਤਰ ਵੀਰਤਾ ਨਾਲ ਲੜੇ ਤੇ 15-16 ਜੂਨ 2020 ਨੂੰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਦੇ ਸਾਹਸ, ਬਹਾਦਰੀ ਤੇ ਸਰਵਉੱਚ ਤਿਆਗ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮੈਂ ਉਨ੍ਹਾਂ ਵੀਰ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।'

ਰੱਖਿਆ ਮੰਤਰੀ ਰਾਜਨਾਥ ਸਿੰਘ ਇਨ੍ਹੀਂ ਦਿਨੀਂ ਆਪਣੀ ਦੋ ਦਿਨਾ ਜੰਮੂ ਕਸ਼ਮੀਰ ਦੀ ਯਾਤਰਾ 'ਤੇ ਹਨ। ਗਲਵਾਨ ਘਾਟੀ ਵਿੱਚ ਹੋਏ ਸੰਘਰਸ਼ ਦੇ ਮੱਦੇਨਜ਼ਰ ਪੂਰਬੀ ਲੱਦਾਖ 'ਚ ਸਰਹੱਦੀ ਤਣਾਅ ਕਾਫ਼ੀ ਵਧ ਗਿਆ ਸੀ। ਗਲਵਾਨ ਘਾਟੀ ਵਿੱਚ ਹੋਏ ਖੂਨੀ ਸੰਘਰਸ਼ ਵਿੱਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਪਿਛਲੇ ਵਰ੍ਹੇ ਫਰਵਰੀ ਵਿੱਚ ਚੀਨ ਨੇ ਸਰਕਾਰੀ ਤੌਰ 'ਤੇ ਇਹ ਮੰਨਿਆ ਸੀ ਕਿ ਗਲਵਾਨ ਘਾਟੀ ਵਿੱਚ ਹੋਏ ਸੰਘਰਸ਼ ਵਿੱਚ ਪੰਜ ਚੀਨੀ ਫ਼ੌਜੀ ਮਾਰੇ ਗਏ ਸਨ। ਹਾਲਾਂਕਿ, ਇਹ ਮੰਨਿਆ ਜਾਂਦਾ ਹੈ ਕਿ ਮਾਰੇ ਗਏ ਚੀਨੀ ਫ਼ੌਜੀਆਂ ਦੀ ਗਿਣਤੀ ਕਿਤੇ ਵੱਧ ਸੀ। ਇਸ ਸੰਘਰਸ਼ ਤੋਂ ਕਈ ਮਹੀਨਿਆਂ ਮਗਰੋਂ ਭਾਰਤੀ ਫ਼ੌਜ ਨੇ ਪੂਰਬੀ ਲੱਦਾਖ ਵਿੱਚ ਪੋਸਟ 120 'ਤੇ ਗਲਵਾਨ ਘਾਟੀ ਦੇ ਸ਼ਹੀਦਾਂ ਦੀ ਯਾਦ 'ਚ ਇੱਕ ਯਾਦਗਾਰ ਵੀ ਬਣਾਈ ਸੀ। ਭਾਰਤ ਤੇ ਚੀਨ ਵਿਚਾਲੇ ਗਲਵਾਨ ਘਾਟੀ ਵਿੱਚ ਤਣਾਅ ਮਈ 2020 ਦੀ ਸ਼ੁਰੂਆਤ 'ਚ ਸ਼ੁਰੂ ਹੋਇਆ ਸੀ। -ਪੀਟੀਆਈ



Most Read

2024-09-19 03:59:37