Breaking News >> News >> The Tribune


ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਮੁੜ ਹਿੰਸਾ ਭੜਕੀ


Link [2022-06-12 13:26:01]



ਕੋਲਕਾਤਾ, 11 ਜੂਨ

ਪੈਗੰਬਰ ਮੁਹੰਮਦ ਬਾਰੇ ਕੀਤੀ ਗਈ ਟਿੱਪਣੀ ਦੇ ਰੋਸ ਵਜੋਂ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਪਾਂਚਲਾ ਬਾਜ਼ਾਰ 'ਚ ਅੱਜ ਮੁੜ ਹਿੰਸਾ ਹੋਈ ਜਿਸ ਦੌਰਾਨ ਮੁਜ਼ਾਹਰਾਕਾਰੀਆਂ ਦੀਆਂ ਪੁਲੀਸ ਨਾਲ ਝੜਪਾਂ ਹੋਈਆਂ ਤੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਇਸੇ ਦੌਰਾਨ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੂੰ ਪੁਲੀਸ ਨੇ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਹਿੰਸਾ ਦੀ ਮਾਰ ਹੇਠ ਆਏ ਹਾਵੜਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।

ਪੁਲੀਸ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਪੁਲੀਸ ਦੀਆਂ ਟੀਮਾਂ 'ਤੇ ਪਥਰਾਅ ਕੀਤਾ ਜਿਸ 'ਚ ਕੁਝ ਮੁਲਾਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਮੁਜ਼ਾਹਰਾਕਾਰੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਇੱਕ ਦਫ਼ਤਰ 'ਚ ਵੀ ਭੰਨ-ਤੋੜ ਕੀਤੀ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਸੱਦੀਆਂ ਗਈਆਂ ਤੇ ਭੀੜ ਖਿੰਡਾਉਣ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਕਾਬੂ ਹੇਠ ਹਨ ਤੇ ਉਹ ਇਲਾਕੇ 'ਚ ਮਾਰਚ ਕਰ ਰਹੇ ਹਨ। ਇਸ ਦੌਰਾਨ ਪ੍ਰਸ਼ਾਸਨ ਨੇ ਉਲੂਬੇਰੀਆ, ਡੋਮਜੁਰ ਤੇ ਪਾਂਚਲਾ 'ਚ 15 ਜੂਨ ਤੱਕ ਧਾਰਾ 144 ਲਗਾ ਦਿੱਤੀ ਹੈ ਅਤੇ 13 ਜੂਨ ਤੱਕ ਸਾਰੇ ਜ਼ਿਲ੍ਹੇ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਦੂਜੇ ਪਾਸੇ ਪੁਲੀਸ ਨੇ ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੂੰ ਅੱਜ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਹਿੰਸਾ ਦੀ ਮਾਰ ਹੇਠ ਆਏ ਹਾਵੜਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲੀਸ ਨੇ ਨੂਪੁਰ ਸ਼ਰਮਾ ਦੇ ਬਿਆਨ ਦੀ ਹਮਾਇਤ ਕਰਨ ਵਾਲੀ ਕਾਲਜ ਵਿਦਿਆਰਥਣ ਨੂੰ ਮੁਰਸ਼ਿਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਵਿਦਿਆਰਥਣ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ, ਜਿਸ ਮਗਰੋਂ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬੇਲਡਾਂਗਾ ਖੇਤਰ ਵਿੱਚ ਹਿੰਸਾ ਭੜਕ ਗਈ ਸੀ। -ਪੀਟੀਆਈ

ਰਾਜਪਾਲ ਨੇ ਹਾਲਾਤ 'ਤੇ ਚਿੰਤਾ ਪ੍ਰਗਟਾਈ

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਹਾਵੜਾ ਜ਼ਿਲ੍ਹੇ 'ਚ ਹੋ ਰਹੇ ਰੋਸ ਮੁਜ਼ਾਹਰਿਆਂ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, 'ਅਮਨ ਕਾਨੂੰਨ ਦੀ ਵਿਗੜੀ ਹੋਈ ਸਥਿਤੀ ਨੂੰ ਲੈ ਕੇ ਫਿਕਰਮੰਦ ਹਾਂ।' ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਕਾਨੂੰਨ ਤੋੜਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਦੀ ਅਪੀਲ ਕੀਤੀ।

ਹਿੰਸਾ ਪਿੱਛੇ ਕੁਝ ਸਿਆਸੀ ਪਾਰਟੀਆਂ: ਮਮਤਾ ਬੈਨਰਜੀ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ ਹਾਵੜਾ ਜ਼ਿਲ੍ਹੇ 'ਚ ਹੋਈ ਹਿੰਸਾ ਪਿੱਛੇ ਕੁਝ ਸਿਆਸੀ ਪਾਰਟੀਆਂ ਦਾ ਹੱਥ ਹੈ। ਉਨ੍ਹਾਂ ਰਾਜ 'ਚ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ। ਉਨ੍ਹਾਂ ਟਵੀਟ ਕੀਤਾ, 'ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਹਾਵੜਾ 'ਚ ਹਿੰਸਕ ਘਟਨਾਵਾਂ ਕਾਰਨ ਆਮ ਜੀਵਨ ਪ੍ਰਭਾਵਿਤ ਹੋਇਆ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।'



Most Read

2024-09-18 10:53:18