Breaking News >> News >> The Tribune


ਕਾਨਪੁਰ ਹਿੰਸਾ: ਮੁੱਖ ਮੁਲਜ਼ਮ ਦੇ ਨੇੜਲੇ ਸਾਥੀ ਦੀ ਸੰਪਤੀ ’ਤੇ ਚੱਲਿਆ ਬੁਲਡੋਜ਼ਰ


Link [2022-06-12 13:26:01]



ਕਾਨਪੁਰ/ਲਖਨਊ, 11 ਜੂਨ

ਪੈਗੰਬਰ ਮੁਹੰਮਦ ਖਿਲਾਫ਼ ਵਿਵਾਦਿਤ ਬਿਆਨ ਦੇਣ ਵਾਲੀ ਸਾਬਕਾ ਭਾਜਪਾ ਤਰਜਮਾਨ ਨੂਪੁਰ ਸ਼ਰਮਾ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਪਿਛਲੇ ਹਫ਼ਤੇ (3 ਜੂਨ ਨੂੰ) ਕਾਨਪੁਰ ਵਿੱਚ ਰੋਸ ਪ੍ਰਦਰਸ਼ਨਾਂ ਦੌਰਾਨ ਹੋਈ ਪੱਥਰਬਾਜ਼ੀ ਤੇ ਹਿੰਸਾ ਵਿਚ ਸ਼ਾਮਲ ਮੁੱਖ ਮੁਲਜ਼ਮ ਦੇ ਨੇੜਲੇ ਸਾਥੀ ਦੀ ਮਾਲਕੀ ਵਾਲੀ ਬਹੁਮੰਜ਼ਿਲਾ ਇਮਾਰਤ ਨੂੰ ਅੱਜ ਕਾਨਪੁਰ ਵਿਕਾਸ ਅਥਾਰਿਟੀ (ਕੇਡੀੲੇ) ਨੇ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ। ਕਾਨਪੁਰ ਹਿੰਸਾ ਵਿੱਚ ਕੁਝ ਪੁਲੀਸ ਮੁਲਾਜ਼ਮਾਂ ਸਣੇ 40 ਵਿਅਕਤੀ ਜ਼ਖ਼ਮੀ ਹੋ ਗਏ ਸਨ। ਦੰਗਾਕਾਰੀਆਂ ਨੇ ਪੈਟਰੋਲ ਬੰਬ ਸੁੱਟੇ ਅਤੇ ਦੁਕਾਨਾਂ ਤੇ ਵਾਹਨਾਂ ਸਣੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਦੌਰਾਨ ਯੁੂਪੀ ਪੁਲੀਸ ਨੇ ਲੰਘੇ ਦਿਨ ਜੁੰਮੇ ਦੀ ਨਮਾਜ਼ ਮਗਰੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹੋਈ ਹਿੰਸਾ ਨੂੰ ਲੈ ਕੇ 255 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਦਾ ਮਾਹੌਲ ਵਿਗਾੜਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਜੁਆਇੰਟ ਕਮਿਸ਼ਨਰ ਆਫ ਪੁਲੀਸ (ਅਮਨ ਤੇ ਕਾਨੂੰਨ) ਆਨੰਦ ਪ੍ਰਕਾਸ਼ ਤਿਵਾੜੀ ਨੇ ਕਿਹਾ ਕਿ ਕੇਡੀੲੇ ਨੇ ਮੁਹੰਮਦ ਇਸ਼ਤਿਆਕ ਦੀ ਮਾਲਕੀ ਵਾਲੀ ਚਾਰ-ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ। ਇਸ਼ਤਿਆਕ ਕਾਨਪੁਰ ਹਿੰਸਾ 'ਚ ਸ਼ਾਮਲ ਮੁੱਖ ਮੁਲਜ਼ਮ ਜ਼ਫ਼ਰ ਹਯਾਤ ਹਾਸ਼ਮੀ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ। ਤਿਵਾੜੀ ਨੇ ਕਿਹਾ, 'ਅਜਿਹੀ ਕਈ ਕਾਰਨ ਹਨ, ਜਿਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਹਿੰਸਾ ਕੇਸ ਦੇ ਮੁੱਖ ਮੁਲਜ਼ਮ ਨੇ (ਉਪਰੋਕਤ ਸੰਪਤੀ) ਵਿੱਚ ਨਿਵੇਸ਼ ਕੀਤਾ ਸੀ।'' ਪੁਲੀਸ ਅਧਿਕਾਰੀ ਨੇ ਕਿਹਾ ਕਿ ਨੇਮਾਂ ਮੁਤਾਬਕ ਹੀ ਕਾਨਪੁਰ ਦੇ ਸਵਰੂਪਨਗਰ ਇਲਾਕੇ ਵਿਚਲੀ ਸੰਪਤੀ ਨੂੰ ਢਾਹਿਆ ਗਿਆ ਹੈ। ਇਹ ਇਮਾਰਤ ਕਰੀਬ ਚਾਰ ਸਾਲ ਪਹਿਲਾਂ ਬਣਾਈ ਗਈ ਸੀ। ਅਧਿਕਾਰੀ ਨੇ ਕਿਹਾ ਕਿ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕਰਕੇ ਇਮਾਰਤ ਦੀ ਜ਼ਮੀਨੀ ਤੇ ਪਹਿਲੀ ਮੰਜ਼ਿਲ ਦਾ ਕੁਝ ਹਿੱਸਾ ਢਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਮਾਰਤ ਢਾਹੁਣ ਮੌਕੇ ਇਹ ਖਾਲੀ ਪਈ ਸੀ। ਪੁਲੀਸ ਮੁਤਾਬਕ ਇਸ਼ਤਿਆਕ, ਜੋ ਕੁਝ ਸਾਲ ਪਹਿਲਾਂ ਤੱਕ ਦਰਜ਼ੀ ਦੀ ਦੁਕਾਨ ਚਲਾਉਂਦਾ ਸੀ, ਹੁਣ ਰੀਅਲ ਅਸਟੇਟ ਕਾਰੋਬਾਰ ਵਿੱਚ ਸੀ। ਢਾਹੀ ਗਈ ਇਮਾਰਤ ਵਿੱਚ ਹਾਸ਼ਮੀ ਦਾ ਵੱਡਾ ਹਿੱਸਾ ਸੀ। ਸਥਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ ਹਾਸ਼ਮੀ ਤੇ ਦੋ ਹੋਰਨਾਂ ਦੇ ਪੁਲੀਸ ਰਿਮਾਂਡ ਦੀ ਮਨਜ਼ੂਰੀ ਦਿੱਤੀ ਸੀ। ਤਿਵਾੜੀ ਨੇ ਕਿਹਾ ਕਿ ਕੋਰਟ ਦੇ ਹੁਕਮਾਂ ਮਗਰੋਂ ਅੱਜ ਸਵੇਰੇ ਮੁਲਜ਼ਮਾਂ ਨੂੰ ਤਿੰਨ ਦਿਨਾਂ ਪੁਲੀਸ ਹਿਰਾਸਤ ਵਿੱਚ ਲੈ ਲਿਆ ਹੈ। ਵਧੀਕ ਡੀਆਈਜੀ (ਅਮਨ ਤੇ ਕਾਨੂੰਨ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਜੁੰਮੇ ਦੀ ਨਮਾਜ਼ ਮਗਰੋਂ ਵੱਖ ਵੱਖ ਜ਼ਿਲ੍ਹਿਆਂ 'ਚ ਹੋਈ ਹਿੰਸਾ ਦੇ ਮਾਮਲੇ ਵਿੱਚ 68 ਜਣਿਆਂ ਨੂੰ ਪ੍ਰਯਾਗਰਾਜ ਤੇ 50 ਨੂੰ ਹਾਥਰਸ ਤੋਂ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ



Most Read

2024-09-18 04:59:20