Breaking News >> News >> The Tribune


ਕਾਂਗਰਸ ਨੇ ਬਿਸ਼ਨੋਈ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ


Link [2022-06-12 13:26:01]



ਆਤਿਸ਼ ਗੁਪਤਾ

ਚੰਡੀਗੜ੍ਹ, 11 ਜੂਨ

ਹਰਿਆਣਾ 'ਚ ਰਾਜ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਕੌਮੀ ਜਨਰਲ ਸਕੱਤਰ ਅਜੈ ਮਾਕਨ ਦੀ ਹਾਰ ਨਾਲ ਵੱਡਾ ਝਟਕਾ ਲੱਗਿਆ ਹੈ। ਸੀਨੀਅਰ ਆਗੂ ਦੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵ੍ਹਿੱਪ ਤੋੜਨ ਵਾਲੇ ਆਪਣੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਉਂਜ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੋਲ ਕੁਲਦੀਪ ਬਿਸ਼ਨੋਈ ਦੀ ਵਿਧਾਇਕੀ ਰੱਦ ਕਰਨ ਦੀ ਮੰਗ ਵੀ ਕੀਤੀ ਜਾ ਸਕਦੀ ਹੈ। ਇਸ ਸਬੰਧੀ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਨੂੰਗੋਪਾਲ ਨੇ ਪੁਸ਼ਟੀ ਕੀਤੀ ਹੈ।

ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਰਾਜ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਕਾਂਗਰਸ ਉਮੀਦਵਾਰ ਅਜੈ ਮਾਕਨ ਨੂੰ ਵੋਟ ਦੇਣ ਦੀ ਥਾਂ 'ਤੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੂੰ ਵੋਟ ਦਿੱਤਾ ਹੈ। ਕਾਂਗਰਸੀ ਵਿਧਾਇਕ ਨੇ ਭਾਜਪਾ-ਜੇਜੇਪੀ ਗੱਠਜੋੜ ਦੀ ਬਾਹਰੋਂ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ 31 ਵਿਧਾਇਕ ਸਨ, ਜਦੋਂ ਕਿ ਜਿੱਤ ਲਈ 30 ਵਿਧਾਇਕਾਂ ਦੀ ਲੋੜ ਸੀ। ਇਸ ਦੌਰਾਨ ਕੁਲਦੀਪ ਬਿਸ਼ਨੋਈ ਨੇ ਕ੍ਰਾਸ ਵੋਟਿੰਗ ਕਰ ਦਿੱਤੀ ਅਤੇ ਇਕ ਵਿਧਾਇਕ ਦੀ ਵੋਟ ਰੱਦ ਹੋਣ ਕਰਕੇ ਕਾਂਗਰਸੀ ਉਮੀਦਵਾਰ ਅਜੈ ਮਾਕਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਬਿਸ਼ਨੋਈ ਰਾਜ ਸਭਾ ਚੋਣਾਂ ਸਬੰਧੀ ਕਾਂਗਰਸ ਦੀ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ। ਉਹ ਕਾਂਗਰਸੀ ਵਿਧਾਇਕਾਂ ਨਾਲ ਛੱਤੀਸਗੜ੍ਹ ਦੇ ਰਾਏਪੁਰ ਵੀ ਨਹੀਂ ਗਏ ਸਨ।

ਇਸ ਤੋਂ ਪਹਿਲਾਂ ਕਾਂਗਰਸ ਨੂੰ ਹਰਿਆਣਾ 'ਚ ਉਸ ਸਮੇਂ ਝਟਕਾ ਲੱਗਾ ਜਦੋਂ ਦੋ ਸੀਟਾਂ ਲਈ ਹੋਈ ਵੋਟਿੰਗ 'ਚ ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਅਤੇ ਪਾਰਟੀ ਸਮਰਥਿਤ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਚੋਣ ਜਿੱਤ ਗਏੇ ਜਦਕਿ ਕਾਂਗਰਸ ਆਗੂ ਅਜੈ ਮਾਕਨ ਚੋਣ ਹਾਰ ਗਏ। ਕਾਂਗਰਸ ਦੀ ਇਕ ਵੋਟ ਰੱਦ ਹੋ ਗਈ ਸੀ ਜਦਕਿ ਕੁਲਦੀਪ ਬਿਸ਼ਨੋਈ ਨੇ ਪਾਲਾ ਬਦਲਦਿਆਂ ਕਾਰਤੀਕੇਯ ਸ਼ਰਮਾ ਦੇ ਪੱਖ 'ਚ ਵੋਟ ਭੁਗਤਾਈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਭਾਜਪਾ ਵੱਲੋਂ ਬੀ ਬੀ ਬੱਤਰਾ ਅਤੇ ਕਿਰਨ ਚੌਧਰੀ ਦੇ ਵੋਟ ਰੱਦ ਕਰਨ ਦੀ ਮੰਗ ਖਾਰਜ ਕਰ ਦਿੱਤੀ ਸੀ। ਭਾਜਪਾ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਦੇ ਦੋਵੇਂ ਵਿਧਾਇਕਾਂ ਨੇ ਬੈਲੇਟ ਪੇਪਰ ਆਪਣੇ ਏਜੰਟ ਤੋਂ ਇਲਾਵਾ ਹੋਰਾਂ ਨੂੰ ਵੀ ਦਿਖਾਏ ਸਨ ਜਿਸ ਕਾਰਨ ਉਨ੍ਹਾਂ ਚੋਣ ਨੇਮਾਂ ਦੀ ਉਲੰਘਣਾ ਕੀਤੀ ਹੈ। ਰਿਟਰਨਿੰਗ ਅਫ਼ਸਰ ਆਰ ਕੇ ਨਾਂਦਲ ਨੇ ਦੱਸਿਆ ਕਿ ਪੰਵਾਰ ਨੂੰ 36 ਵੋਟ ਮਿਲੇ ਜਦਕਿ ਸ਼ਰਮਾ ਪਹਿਲੀ ਤਰਜੀਹ ਦੇ 23 ਅਤੇ ਭਾਜਪਾ ਵੱਲੋਂ ਤਬਦੀਲ 6.6 ਵੋਟ ਹਾਸਲ ਕਰਨ 'ਚ ਕਾਮਯਾਬ ਰਹੇ ਅਤੇ ਉਨ੍ਹਾਂ ਨੂੰ ਕੁੱਲ 29.6 ਵੋਟਾਂ ਮਿਲੀਆਂ। ਉਧਰ ਮਾਕਨ 29 ਵੋਟ ਲੈ ਕੇ ਮਾਮੂਲੀ ਜਿਹੇ ਫਰਕ ਨਾਲ ਚੋਣ ਹਾਰ ਗਏ ਕਿਉਂਕਿ ਉਨ੍ਹਾਂ ਨੂੰ ਦੂਜੀ ਤਰਜੀਹ ਦਾ ਕੋਈ ਵੋਟ ਨਹੀਂ ਮਿਲਿਆ। ਨਤੀਜਿਆਂ ਦੇ ਐਲਾਨ ਤੋਂ ਬਾਅਦ ਤੜਕੇ ਚਾਰ ਵਜੇ ਦੇ ਕਰੀਬ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ,''ਮੈਂ ਉਨ੍ਹਾਂ ਸਾਰੇ ਵਿਧਾਇਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਭਾਜਪਾ ਅਤੇ ਆਜ਼ਾਦ ਉਮੀਦਵਾਰ ਨੂੰ ਵੋਟ ਪਾਏ। ਇਹ ਹਰਿਆਣਾ ਅਤੇ ਲੋਕਤੰਤਰ ਦੀ ਜਿੱਤ ਹੈ।'' ਬਿਸ਼ਨੋਈ ਵੱਲੋਂ ਕਾਰਤੀਕੇਯ ਸ਼ਰਮਾ ਨੂੰ ਵੋਟ ਪਾਉਣ ਦੇ ਸਵਾਲ 'ਤੇ ਖੱਟਰ ਨੇ ਕਿਹਾ ਕਿ ਉਨ੍ਹਾਂ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਵੋਟ ਪਾਈ। 'ਬਿਸ਼ਨੋਈ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਵੋਟ ਪਾਈ ਹੈ। ਉਹ ਇਸ ਗੱਲੋਂ ਘਬਰਾਉਣ ਵਾਲੇ ਨਹੀਂ ਕਿ ਕਾਂਗਰਸ ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕਰਦੀ ਹੈ।' ਉਨ੍ਹਾਂ ਕਿਹਾ ਕਿ ਜੇਕਰ ਕੁਲਦੀਪ ਬਿਸ਼ਨੋਈ ਭਾਜਪਾ 'ਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।

'ਫਨ ਕੁਚਲਨੇ ਕਾ ਹੁਨਰ ਆਤਾ ਹੈ ਮੁਝੇ, ਸਾਂਪ ਕੇ ਖੌਫ਼ ਸੇ ਜੰਗਲ ਨਹੀਂ ਛੋੜਾ ਕਰਤੇ'

ਕੁਲਦੀਪ ਬਿਸ਼ਨੋਈ ਨੇ ਰਾਜ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਆਪਣੀ ਆਤਮਾ ਦੀ ਆਵਾਜ਼ ਸੁਣਦੇ ਹੋਏ ਵੋਟ ਦੀ ਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਸ਼ਾਇਰਾਨਾ ਅੰਦਾਜ਼ ਵਿੱਚ ਲਿਖਿਆ, ''ਫਨ ਕੁਚਲਨੇ ਕਾ ਹੁਨਰ ਆਤਾ ਹੈ ਮੁਝੇ, ਸਾਂਪ ਕੇ ਖੌਫ਼ ਸੇ ਜੰਗਲ ਨਹੀਂ ਛੋੜਾ ਕਰਤੇ।'' ਦੱਸਣਯੋਗ ਹੈ ਕਿ ਕੁਲਦੀਪ ਬਿਸ਼ਨੋਈ ਨੇ ਸਾਲ 2007 ਵਿੱਚ ਕਾਂਗਰਸ ਤੋਂ ਵੱਖ ਹੋ ਕੇ ਹਰਿਆਣਾ ਜਨਹਿਤ ਕਾਂਗਰਸ ਪਾਰਟੀ ਬਣਾਈ ਸੀ ਜਿਸ ਦਾ 6 ਸਾਲ ਪਹਿਲਾਂ ਸਾਲ 2016 ਵਿੱਚ ਕਾਂਗਰਸ ਪਾਰਟੀ ਵਿੱਚ ਰਲੇਵਾਂ ਕਰ ਦਿੱਤਾ ਗਿਆ ਸੀ।

ਭਾਜਪਾ ਦੀਆਂ ਰਾਜ ਸਭਾ 'ਚ ਤਿੰਨ ਸੀਟਾਂ ਘਟੀਆਂ

ਨਵੀਂ ਦਿੱਲੀ: ਸੰਸਦ ਦੇ ਉਪਰਲੇ ਸਦਨ 'ਚ ਹੁਕਮਰਾਨ ਭਾਜਪਾ ਦੇ ਮੈਂਬਰਾਂ ਦੀ ਗਿਣਤੀ 95 ਤੋਂ ਘੱਟ ਕੇ 92 ਰਹਿ ਗਈ ਹੈ। ਰਾਜ ਸਭਾ ਚੋਣਾਂ 'ਚ ਕਾਂਗਰਸ ਨੂੰ ਦੋ ਸੀਟਾਂ ਦਾ ਫਾਇਦਾ ਹੋਇਆ ਹੈ ਅਤੇ ਉਸ ਦੇ ਮੈਂਬਰਾਂ ਦੀ ਗਿਣਤੀ 29 ਤੋਂ ਵਧ ਕੇ 31 ਹੋ ਗਈ ਹੈ। ਰਾਜ ਸਭਾ ਦੀਆਂ 57 ਸੀਟਾਂ 'ਚੋਂ ਭਾਜਪਾ ਨੇ 22 ਜਦਕਿ ਕਾਂਗਰਸ ਨੇ 9 'ਤੇ ਜਿੱਤ ਹਾਸਲ ਕੀਤੀ ਹੈ। ਰਾਜ ਸਭਾ ਦੇ ਸੇਵਾਮੁਕਤ ਹੋਏ 57 ਮੈਂਬਰਾਂ 'ਚੋਂ ਭਾਜਪਾ ਦੇ 25 ਅਤੇ ਕਾਂਗਰਸ ਦੇ 7 ਮੈਂਬਰ ਸਨ। ਭਾਜਪਾ ਅਤੇ ਕਾਂਗਰਸ ਨੇ ਜ਼ਿਆਦਾਤਰ ਨੌਜਵਾਨ ਚਿਹਰਿਆਂ ਨੂੰ ਤਰਜੀਹ ਦਿੱਤੀ ਹੈ। ਭਾਜਪਾ ਨੂੰ ਆਜ਼ਾਦ ਮੈਂਬਰ ਕਾਰਤੀਕੇਯ ਸ਼ਰਮਾ ਦੀ ਹਮਾਇਤ ਵੀ ਮਿਲੇਗੀ। ਖੇਤਰੀ ਪਾਰਟੀਆਂ 'ਚੋਂ ਵਾਈਐੱਸਆਰ-ਕਾਂਗਰਸ ਦੇ ਰਾਜ ਸਭਾ 'ਚ 9 ਅਤੇ 'ਆਪ' ਦੇ 10 ਮੈਂਬਰ ਹੋਣਗੇ। -ਪੀਟੀਆਈ

ਕ੍ਰਾਸ ਵੋਟਿੰਗ ਨੇ ਪਾਰਟੀਆਂ ਦੀ ਗਿਣਤੀ-ਮਿਣਤੀ ਵਿਗਾੜੀ

ਨਵੀਂ ਦਿੱਲੀ: ਰਾਜ ਸਭਾ ਚੋਣਾਂ 'ਚ ਰਾਜਸਥਾਨ ਤੋਂ ਭਾਜਪਾ ਵਿਧਾਇਕ ਸ਼ੋਭਾਰਾਣੀ ਕੁਸ਼ਵਾਹਾ, ਕਾਂਗਰਸ ਦੇ ਹਰਿਆਣਾ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਅਤੇ ਕਰਨਾਟਕ ਤੋਂ ਜਨਤਾ ਦਲ (ਐੱਸ) ਵਿਧਾਇਕ ਸ੍ਰੀਨਿਵਾਸ ਗੌੜਾ ਨੇ ਕ੍ਰਾਸ ਵੋਟਿੰਗ (ਪਾਰਟੀ ਉਮੀਦਵਾਰ ਦੀ ਬਜਾਏ ਵਿਰੋਧੀ ਨੂੰ ਵੋਟ ਪਾਉਣਾ) ਕਰਕੇ ਆਪਣੀਆਂ ਪਾਰਟੀਆਂ ਦੀ ਗਿਣਤੀ-ਮਿਣਤੀ ਵਿਗਾੜ ਦਿੱਤੀ। ਭਾਜਪਾ ਵਿਧਾਇਕ ਕੁਸ਼ਵਾਹਾ ਨੇ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰ ਨੂੰ ਹਰਾਉਣ ਲਈ ਕਾਂਗਰਸ ਉਮੀਦਵਾਰ ਪ੍ਰਮੋਦ ਤਿਵਾੜੀ ਦੇ ਪੱਖ 'ਚ ਵੋਟ ਪਾਈ ਅਤੇ ਉਸ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕੁਸ਼ਵਾਹਾ ਨੇ ਦੋਸ਼ ਲਾਇਆ ਕਿ ਚੰਦਰ ਦੇ ਮੀਡੀਆ ਅਦਾਰਿਆਂ ਨੇ ਉਸ ਖ਼ਿਲਾਫ਼ ਪ੍ਰਚਾਰ ਕੀਤਾ ਸੀ ਅਤੇ ਕੁਸ਼ਵਾਹਾ ਭਾਈਚਾਰੇ ਦੇ ਮੈਂਬਰ ਉਸ ਦੀ ਹਮਾਇਤ ਨਹੀਂ ਕਰਦੇ ਹਨ। ਉਸ ਨੇ ਕਿਹਾ ਕਿ ਉਹ ਖੁਦ ਹੀ ਪਾਰਟੀ 'ਚ ਨਹੀਂ ਰਹਿਣਾ ਚਾਹੁੰਦੀ ਹੈ ਜੋ ਆਪਣੇ ਉਮੀਦਵਾਰਾਂ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ। -ਪੀਟੀਆਈ

ਮਹਾਰਾਸ਼ਟਰ 'ਚ ਵੀ ਭਾਜਪਾ ਨੇ ਜਿੱਤੀਆਂ ਤਿੰਨ ਸੀਟਾਂ

ਮੁੰਬਈ/ਚੰਡੀਗੜ੍ਹ/ਬੰਗਲੂਰੂ/ਜੈਪੁਰ: ਰਾਜ ਸਭਾ ਦੀਆਂ 16 ਸੀਟਾਂ ਲਈ ਚਾਰ ਸੂਬਿਆਂ 'ਚ ਜ਼ੋਰਦਾਰ ਸੰਘਰਸ਼ ਦੇਖਣ ਨੂੰ ਮਿਲਿਆ। ਰਾਜਸਥਾਨ ਅਤੇ ਕਰਨਾਟਕ ਦੀਆਂ 4-4 ਸੀਟਾਂ ਦੇ ਨਤੀਜੇ ਸ਼ੁੱਕਰਵਾਰ ਦੇਰ ਸ਼ਾਮ ਤੱਕ ਆ ਗਏ ਸਨ ਪਰ ਮਹਾਰਾਸ਼ਟਰ ਅਤੇ ਹਰਿਆਣਾ 'ਚ ਚੋਣ ਨੇਮਾਂ ਦੀ ਉਲੰਘਣਾ ਦੇ ਦੋਸ਼ ਲਾਉਣ ਮਗਰੋਂ ਇਹ ਮਾਮਲਾ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਸੀ। ਬਾਅਦ 'ਚ ਕਰੀਬ ਅੱਠ ਘੰਟਿਆਂ ਦੀ ਦੇਰੀ ਮਗਰੋਂ ਮਹਾਰਾਸ਼ਟਰ ਅਤੇ ਹਰਿਆਣਾ ਦੇ ਨਤੀਜੇ ਐਲਾਨੇ ਗਏ। ਮਹਾਰਾਸ਼ਟਰ 'ਚ ਮਹਾ ਵਿਕਾਸ ਅਗਾੜੀ ਅਤੇ ਹਰਿਆਣਾ 'ਚ ਕਾਂਗਰਸ ਨੂੰ ਝਟਕਾ ਲੱਗਾ ਹੈ। ਭਾਜਪਾ ਆਪਣੇ ਵਧੀਆ ਚੋਣ ਪ੍ਰਬੰਧਨ ਰਾਹੀਂ ਪਾਰਟੀ ਦੇ ਦੋ ਅਤੇ ਇਕ ਸਮਰਥਿਤ ਆਜ਼ਾਦ ਉਮੀਦਵਾਰ, ਜਿਸ ਦਾ ਜਿੱਤਣਾ ਮੁਸ਼ਕਲ ਸੀ, ਨੂੰ ਜਿਤਾਉਣ 'ਚ ਕਾਮਯਾਬ ਰਹੀ ਅਤੇ ਕਰਨਾਟਕ, ਮਹਾਰਾਸ਼ਟਰ ਤੇ ਹਰਿਆਣਾ 'ਚ ਜਿੱਤ ਹਾਸਲ ਕੀਤੀ। ਮਹਾਰਾਸ਼ਟਰ 'ਚ ਹੁਕਮਰਾਨ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਗੱਠਜੋੜ ਨੂੰ ਝਟਕਾ ਲੱਗਿਆ ਹੈ। ਮੁੱਖ ਵਿਰੋਧੀ ਧਿਰ ਭਾਜਪਾ ਸੂਬੇ ਦੀਆਂ 6 ਸੀਟਾਂ 'ਚੋਂ ਤਿੰਨ 'ਤੇ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੀ। ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਨੂੰ ਇਕ-ਇਕ ਸੀਟ 'ਤੇ ਜਿੱਤ ਮਿਲੀ। ਸੂਬੇ 'ਚ ਰਾਜ ਸਭਾ ਚੋਣਾਂ ਦੇ ਨਤੀਜੇ ਸ਼ਨਿਚਰਵਾਰ ਤੜਕੇ ਐਲਾਨੇ ਗਏ ਕਿਉਂਕਿ ਭਾਜਪਾ ਨੇ ਦੋਸ਼ ਲਾਇਆ ਸੀ ਕਿ ਹੁਕਮਰਾਨ ਮਹਾ ਵਿਕਾਸ ਅਗਾੜੀ ਦੇ ਤਿੰਨ ਵਿਧਾਇਕਾਂ ਜਿਤੇਂਦਰ ਅਵਧ (ਐੱਨਸੀਪੀ), ਯਸ਼ੋਮਤੀ ਠਾਕੁਰ (ਕਾਂਗਰਸ) ਅਤੇ ਸੁਹਾਸ ਕਾਂਡੇ (ਸ਼ਿਵ ਸੈਨਾ) ਨੇ ਵੋਟਿੰਗ ਨੇਮਾਂ ਦੀ ਉਲੰਘਣਾ ਕੀਤੀ ਹੈ। ਕਾਂਗਰਸ ਨੇ ਇਸ ਦੇ ਜਵਾਬ 'ਚ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ ਕਿ ਭਾਜਪਾ ਵਿਧਾਇਕ ਸੁਧੀਰ ਮੁੰਗਨਤੀਵਾਰ ਅਤੇ ਆਜ਼ਾਦ ਵਿਧਾਇਕ ਰਵੀ ਰਾਣਾ ਦੇ ਵੋਟ ਰੱਦ ਕੀਤੇ ਜਾਣ। ਰਾਣਾ 'ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਹਨੂੰਮਾਨ ਚਾਲੀਸਾ ਦਿਖਾ ਕੇ ਹੋਰ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਚੋਣ ਕਮਿਸ਼ਨ ਨੇ ਮਹਾਰਾਸ਼ਟਰ ਦੇ ਰਿਟਰਨਿੰਗ ਅਫ਼ਸਰ ਨੂੰ ਸ਼ਿਵ ਸੈਨਾ ਵਿਧਾਇਕ ਸੁਹਾਸ ਕਾਂਡੇ ਦਾ ਵੋਟ ਰੱਦ ਕਰਨ ਦੇ ਨਿਰਦੇਸ਼ ਦਿੱਤੇ। ਭਾਜਪਾ ਵੱਲੋਂ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਸੂਬੇ ਦੇ ਸਾਬਕਾ ਮੰਤਰੀ ਅਨਿਲ ਬੋਂਡੇ ਅਤੇ ਧਨੰਜਯ ਮਹਾਦਿਕ ਚੋਣ ਜਿੱਤੇ ਹਨ। ਸ਼ਿਵ ਸੈਨਾ ਦੇ ਸੰਜੈ ਰਾਊਤ, ਐੱਨਸੀਪੀ ਦੇ ਪ੍ਰਫੁੱਲ ਪਟੇਲ ਅਤੇ ਕਾਂਗਰਸ ਦੇ ਇਮਰਾਨ ਪ੍ਰਤਾਪਗੜ੍ਹੀ ਨੇ ਜਿੱਤ ਦਰਜ ਕੀਤੀ ਹੈ। ਸਾਬਕਾ ਸੰਸਦ ਮੈਂਬਰ ਧਨੰਜਯ ਮਹਾਦਿਕ ਨੇ ਛੇਵੀਂ ਸੀਟ ਲਈ ਸ਼ਿਵ ਸੈਨਾ ਦੇ ਸੰਜੈ ਪਵਾਰ ਨੂੰ ਹਰਾਇਆ। ਭਾਜਪਾ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਟਵੀਟ ਕਰਕੇ ਕਿਹਾ ਕਿ ਚੋਣਾਂ ਸਿਰਫ਼ ਮੁਕਾਬਲੇ ਲਈ ਨਹੀਂ ਸਗੋਂ ਜਿੱਤ ਲਈ ਲੜੀਆਂ ਜਾਂਦੀਆਂ ਹਨ। -ਪੀਟੀਆਈ



Most Read

2024-09-18 15:48:45