Breaking News >> News >> The Tribune


ਦੇਸ਼ ਭਰ ਵਿੱਚ ਤਣਾਅ ਦਾ ਮਾਹੌਲ ਜਾਰੀ


Link [2022-06-12 13:26:01]



ਰਾਂਚੀ, 11 ਜੂਨ

ਮੁੱਖ ਅੰਸ਼

* ਰਾਂਚੀ 'ਚ ਹਿੰਸਾ ਦੌਰਾਨ ਜ਼ਖ਼ਮੀ ਹੋਏ ਦੋ ਿਵਅਕਤੀਆਂ ਦੀ ਮੌਤ

* ਝਾਰਖੰਡ ਸਰਕਾਰ ਵੱਲੋਂ ਹਿੰਸਾ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਗਠਿਤ

ਪੈਗੰਬਰ ਮੁਹੰਮਦ ਖਿਲਾਫ਼ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਮਗਰੋਂ ਰੋਸ ਪ੍ਰਦਰਸ਼ਨਾਂ ਦਰਮਿਆਨ ਭੜਕੀ ਹਿੰਸਾ ਵਿੱਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋੲੇ ਦੋ ਵਿਅਕਤੀਆਂ ਨੇ ਅੱਜ ਦਮ ਤੋੜ ਦਿੱਤਾ। ਹਿੰਦੂ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਕਰਕੇ ਰਾਂਚੀ ਵਿੱਚ ਸਿਖਰਲੇ ਪੁਲੀਸ ਅਧਿਕਾਰੀਆਂ ਸਣੇ 2500 ਦੇ ਕਰੀਬ ਪੁਲੀਸ ਮੁਲਾਜ਼ਮ ਵੱਖ ਵੱਖ ਥਾਈਂ ਤਾਇਨਾਤ ਰਹੇ। ਸੰਵੇਦਨਸ਼ੀਲ ਇਲਾਕਿਆਂ ਵਿੱਚ ਧਾਰਾ 144 ਲਾਗੁੂ ਰਹੀ ਤੇ ਇਹਤਿਆਤ ਵਜੋਂ ਇੰਟਰਨੈੱਟ ਸੇਵਾਵਾਂ ਬੰਦ ਰੱਖੀਆਂ ਗਈਆਂ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਹਿੰਸਾ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜੋ ਹਫ਼ਤੇ ਅੰਦਰ ਰਿਪੋਰਟ ਸੌਂਪੇਗੀ। ਕਮੇਟੀ ਵਿੱਚ ਸੀਨੀਅਰ ਆਈੲੇਐੱਸ ਅਧਿਕਾਰੀ ਅਮਿਤਾਭ ਕੌਸ਼ਲ ਤੇ ਵਧੀਕ ਡੀਜੀਪੀ ਸੰਜੈ ਲਤਕਾਰ ਸ਼ਾਮਲ ਹੋਣਗੇ।

ਰਾਂਚੀ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਸ਼ਹਿਰ ਵਿੱਚ ਤਾਇਨਾਤ ਸੁਰੱਖਿਆ ਬਲ। -ਫੋਟੋ: ਪੀਟੀਆਈ

ਆਈਜੀ (ਅਪਰੇਸ਼ਨਜ਼) ਅਮੋਲ ਵੀ.ਹੋਮਕਰ ਨੇ ਦੱਸਿਆ ਕਿ ਬੰਦ ਦੇ ਸੱਦੇ ਨੂੰ ਧਿਆਨ 'ਚ ਰੱਖਦਿਆਂ ਇਹਤਿਆਤ ਵਜੋਂ 2500 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇਕ-ਇਕ ਆਈਜੀ ਤੇ ਡੀਆਈਜੀ ਰੈਂਕ ਦਾ ਅਧਿਕਾਰੀ, 6 ਐੱਸਪੀ ਰੈਂਕ, 100 ਡੀਐੱਸਪੀ ਰੈਂਕ ਦੇ ਅਧਿਕਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਰੈਪਿਡ ਐਕਸ਼ਨ ਫੋਰਸ ਬਟਾਲੀਅਨਾਂ ਨੂੰ ਵੱਖਰੇ ਤੌਰ 'ਤੇ ਰਾਂਚੀ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।'' ਅਧਿਕਾਰੀ ਨੇ ਕਿਹਾ, ''ਸ਼ੁੱਕਰਵਾਰ ਨੂੰ ਹੋਈ ਹਿੰਸਾ ਦੌਰਾਨ 12 ਪੁਲੀਸ ਮੁਲਾਜ਼ਮਾਂ ਤੇ 12 ਹੋਰ ਜ਼ਖ਼ਮੀ ਹੋ ਗਏ ਸਨ। ਇਕ ਪੁਲੀਸ ਮੁਲਾਜ਼ਮ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜਨ ਵਾਲੇ ਦੋਵਾਂ ਵਿਅਕਤੀਆਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਹਾਲਾਤ ਆਮ ਵਾਂਗ ਹੋਣ ਤਕ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ।'' ਪੁਲੀਸ ਅਧਿਕਾਰੀ ਨੇ ਕਿਹਾ ਕਿ ਹਿੰਸਾ ਨੂੰ ਲੈ ਕੇ ਐੱਫਆਈਆਰ ਦਰਜ ਕਰਨ ਮਗਰੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਹਾਲਾਤ ਉੱਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।'' ਮਾਰੇ ਗਏ ਦੋਵਾਂ ਵਿਅਕਤੀਆਂ ਦੀ ਪਛਾਣ ਮੁਹੰਮਦ ਮੁਦਾਸਿਰ ਕੈਫ਼ੀ (22) ਤੇ ਮੁਹੰਮਦ ਸਾਹਿਲ ਵਜੋਂ ਹੋਈ ਹੈ। ਇਕ ਦੇ ਸਿਰ ਅਤੇ ਦੂਜੇ ਦੀ ਗਰਦਨ 'ਤੇ ਗੋਲੀ ਲੱਗੀ ਸੀ ਅਤੇ ਦੋਵੇਂ ਰਾਂਚੀ ਦੇ ਵਸਨੀਕ ਸਨ। ਅਧਿਕਾਰੀਆਂ ਨੇ ਕਿਹਾ ਕਿ ਹਿੰਸਾ ਦੌਰਾਨ ਦੋ ਦਰਜਨ ਤੋਂ ਵਧ ਲੋਕ ਜ਼ਖ਼ਮੀ ਹੋ ਗਏ ਸਨ ਤੇ ਇਨ੍ਹਾਂ ਵਿਚੋਂ 13 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਤੇ ਉਹ ਰਾਂਚੀ ਦੇ ਰਿਮਸ ਵਿੱਚ ਦਾਖ਼ਲ ਹਨ। ਜ਼ਖ਼ਮੀਆਂ ਵਿੱਚ ਸੀਆਰਪੀਐੱਫ ਤੇ ਪੁਲੀਸ ਮੁਲਾਜ਼ਮ ਦੀ ਸ਼ਾਮਲ ਹਨ। ਹਿੰਦੂ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਵੀਐੱਚਪੀ, ਹਿੰਦੂ ਜਾਗਰਣ ਮੰਚ ਤੇ ਹੋਰਾਂ ਨੇ ਹਮਾਇਤ ਦਿੱਤੀ ਹੈ। ਰਾਜਪਾਲ ਰਮੇਸ਼ ਬੈਸ ਨੇ ਹਿੰਸਾ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਕਸੂਰਵਾਰਾਂ ਖਿਲਾਫ ਸਖ਼ਤ ਕਾਰਵਾਈ ਲਈ ਕਿਹਾ ਸੀ। -ਪੀਟੀਆਈ

ਨਫਰਤ ਤੇ ਹਿੰਸਾ ਸਾਡੇ ਜਿਊਣ ਦਾ ਤਰੀਕਾ ਨਹੀਂ: ਰਾਹੁਲ ਗਾਂਧੀ

ਨਵੀਂ ਦਿੱਲੀ: ਭਾਰਤ ਨੇ ਹਮੇਸ਼ਾ ਹੀ ਦੁਨੀਆਂ ਨੂੰ ਸਚਾਈ, ਅਹਿੰਸਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ ਅਤੇ ਨਫਰਤ ਤੇ ਹਿੰਸਾ ਸਾਡੇ ਜਿਊਣ ਦਾ ਤਰੀਕਾ ਨਹੀਂ। ਉਨ੍ਹਾਂ ਇਹ ਗੱਲ ਉਸ ਸਮੇਂ ਕਹੀ ਜਦੋਂ ਦੇਸ਼ ਵਿੱਚ ਕਈ ਥਾਵਾਂ ਤੋਂ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਸਿਧਾਂਤ ਆਜ਼ਾਦ ਭਾਰਤ ਦੀ ਨੀਂਹ ਹਨ ਅਤੇ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਹੈ ਕਿ ਭਾਰਤ ਨੂੰ ਇਕਜੁੱਟ ਰੱਖਿਆ ਜਾਵੇ ਅਤੇ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ। -ਪੀਟੀਆਈ

ਟਿੱਪਣੀਆਂ ਕਰਨ ਵਾਲਿਆਂ ਨੂੰ 'ਮਹੱਤਵਹੀਣ' ਦੱਸਣਾ ਗੈਰਵਾਜਬ: ਹਾਮਿਦ ਅਨਸਾਰੀ

ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਕਿਹਾ ਹੈ ਕਿ ਇਹ ਦਾਅਵਾ ਕਰਨਾ ਠੀਕ ਨਹੀਂ ਹੈ ਕਿ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਆਗੂਆਂ ਦੀ ਕੋਈ ਅਹਿਮੀਅਤ ਨਹੀਂ ਹੈ। ਉਨ੍ਹਾਂ ਕਿਹਾ ਧਰਮ ਸੰਸਦਾਂ ਵਿੱਚ ਘੱਟ ਗਿਣਤੀਆਂ ਵਿਰੁੱਧ ਨਫਰਤੀ ਤਕਰੀਰਾਂ ਦੌਰਾਨ ਸਰਕਾਰ ਮੂਕ ਦਰਸ਼ਕ ਬਣੀ ਰਹੀ। ਉਨ੍ਹਾਂ ਕਿਹਾ ਕਿ ਹਿੰਸਾ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਖਾਮੋਸ਼ੀ' ਦੇ 'ਗੰਭੀਰ ਅਰਥ' ਹਨ ਤੇ ਇਹ ਕੋਈ ਇਤਿਫਾਕ ਨਹੀਂ ਹੈ। -ਪੀਟੀਆਈ

ਪ੍ਰਗਿਆ ਠਾਕੁਰ ਵੱਲੋਂ ਨੂਪੁਰ ਦੀ ਹਮਾਇਤ

ਭੋਪਾਲ: ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਦੇ ਮੁੱਦੇ 'ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੇ ਰੋਸ ਪ੍ਰਦਰਸ਼ਨਾਂ ਦਰਮਿਆਨ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਪਾਰਟੀ ਦੀ ਮੁਅੱਤਲਸ਼ੁਦਾ ਤਰਜਮਾਨ ਨੂਪੁਰ ਸ਼ਰਮਾ ਦੀ ਹਮਾਇਤ 'ਚ ਨਿੱਤਰ ਆਈ ਹੈ। ਠਾਕੁਰ ਨੇ ਕਿਹਾ ਕਿ ਜੇਕਰ ਕੋਈ ਹਿੰਦੂ ਦੇਵੀ-ਦੇਵਤਿਆਂ ਦਾ ਨਿਰਾਦਰ ਕਰਦਾ ਹੈ ਤਾਂ ਉਸ ਨੂੰ 'ਸੱਚ' ਦੱਸਿਆ ਜਾਂਦਾ। ਠਾਕੁਰ ਵੱਲੋਂ ਸ਼ੁੱਕਰਵਾਰ ਨੂੰ ਕੀਤੀਆਂ ਇਨ੍ਹਾਂ ਟਿੱਪਣੀਆਂ ਮਗਰੋਂ ਮੱਧ ਪ੍ਰਦੇਸ਼ ਵਿੱਚ ਵਿਰੋਧੀ ਧਿਰ ਕਾਂਗਰਸ ਨੇ ਭਾਜਪਾ ਤੋਂ ਸਪਸ਼ਟੀਕਰਨ ਦੀ ਮੰਗ ਕਰਦਿਆਂ ਕਿਹਾ ਕਿ ਭਾਜਪਾ ਨੇ ਸ਼ਰਮਾ ਨੂੰ ਉਸ ਦੀਆਂ ਟਿੱਪਣੀਆਂ ਲਈ ਮੁਅੱਤਲ ਕਰ ਦਿੱਤਾ ਸੀ ਜਦੋਂਕਿ ਹੁਣ ਲੋਕ ਸਭਾ ਮੈਂਬਰ ਵੱਲੋਂ ਉਸੇ ਦੀ ਹਮਾਇਤ ਕੀਤੀ ਜਾ ਰਹੀ ਹੈ। -ਪੀਟੀਆਈ

ਜਾਮਾ ਮਸਜਿਦ ਦੇ ਬਾਹਰ ਕੀਤੇ ਪ੍ਰਦਰਸ਼ਨ ਲਈ ਕੇਸ ਦਰਜ

ਨਵੀਂ ਦਿੱਲੀ: ਪੁਲੀਸ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਜਾਮਾ ਮਸਜਿਦ ਦੇ ਬਾਹਰ ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੀਤੇ ਰੋਸ ਪ੍ਰਦਰਸ਼ਨ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਹੈ। ਡੀਸੀਪੀ (ਕੇਂਦਰੀ) ਸ਼ਵੇਤਾ ਚੌਹਾਨ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਖਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਜਾਰੀ ਹੈ। ਜੁੰਮੇ ਦੀ ਨਮਾਜ਼ ਮਗਰੋਂ ਮਸਜਿਦ ਦੇ ਬਾਹਰ ਇਕੱਤਰ ਲੋਕਾਂ ਦੀ ਗਿਣਤੀ 1500 ਦੇ ਕਰੀਬ ਦੱਸੀ ਜਾਂਦੀ ਹੈ। -ਪੀਟੀਆਈ



Most Read

2024-09-19 04:06:30