World >> The Tribune


ਲੜਕੀਆਂ ਦੀ ਸਿੱਖਿਆ ਹੀ ਵਾਤਾਵਰਨ ਸਮੱਸਿਆ ਦਾ ਹੱਲ: ਮਲਾਲਾ


Link [2022-06-11 15:34:16]



ਸਟਾਕਹੋਮ, 10 ਜੂਨ

ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੇ ਕਿਹਾ ਹੈ ਕਿ ਵਾਤਾਵਰਨ ਬਦਲਾਅ ਖ਼ਿਲਾਫ਼ ਜੰਗ, ਲੜਕੀਆਂ ਦੀ ਸਿੱਖਿਆ ਦੇ ਹੱਕ ਲਈ ਵੀ ਜੰਗ ਹੈ। ਉਸ ਨੇ ਕਿਹਾ ਕਿ ਵਾਤਾਵਰਨ ਨਾਲ ਸਬੰਧਤ ਆਫ਼ਤਾਂ ਕਰਕੇ ਲੜਕੀਆਂ ਦਾ ਸਕੂਲ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਯੂਸਫ਼ਜ਼ਈ ਨੇ ਇਹ ਬਿਆਨ ਸਵੀਡਨ ਦੀ ਸੰਸਦ ਦੇ ਬਾਹਰ ਦਿੱਤਾ ਜਿਥੇ ਉਹ ਵਾਤਾਵਰਨ ਬਚਾਉਣ ਦੀ ਮੁਹਿੰਮ ਚਲਾਉਣ ਵਾਲੀਆਂ ਗ੍ਰੇਟਾ ਥੁਨਬਰਗ ਅਤੇ ਵੈਨੇਸਾ ਨਕਾਟੇ ਨਾਲ ਕੀਤੇ ਗਏ ਪ੍ਰਦਰਸ਼ਨਾਂ 'ਚ ਹਾਜ਼ਰ ਸੀ। ਇਹ ਪ੍ਰਦਰਸ਼ਨ 2018 ਤੋਂ ਹਰ ਹਫ਼ਤੇ ਕੀਤਾ ਜਾ ਰਿਹਾ ਹੈ ਅਤੇ ਇਸ ਨੇ ਆਲਮੀ ਪੱਧਰ 'ਤੇ ਅੰਦੋਲਨ ਦਾ ਰੂਪ ਧਾਰ ਲਿਆ ਹੈ। ਯੂਸਫ਼ਜ਼ਈ ਨੇ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ,''ਸੋਕਾ ਅਤੇ ਹੜ੍ਹ ਵਰਗੀਆਂ ਮੁਸੀਬਤਾਂ ਦਾ ਸਿੱਧਾ ਅਸਰ ਸਕੂਲਾਂ 'ਤੇ ਪੈਂਦਾ ਹੈ ਅਤੇ ਇਨ੍ਹਾਂ ਕਰਕੇ ਲੋਕਾਂ ਨੂੰ ਹਿਜਰਤ ਵੀ ਕਰਨੀ ਪੈ ਜਾਂਦੀ ਹੈ। ਇਸ ਦਾ ਸਭ ਤੋਂ ਜ਼ਿਆਦਾ ਮਾੜਾ ਅਸਰ ਲੜਕੀਆਂ 'ਤੇ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਕੂਲਾਂ 'ਚੋਂ ਕੱਢ ਲਿਆ ਜਾਂਦਾ ਹੈ ਅਤੇ ਜੇਕਰ ਹਾਲਾਤ ਬਦਲਣ ਤਾਂ ਸਭ ਤੋਂ ਅਖੀਰ 'ਚ ਹੀ ਉਹ ਸਕੂਲ ਪਰਤਦੀਆਂ ਹਨ।''

ਪ੍ਰਦਰਸ਼ਨ ਦੌਰਾਨ ਮਲਾਲਾ ਨੇ ਦੱਸਿਆ ਕਿ ਕਿਵੇਂ ਹੜ੍ਹ ਆਉਣ ਕਾਰਨ ਉਸ ਦਾ ਸਕੂਲ ਬੰਦ ਹੋ ਗਿਆ ਸੀ ਅਤੇ ਪੜ੍ਹਾਈ 'ਚ ਅੜਿੱਕਾ ਪਿਆ। ਯੂਗਾਂਡਾ ਦੀ ਨਕਾਟੇ ਨੇ ਕਿਹਾ ਕਿ ਜਦੋਂ ਲੜਕੀਆਂ ਅਤੇ ਮਹਿਲਾਵਾਂ ਪੜ੍ਹੀਆਂ-ਲਿਖੀਆਂ ਹੋਣਗੀਆਂ ਤਾਂ ਗਰੀਨਹਾਊਸ ਗੈਸ ਨਿਕਾਸੀ ਘਟਾਉਣ 'ਚ ਸਹਾਇਤਾ ਮਿਲੇਗੀ ਅਤੇ ਦੁਨੀਆ ਦੇ ਵੱਖ ਵੱਖ ਹਿੱਸਿਆਂ 'ਚ ਲੜਕੀਆਂ ਨਾਲ ਕੀਤੇ ਜਾਂਦੇ ਨਾਬਰਾਬਰੀ ਦੇ ਰਵੱਈਏ 'ਤੇ ਲਗਾਮ ਕੱਸੀ ਜਾ ਸਕੇਗੀ। ਥੁਨਬਰਗ ਨੇ ਕਿਹਾ ਕਿ ਜੇਕਰ ਲੜਕੀਆਂ ਨੂੰ ਵਧੇਰੇ ਹੱਕ ਦੇ ਦਿੱਤੇ ਜਾਣ ਤਾਂ ਕੋਈ ਵੀ ਲੜਕੀ ਦੁਨੀਆ ਬਦਲ ਸਕਦੀ ਹੈ। -ਰਾਇਟਰਜ਼



Most Read

2024-09-19 19:43:50