World >> The Tribune


ਚੀਨ ਦੇ ਟਾਕਰੇ ਲਈ ਆਸਟਰੇਲੀਆ ਤੇ ਨਿਊਜ਼ੀਲੈਂਡ ਇਕਜੁੱਟ


Link [2022-06-11 15:34:16]



ਕੈਨਬਰਾ, 10 ਜੂਨ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੀ ਆਪਣੀ ਹਮਰੁਤਬਾ ਜੈਸਿੰਡਾ ਅਰਡਰਨ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਦੋਵੇਂ ਮੁਲਕ ਪ੍ਰਸ਼ਾਂਤ ਮਹਾਸਾਗਰ 'ਚ ਚੀਨ ਦੇ ਲਗਾਤਾਰ ਵਧ ਰਹੇ ਖ਼ਤਰੇ ਨਾਲ ਸਿੱਝਣ ਲਈ ਇਕਜੁੱਟ ਹੋ ਕੇ ਕੰਮ ਕਰਨਗੇ। ਐਂਥਨੀ ਦੇ 21 ਮਈ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਆਸਟਰੇਲੀਆ ਦੀ ਯਾਤਰਾ ਕਰਨ ਵਾਲੀ ਪਹਿਲੀ ਵਿਦੇਸ਼ੀ ਆਗੂ ਬਣ ਗਈ ਹੈ। ਅਰਡਰਨ ਨੇ ਕਰੀਬ ਇਕ ਦਹਾਕਿਆਂ ਬਾਅਦ ਅਲਬਾਨੀਜ਼ ਦੀ ਲੇਬਰ ਪਾਰਟੀ ਦੇ ਸੱਤਾ 'ਚ ਆਉਣ ਨੂੰ ਦੁਵੱਲੇ ਸਬੰਧਾਂ ਲਈ ਵਧੀਆ ਦੱਸਿਆ ਹੈ। ਆਸਟਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਨੇ ਸੋਲੋਮਨ ਟਾਪੂ ਦੇ ਨਾਲ ਪੇਈਚਿੰਗ ਦੇ ਨਵੇਂ ਸੁਰੱਖਿਆ ਸਮਝੌਤੇ 'ਤੇ ਚਿੰਤਾ ਜਤਾਈ ਅਤੇ ਕਿਹਾ ਕਿ ਇਸ ਨਾਲ ਉਥੇ ਚੀਨ ਦਾ ਫ਼ੌਜੀ ਅੱਡਾ ਸਥਾਪਤ ਹੋ ਸਕਦਾ ਹੈ। ਉਂਜ ਸੋਲੋਮਨ ਟਾਪੂ ਅਤੇ ਚੀਨ, ਦੋਹਾਂ ਨੇ ਇਸ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਚੀਨ ਦੇ ਪ੍ਰਸ਼ਾਂਤ ਮਹਾਸਾਗਰ 'ਚ ਵਧਦੇ ਉਭਾਰ ਨੂੰ ਰੋਕਣ ਲਈ ਆਸਟਰੇਲੀਆ ਵੱਲੋਂ ਨਿਊਜ਼ੀਲੈਂਡ ਨਾਲ ਮਿਲ ਕੇ ਵਧੇਰੇ ਕੋਸ਼ਿਸ਼ਾਂ ਕਰਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਅਲਬਾਨੀਜ਼ ਨੇ ਕਿਹਾ ਕਿ ਦੋਵੇਂ ਮੁਲਕ ਪ੍ਰਸ਼ਾਂਤ ਮਹਾਸਾਗਰ ਖ਼ਿੱਤੇ 'ਚ ਰਲ ਕੇ ਚੱਲ ਰਹੇ ਹਨ। -ਏਪੀ



Most Read

2024-09-19 19:35:12