World >> The Tribune


ਭਾਰਤ-ਅਮਰੀਕਾ ਲਈ ਅਹਿਮ ਰਿਹਾ ਇਹ ਸਾਲ: ਸੰਧੂ


Link [2022-06-11 15:34:16]



ਵਾਸ਼ਿੰਗਟਨ, 10 ਜੂਨ

ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਤੇ ਆਰਥਿਕ ਰਿਸ਼ਤਿਆਂ ਲਈ ਇਹ 'ਮਹੱਤਵਪੂਰਨ ਸਾਲ' ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦੋਵਾਂ ਮੁਲਕਾਂ ਵਿਚਾਲੇ ਆਰਥਿਕ ਭਾਈਵਾਲੀ ਦੀਆਂ 'ਵੱਡੀਆਂ' ਸੰਭਾਵਨਾਵਾਂ ਹਨ। ਭਾਰਤੀ ਰਾਜਦੂਤ ਨੇ ਕਿਹਾ, ''ਪਿਛਲੇ ਸਾਲ ਅਸੀਂ ਦੋਵਾਂ ਮੁਲਕਾਂ ਨੇ 16 ਕਰੋੜ ਅਮਰੀਕੀ ਡਾਲਰ ਤੋਂ ਵੱਧ ਦਾ ਦੁਵੱਲਾ ਵਪਾਰ ਕੀਤਾ ਸੀ, ਜੋ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਸਿਖਰਲਾ ਅੰਕੜਾ ਹੈ। ਇਥੇ ਇਹ ਗੱਲ ਵੀ ਜ਼ਹਿਨ ਵਿੱਚ ਰੱਖਣ ਦੀ ਲੋੜ ਹੈ ਕਿ ਅਸੀਂ ਇਹ ਸਭ ਕੁਝ (ਕਰੋਨਾ) ਮਹਾਮਾਰੀ ਦੌਰਾਨ ਅਤੇ ਸਪਲਾਈ ਚੇਨ ਵਿੱਚ ਅੜਿੱਕੇ ਪੈਣ ਦੇ ਬਾਵਜੂਦ ਪ੍ਰਾਪਤ ਕੀਤਾ ਹੈ।'' ਸੰਧੂ ਇਥੇ ਵਰਜੀਨੀਆ ਦੀ ਫੇਰਫੈਕਸ ਕਾਊਂਟੀ ਵੱਲੋਂ ਕਾਰੋਬਾਰੀ ਵਫ਼ਦ ਨੂੰ ਜੀ ਆਇਆਂ ਕਹਿਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਵਰਜੀਨੀਆ ਦਾ ਭਾਰਤ ਨਾਲ ਕਾਫ਼ੀ ਮਜ਼ਬੂਤ ਰਿਸ਼ਤਾ ਰਿਹਾ ਹੈ। ਉਨ੍ਹਾਂ ਕਿਹਾ, ''ਅਮਰੀਕਾ ਵਿੱਚ 200 ਭਾਰਤੀ ਕੰਪਨੀਆਂ ਤੇ ਭਾਰਤ ਵਿੱਚ 2000 ਤੋਂ ਵੱਧ ਅਮਰੀਕੀ ਕੰਪਨੀਆਂ ਦੀ ਮੌਜੂਦਗੀ ਨਾਲ ਦੋਵਾਂ ਮੁਲਕਾਂ 'ਚ ਆਰਥਿਕ ਭਾਈਵਾਲੀ ਦੀਆਂ ਸੰਭਾਵਨਾਵਾਂ ਹਨ।'' -ਪੀਟੀਆਈ

ਅਮਰੀਕੀ ਸੰਸਦ ਵਿੱਚ ਸੇਵਾ ਇੰਟਰਨੈਸ਼ਨਲ ਦੀ ਸ਼ਲਾਘਾ

ਰਿਪਬਲਿਕਨ ਸੰਸਦ ਮੈਂਬਰ ਬ੍ਰਾਇਨ ਫਿਟਜ਼ਪੈਟਰਿਕ ਨੇ ਪ੍ਰਤੀਨਿਧ ਸਭਾ 'ਚ ਮਤਾ ਪੇਸ਼ ਕਰਕੇ ਸੇਵਾ ਇੰਟਰਨੈਸ਼ਨਲ ਯੂਐੱਸਏ ਵੱਲੋਂ ਕਰੋਨਾ ਮਹਾਮਾਰੀ ਅਤੇ ਵੱਖ ਵੱਖ ਆਫ਼ਤਾਂ ਦੌਰਾਨ ਨਿਭਾਏ ਗਏ ਸਮਾਜ ਸੇਵੀ ਕੰਮਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਹੈ। ਮਤੇ 'ਚ ਕਿਹਾ ਗਿਆ ਕਿ ਅਮਰੀਕਾ, ਭਾਰਤ ਅਤੇ ਹੋਰ ਕਈ ਮੁਲਕਾਂ 'ਚ ਕਰੋਨਾ ਮਹਾਮਾਰੀ ਨਾਲ ਨਜਿੱਠਣ 'ਚ ਸੇਵਾ ਇੰਟਰਨੈਸ਼ਨਲ ਯੂਐੱਸਏ ਤੇ ਉਸ ਦੇ ਵਾਲੰਟੀਅਰਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਮਾਨਤਾ ਦਿੱਤੀ ਜਾਂਦੀ ਹੈ।



Most Read

2024-09-19 19:12:33