Sport >> The Tribune


ਖੇਲੋ ਇੰਡੀਆ ਖੇਡਾਂ: ਗਤਕਾ ਮੁਕਾਬਲਿਆਂ ’ਚ ਪੰਜਾਬ ਦੇ ਲੜਕੇ ਤੇ ਚੰਡੀਗੜ੍ਹ ਦੀਆਂ ਲੜਕੀਆਂ ਜੇਤੂ


Link [2022-06-11 15:34:14]



ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 7 ਜੂਨ

ਭਾਰਤੀ ਖੇਡ ਮੰਤਰਾਲੇ ਵੱਲੋਂ ਪੰਚਕੂਲਾ, ਹਰਿਆਣਾ ਵਿੱਚ ਚੱਲ ਰਹੀਆਂ ਚੌਥੀਆਂ ਖੇਲੋ ਇੰਡੀਆ ਯੂਥ ਗੇਮਜ਼ ਦੌਰਾਨ ਹੋਏ ਗਤਕੇ ਦੇ ਨੈਸ਼ਨਲ ਮੁਕਾਬਲਿਆਂ ਦੌਰਾਨ ਲੜਕਿਆਂ ਦੇ ਵਰਗ ਵਿੱਚੋਂ ਪੰਜਾਬ ਨੇ ਸਮੁੱਚੀ ਚੈਂਪੀਅਨਸ਼ਿਪ ਜਿੱਤੀ, ਜਦਕਿ ਹਰਿਆਣਾ ਦੂਜੇ ਅਤੇ ਨਵੀਂ ਦਿੱਲੀ ਦੀ ਟੀਮ ਤੀਜੇ ਸਥਾਨ 'ਤੇ ਰਹੀ। ਇਸੇ ਦੌਰਾਨ ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਚੰਡੀਗੜ੍ਹ ਨੇ ਸਮੁੱਚੀ ਚੈਂਪੀਅਨਸ਼ਿੱਪ ਉੱਤੇ ਕਬਜ਼ਾ ਕੀਤਾ ਜਦਕਿ ਪੰਜਾਬ ਦੂਜੇ ਨੰਬਰ ਉੱਤੇ ਅਤੇ ਨਵੀਂ ਦਿੱਲੀ ਦੀਆਂ ਲੜਕੀਆਂ ਤੀਜੇ ਸਥਾਨ 'ਤੇ ਰਹੀਆਂ।

ਇਨ੍ਹਾਂ ਕੌਮੀ ਗੱਤਕਾ ਮੁਕਾਬਲਿਆਂ ਵਿੱਚ ਦੇਸ਼ ਦੇ ਵੱਖ-ਵੱਖ 16 ਰਾਜਾਂ ਦੀਆਂ ਗੱਤਕਾ ਟੀਮਾਂ ਵਿੱਚ ਸ਼ਾਮਲ 250 ਤੋਂ ਵੱਧ ਖਿਡਾਰੀਆਂ ਤੇ ਖਿਡਾਰਨਾਂ ਨੇ 64 ਤਗਮਿਆਂ ਲਈ ਸਵੈ-ਰੱਖਿਆ ਦੀ ਇਸ ਖੇਡ ਵਿੱਚ ਪੂਰੇ ਜੋਸ਼ ਨਾਲ ਜ਼ੋਰ-ਅਜਮਾਈ ਕੀਤੀ। ਖੇਲੋ ਇੰਡੀਆ ਖੇਡਾਂ ਦੌਰਾਨ ਗਤਕਾ ਮੁਕਾਬਲਿਆਂ ਵਿੱਚ ਗਤਕਾ ਸਿੰਗਲ ਸੋਟੀ ਵਿਅਕਤੀਗਤ ਈਵੈਂਟ (ਲੜਕੇ) ਪੰਜਾਬ ਦਾ ਗੁਰਸਾਗਰ ਸਿੰਘ ਜੇਤੂ, ਹਰਿਆਣਾ ਦੇ ਪਾਰਸਪ੍ਰੀਤ ਸਿੰਘ ਨੇ ਦੂਜਾ ਸਥਾਨ, ਜੰਮੂ ਕਸ਼ਮੀਰ ਦੇ ਇਕਮੀਤ ਸਿੰਘ ਅਤੇ ਚੰਡੀਗੜ੍ਹ ਦੇ ਤੇਜਪ੍ਰਤਾਪ ਸਿੰਘ ਜੱਸੜ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ। ਗਤਕਾ ਫੱਰੀ ਸੋਟੀ ਵਿਅਕਤੀਗਤ ਈਵੈਂਟ (ਲੜਕੇ) ਵਿੱਚ ਪੰਜਾਬ ਦੇ ਵੀਰੂ ਸਿੰਘ ਨੇ ਪਹਿਲਾ ਸਥਾਨ, ਛੱਤੀਸਗੜ ਦੇ ਰਣਬੀਰ ਸਿੰਘ ਨੇ ਦੂਜਾ ਸਥਾਨ ਜਦਕਿ ਨਵੀਂ ਦਿੱਲੀ ਤੋਂ ਮਨਜੋਤ ਸਿੰਘ ਅਤੇ ਗੁਜਰਾਤ ਤੋਂ ਯੁਵਰਾਜ ਸਿੰਘ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ।

ਗੱਤਕਾ ਸੋਟੀ ਟੀਮ ਈਵੈਂਟ (ਲੜਕੇ) ਵਿੱਚ ਹਰਿਆਣਾ ਦੇ ਇੰਦਰਜੀਤ ਸਿੰਘ, ਕ੍ਰਿਸ਼ ਅਤੇ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਚੰਡੀਗੜ੍ਹ ਦੇ ਗੁਰਚਰਨ ਸਿੰਘ, ਜੀਵਨਜੋਤ ਸਿੰਘ ਤੇ ਤੇਜਪ੍ਰਤਾਪ ਸਿੰਘ ਜੱਸੜ ਨੇ ਦੂਜਾ ਸਥਾਨ ਜਦਕਿ ਆਂਧਰਾ ਪ੍ਰਦੇਸ ਦੇ ਮੇਰੁਗੂ ਮਾਹੇਂਦਰਾ, ਮੁਪਲਨਾ ਵੈਂਕਟੇਸ਼ ਤੇ ਦੁਰਗਾ ਪ੍ਰਸਾਦ ਅਤੇ ਨਵੀਂ ਦਿੱਲੀ ਦੇ ਅਮਰਜੀਤ ਸਿੰਘ, ਨਵਜੋਤ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਟੀਮ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ। ਗਤਕਾ ਫਰੀ ਸੋਟੀ ਟੀਮ ਈਵੈਂਟ (ਲੜਕੇ) ਵਿੱਚ ਪੰਜਾਬ ਦੇ ਅਰਸ਼ਦੀਪ ਸਿੰਘ, ਅਮਰਦੀਪ ਸਿੰਘ ਅਤੇ ਭੁਪਿੰਦਰਪਾਲ ਸਿੰਘ ਨੇ ਪਹਿਲਾ ਸਥਾਨ, ਨਵੀਂ ਦਿੱਲੀ ਦੇ ਮਗਨਜੋਤ ਸਿੰਘ, ਤਰਨਜੀਤ ਸਿੰਘ ਅਤੇ ਹਰਨੇਕ ਸਿੰਘ ਨੇ ਦੂਜਾ ਸਥਾਨ, ਜੰਮੂ ਕਸ਼ਮੀਰ ਦੇ ਪ੍ਰਭਜੋਤ ਸਿੰਘ, ਗੁਰਲੀਨ ਸਿੰਘ ਅਤੇ ਮਨਅੰਮ੍ਰਿਤ ਸਿੰਘ ਜਦਕਿ ਛੱਤੀਸਗੜ੍ਹ ਦੇ ਰਣਵੀਰ ਸਿੰਘ, ਗੁਰਕੀਰਤ ਸਿੰਘ ਅਤੇ ਅੰਸ਼ਦੀਪ ਸਿੰਘ ਦੀ ਟੀਮ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ।



Most Read

2024-09-19 04:00:29