Breaking News >> News >> The Tribune


ਰਾਜ ਸਭਾ ਚੋਣਾਂ: ‘ਬਿਹਤਰ ਚੋਣ ਰਣਨੀਤੀ’ ਦੀ ਬਦੌਲਤ ਭਾਜਪਾ ਦੀ ਵੱਡੀ ਜਿੱਤ


Link [2022-06-11 15:34:11]



ਮੁੰਬਈ/ਚੰਡੀਗੜ੍ਹ/ਬੰਗਲੌਰ/ਜੈਪੁਰ, 11 ਜੂਨ

ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪੀਯੂਸ਼ ਗੋਇਲ, ਕਾਂਗਰਸ ਦੇ ਰਣਦੀਪ ਸੁਰਜੇਵਾਲਾ ਅਤੇ ਜੈਰਾਮ ਰਮੇਸ਼ ਅਤੇ ਸ਼ਿਵ ਸੈਨਾ ਦੇ ਸੰਜੇ ਰਾਊਤ ਚਾਰ ਰਾਜਾਂ ਤੋਂ ਰਾਜ ਸਭਾ ਲਈ ਚੁਣੇ ਗਏ 16 ਉਮੀਦਵਾਰਾਂ ਵਿੱਚ ਸ਼ਾਮਲ ਹਨ। ਮਹਾਰਾਸ਼ਟਰ ਅਤੇ ਹਰਿਆਣਾ 'ਚ ਚੋਣ ਨਿਯਮਾਂ ਦੀ ਕਥਿਤ ਉਲੰਘਣਾ ਅਤੇ 'ਕਰਾਸ ਵੋਟਿੰਗ' ਦੇ ਦੋਸ਼ਾਂ ਕਾਰਨ ਸ਼ੁੱਕਰਵਾਰ ਨੂੰ ਵੋਟਾਂ ਦੀ ਗਿਣਤੀ 'ਚ ਕਰੀਬ ਅੱਠ ਘੰਟੇ ਦੀ ਦੇਰੀ ਹੋਈ। ਭਾਜਪਾ ਦੇ ਬਿਹਤਰ ਚੋਣ ਪ੍ਰਬੰਧਨ ਕਾਰਨ ਕਰਨਾਟਕ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਪਾਰਟੀ ਦੇ ਦੋ ਉਮੀਦਵਾਰ ਅਤੇ ਇਸ ਦਾ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਜਿੱਤੇ, ਭਾਵੇਂ ਕਿ ਉਨ੍ਹਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਸਨ। ਮਹਾਰਾਸ਼ਟਰ ਵਿੱਚ ਸੱਤਾਧਾਰੀ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗਠਜੋੜ ਨੂੰ ਉਦੋਂ ਝਟਕਾ ਲੱਗਾ, ਜਦੋਂ ਮੁੱਖ ਵਿਰੋਧੀ ਭਾਜਪਾ ਨੇ ਰਾਜ ਵਿੱਚ ਰਾਜ ਸਭਾ ਦੀਆਂ ਛੇ ਵਿੱਚੋਂ ਤਿੰਨ ਸੀਟਾਂ ਜਿੱਤ ਲਈਆਂ। ਚੋਣ ਨਤੀਜੇ ਸ਼ਨਿਚਰਵਾਰ ਤੜਕੇ ਐਲਾਨੇ ਗਏ। ਭਾਰਤੀ ਜਨਤਾ ਪਾਰਟੀ ਦੇ ਜੇਤੂ ਉਮੀਦਵਾਰਾਂ ਵਿੱਚ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਸਾਬਕਾ ਰਾਜ ਮੰਤਰੀ ਅਨਿਲ ਬੋਂਡੇ ਅਤੇ ਧਨੰਜੈ ਮਹਾਦਿਕ ਸ਼ਾਮਲ ਸਨ। ਸ਼ਿਵ ਸੈਨਾ ਦੇ ਰਾਸ਼ਟਰੀ ਚਿਹਰਾ ਸੰਜੇ ਰਾਊਤ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁੱਲ ਪਟੇਲ ਅਤੇ ਕਾਂਗਰਸ ਦੇ ਇਮਰਾਨ ਪ੍ਰਤਾਪਗੜ੍ਹੀ ਵੀ ਜੇਤੂ ਰਹੇ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਧਨੰਜੈ ਮਹਾਦਿਕ ਨੇ ਛੇਵੀਂ ਸੀਟ ਲਈ ਸ਼ਿਵ ਸੈਨਾ ਦੇ ਸੰਜੇ ਪਵਾਰ ਨੂੰ ਹਰਾਇਆ। ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਟਵੀਟ ਕੀਤਾ,'ਚੋਣਾਂ ਜਿੱਤਣ ਲਈ ਲੜੀਆਂ ਜਾਂਦੀਆਂ ਹਨ, ਸਿਰਫ ਲੜਨ ਲਈ ਨਹੀਂ।' ਹਰਿਆਣਾ ਵਿਚ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਅਤੇ ਪਾਰਟੀ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੇ ਰਾਜ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਜਿੱਤੀਆਂ, ਜਦਕਿ ਕਾਂਗਰਸ ਦੇ ਅਜੈ ਮਾਕਨ ਹਾਰ ਗਏ। ਕਰਨਾਟਕ ਵਿੱਚ ਭਾਜਪਾ ਨੇ ਉਨ੍ਹਾਂ ਸਾਰੀਆਂ ਤਿੰਨ ਰਾਜ ਸਭਾ ਸੀਟਾਂ 'ਤੇ ਜਿੱਤ ਹਾਸਲ ਕੀਤੀ, ਜਿਨ੍ਹਾਂ 'ਤੇ ਇਸ ਨੇ ਚੋਣ ਲੜੀ ਸੀ। ਰਾਜ ਵਿੱਚ ਸੰਸਦ ਦੇ ਉਪਰਲੇ ਸਦਨ ਲਈ ਚਾਰ ਸੀਟਾਂ ਲਈ ਚੋਣਾਂ ਹੋਈਆਂ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਦੋ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਉਹ ਸਿਰਫ਼ ਇਕ ਸੀਟ ਜਿੱਤ ਸਕੀ, ਜਦਕਿ ਜੇਡੀ(ਐਸ) ਦੇ ਖਾਤੇ ਵਿਚ ਇਕ ਵੀ ਸੀਟ ਨਹੀਂ ਆਈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਅਭਿਨੇਤਾ-ਰਾਜਨੇਤਾ ਬਦੇ ਜਗੇਸ਼ ਅਤੇ ਐੱਮਐੱਲਸੀ ਲਹਿਰ ਸਿੰਘ ਸਿਰੋਆ ਭਾਜਪਾ ਤੋਂ ਉਪਰਲੇ ਸਦਨ ਵਿੱਚ ਪਹੁੰਚਣਗੇ ਅਤੇ ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੂੰ ਵੀ ਜੇਤੂ ਐਲਾਨਿਆ ਗਿਆ। ਚੌਥੀ ਸੀਟ ਲਈ ਚੋਣ ਨਤੀਜਾ ਰਹੱਸ ਬਣਿਆ ਰਿਹਾ, ਜਿਸ ਵਿੱਚ ਜਿੱਤਣ ਲਈ ਲੋੜੀਂਦੀਆਂ ਵੋਟਾਂ ਨਾ ਹੋਣ ਦੇ ਬਾਵਜੂਦ ਆਪਣੇ ਉਮੀਦਵਾਰ ਖੜ੍ਹੇ ਕਰਨ ਵਾਲੀਆਂ ਤਿੰਨ ਸਿਆਸੀ ਪਾਰਟੀਆਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਭਾਜਪਾ ਦੇ ਸਿਰੋਆ ਨੇ ਚੌਥੀ ਸੀਟ ਲਈ ਚੋਣ ਵਿੱਚ ਮਨਸੂਰ ਅਲੀ ਖਾਨ (ਕਾਂਗਰਸ ਦੇ ਦੂਜੇ ਉਮੀਦਵਾਰ) ਅਤੇ ਡੀ. ਕੁਪੇਂਦਰ ਰੈੱਡੀ (ਸਿਰਫ਼ ਜੇਡੀ-ਐੱਸ ਉਮੀਦਵਾਰ) ਨੂੰ ਹਰਾਇਆ। ਰਾਜਸਥਾਨ ਵਿੱਚ ਸੱਤਾਧਾਰੀ ਕਾਂਗਰਸ ਨੇ ਚਾਰ ਵਿੱਚੋਂ ਤਿੰਨ ਸੀਟਾਂ ਆਸਾਨੀ ਨਾਲ ਜਿੱਤ ਲਈਆਂ ਅਤੇ ਇੱਕ ਸੀਟ ਭਾਜਪਾ ਦੇ ਖਾਤੇ ਵਿੱਚ ਚਲੀ ਗਈ। ਭਾਜਪਾ ਸਮਰਥਤ ਆਜ਼ਾਦ ਉਮੀਦਵਾਰ ਅਤੇ ਮੀਡੀਆ ਕਾਰੋਬਾਰੀ ਸੁਭਾਸ਼ ਚੰਦਰਾ ਹਾਰ ਗਏ। ਕਾਂਗਰਸ ਦੇ ਉਮੀਦਵਾਰ ਰਣਦੀਪ ਸੁਰਜੇਵਾਲਾ, ਮੁਕੁਲ ਵਾਸਨਿਕ ਅਤੇ ਪ੍ਰਮੋਦ ਤਿਵਾੜੀ ਅਤੇ ਭਾਜਪਾ ਦੇ ਘਨਸ਼ਿਆਮ ਤਿਵਾੜੀ ਨੂੰ ਰਾਜ ਤੋਂ ਚੁਣੇ ਜਾਣ ਦਾ ਐਲਾਨ ਕੀਤਾ ਗਿਆ। ਦਿਲਚਸਪ ਘਟਨਾਕ੍ਰਮ ਵਿੱਚ ਭਾਜਪਾ ਵਿਧਾਇਕਾ ਸ਼ੋਭਰਾਣੀ ਕੁਸ਼ਵਾਹਾ ਨੇ ਕਾਂਗਰਸ ਉਮੀਦਵਾਰ ਪ੍ਰਮੋਦ ਤਿਵਾੜੀ ਲਈ 'ਕਰਾਸ ਵੋਟਿੰਗ' ਕਰਕੇ ਪਾਰਟੀ ਦੀ ਬਦਨਾਮੀ ਕੀਤੀ ਹੈ। ਪਾਰਟੀ ਨੇ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ।



Most Read

2024-09-18 10:53:17