Breaking News >> News >> The Tribune


ਰਾਜ ਸਭਾ ਚੋਣਾਂ: ਹਰਿਆਣਾ ਅਤੇ ਮਹਾਰਾਸ਼ਟਰ ’ਚ ਤਾਣੀ ਉਲਝੀ


Link [2022-06-11 15:34:11]



ਨਵੀਂ ਦਿੱਲੀ/ਮੁੰਬਈ/ਬੰਗਲੂਰੂ/ਚੰਡੀਗੜ੍ਹ, 10 ਜੂਨ

ਰਾਜ ਸਭਾ ਦੀਆਂ 16 ਸੀਟਾਂ ਲਈ ਅੱਜ ਚਾਰ ਸੂਬਿਆਂ ਮਹਾਰਾਸ਼ਟਰ (6), ਕਰਨਾਟਕ (4), ਰਾਜਸਥਾਨ (4) ਅਤੇ ਹਰਿਆਣਾ (2) 'ਚ ਵੋਟਾਂ ਪਈਆਂ। ਭਾਜਪਾ ਵੱਲੋਂ ਇਤਰਾਜ਼ ਜਤਾਏ ਜਾਣ 'ਤੇ ਮਹਾਰਾਸ਼ਟਰ ਅਤੇ ਹਰਿਆਣਾ 'ਚ ਵੋਟਾਂ ਦੀ ਗਿਣਤੀ ਰੁਕ ਗਈ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਮਹਾਰਾਸ਼ਟਰ 'ਚ ਤਿੰਨ ਅਤੇ ਹਰਿਆਣਾ 'ਚ ਦੋ ਵਿਧਾਇਕਾਂ ਨੇ ਆਪਣੀ ਵੋਟ ਸਾਰਿਆਂ ਨੂੰ ਦਿਖਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਇਹ ਵੋਟ ਰੱਦ ਕੀਤੇ ਜਾਣ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼, ਤਾਮਿਲ ਨਾਡੂ, ਬਿਹਾਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਪੰਜਾਬ, ਤਿਲੰਗਾਨਾ, ਛੱਤੀਸਗੜ੍ਹ ਅਤੇ ਉੱਤਰਾਖੰਡ 'ਚ 41 ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ।

ਮਹਾਰਾਸ਼ਟਰ 'ਚ ਵੋਟਾਂ ਦੀ ਗਿਣਤੀ ਉਸ ਸਮੇਂ ਰੁਕ ਗਈ ਜਦੋਂ ਵਿਰੋਧੀ ਧਿਰ ਭਾਜਪਾ ਨੇ ਦੋਸ਼ ਲਾਇਆ ਕਿ ਹੁਕਮਰਾਨ ਮਹਾ ਵਿਕਾਸ ਅਗਾੜੀ ਦੇ ਤਿੰਨ ਵਿਧਾਇਕਾਂ ਜੀਤੇਂਦਰ ਅਵਧ (ਐੱਨਸੀਪੀ), ਯਸ਼ੋਮਤੀ ਠਾਕੁਰ (ਕਾਂਗਰਸ) ਅਤੇ ਸ਼ਿਵ ਸੈਨਾ ਵਿਧਾਇਕ ਸੁਹਾਸ ਕਾਂਡੇ ਨੇ ਵੋਟਿੰਗ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਭਾਜਪਾ ਮੁਤਾਬਕ ਅਵਧ ਅਤੇ ਠਾਕੁਰ ਨੇ ਆਪਣੇ ਬੈਲੇਟ ਪੇਪਰ ਪਾਰਟੀ ਏਜੰਟਾਂ ਨੂੰ ਸਿਰਫ਼ ਦਿਖਾਉਣ ਦੀ ਬਜਾਏ ਉਨ੍ਹਾਂ ਨੂੰ ਸੌਂਪ ਦਿੱਤੇ ਜਦਕਿ ਕਾਂਡੇ ਨੇ ਦੋ ਹੋਰ ਏਜੰਟਾਂ ਨੂੰ ਬੈਲੇਟ ਪੇਪਰ ਦਿਖਾਏ ਹਨ। ਇਸੇ ਤਰ੍ਹਾਂ ਹਰਿਆਣਾ 'ਚ ਭਾਜਪਾ ਉਮੀਦਵਾਰ ਕ੍ਰਿਸ਼ਨ ਲਾਲ ਪੰਵਾਰ ਅਤੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਕਿ ਕਾਂਗਰਸ ਵਿਧਾਇਕਾਂ ਕਿਰਨ ਚੌਧਰੀ ਅਤੇ ਬੀ ਬੀ ਬੱਤਰਾ ਨੇ ਬੈਲੇਟ ਪੇਪਰ ਆਪਣੇ ਏਜੰਟ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਦਿਖਾਏ ਹਨ ਅਤੇ ਇਹ ਘਟਨਾ ਕੈਮਰਿਆਂ 'ਚ ਕੈਦ ਹੋ ਗਈ ਹੈ। ਚੋਣ ਕਮਿਸ਼ਨ ਨੇ ਵੀਡੀਓ ਫੁਟੇਜ ਤਲਬ ਕਰ ਲਏ ਹਨ ਅਤੇ ਅਗਲੇ ਹੁਕਮਾਂ ਤੱਕ ਵੋਟਾਂ ਦੀ ਗਿਣਤੀ ਰੋਕ ਦਿੱਤੀ ਗਈ ਹੈ। ਰਿਟਰਨਿੰਗ ਅਫ਼ਸਰ ਰਾਜੇਂਦਰ ਸਿੰਘ ਨਾਂਦਲ ਦਾ ਪੱਖ ਵੀ ਕਮਿਸ਼ਨ ਨੇ ਸੁਣਿਆ ਹੈ। ਉਂਜ ਨਾਂਦਲ ਪਹਿਲਾਂ ਹੀ ਦਿਗਵਿਜੈ ਸਿੰਘ ਚੌਟਾਲਾ, ਕ੍ਰਿਸ਼ਨ ਲਾਲ ਪੰਵਾਰ, ਕਾਰਤੀਕੇਯ ਸ਼ਰਮਾ ਆਦਿ ਦੀ ਲਿਖਤੀ ਸ਼ਿਕਾਇਤ ਦਾ ਨਿਬੇੜਾ ਕਰ ਚੁੱਕੇ ਸਨ। ਉਨ੍ਹਾਂ ਭਾਜਪਾ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਰਨ ਚੌਧਰੀ ਅਤੇ ਬੱਤਰਾ ਦੇ ਵੋਟ ਨੂੰ ਜਾਇਜ਼ ਕਰਾਰ ਦਿੱਤਾ ਹੈ। -ਪੀਟੀਆਈ

ਮਲਿਕ ਨੂੰ ਹਾਈ ਕੋਰਟ ਤੋਂ ਵੀ ਨਾ ਮਿਲੀ ਵੋਟ ਪਾਉਣ ਦੀ ਇਜਾਜ਼ਤ

ਮੁੰਬਈ: ਬੰਬੇ ਹਾਈ ਕੋਰਟ ਦੇ ਸਿੰਗਲ ਬੈਂਚ ਵੱਲੋਂ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੀ ਰਾਜ ਸਭਾ ਚੋਣਾਂ 'ਚ ਆਪਣੀ ਵੋਟ ਪਾਉਣ ਲਈ ਜੇਲ੍ਹ 'ਚੋਂ ਆਰਜ਼ੀ ਰਿਹਾਈ ਦੀ ਮੰਗ ਵਾਲੀ ਅਰਜ਼ੀ ਰੱਦ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਹਾਈ ਕੋਰਟ ਦੇ ਇਕ ਹੋਰ ਬੈਂਚ ਨੇ ਉਨ੍ਹਾਂ ਦੀ ਦੂਜੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ

ਰਾਜਸਥਾਨ 'ਚ ਕਾਂਗਰਸ ਦੇ ਤਿੰਨ ਅਤੇ ਕਰਨਾਟਕ 'ਚ ਭਾਜਪਾ ਦੇ ਤਿੰਨ ਉਮੀਦਵਾਰ ਜੇਤੂ

ਰਾਜਸਥਾਨ 'ਚ ਕਾਂਗਰਸ ਦੇ ਤਿੰਨ ਉਮੀਦਵਾਰ ਰਣਦੀਪ ਸੁਰਜੇਵਾਲਾ (43 ਵੋਟਾਂ), ਮੁਕੁਲ ਵਾਸਨਿਕ (42 ਵੋਟਾਂ) ਅਤੇ ਪ੍ਰਮੋਦ ਤਿਵਾੜੀ (41 ਵੋਟਾਂ) ਤੇ ਭਾਜਪਾ ਦੇ ਘਣਸ਼ਿਆਮ ਤਿਵਾੜੀ (43 ਵੋਟਾਂ) ਚੋਣ ਜਿੱਤ ਗਏ ਹਨ। ਭਾਜਪਾ ਸਮਰਥਿਤ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰਾ (30 ਵੋਟਾਂ) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਵਿਧਾਇਕ ਸ਼ੋਭਾਰਾਣੀ ਕੁਸ਼ਵਾਹਾ ਵੱਲੋਂ ਕਾਂਗਰਸ ਉਮੀਦਾਵਰ ਪ੍ਰਮੋਦ ਤਿਵਾੜੀ ਦੇ ਪੱਖ 'ਚ ਭੁਗਤਣ ਕਰਕੇ ਉਸ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕਰਨਾਟਕ 'ਚ ਭਾਜਪਾ ਨੇ ਚਾਰ 'ਚੋਂ ਤਿੰਨ ਸੀਟਾਂ 'ਤੇ ਜਿੱਤ ਹਾਸਲ ਕੀਤੀ ਜਦਕਿ ਚੌਥੀ ਸੀਟ ਕਾਂਗਰਸ ਦੇ ਖਾਤੇ 'ਚ ਗਈ। ਜਨਤਾ ਦਲ (ਐੱਸ) ਨੇ ਆਪਣਾ ਉਮੀਦਵਾਰ ਵੀ ਖੜ੍ਹਾ ਕੀਤਾ ਸੀ ਪਰ ਉਹ ਜਿੱਤ ਨਹੀਂ ਸਕਿਆ। ਉਸ ਦੇ ਇਕ ਵਿਧਾਇਕ ਨੇ ਕਾਂਗਰਸ ਦੇ ਪੱਖ 'ਚ ਵੋਟ ਭੁਗਤਾਈ। ਭਾਜਪਾ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਅਦਾਕਾਰ-ਸਿਆਸਤਦਾਨ ਜਗੇਸ਼ ਅਤੇ ਲਹਿਰ ਸਿੰਘ ਸਿਰੋਇਆ ਰਾਜ ਸਭਾ ਚੋਣ ਜਿੱਤ ਗਏ ਹਨ ਜਦਕਿ ਕਾਂਗਰਸ ਦੇ ਜੈਰਾਮ ਰਮੇਸ਼ ਨੇ ਵੀ ਜਿੱਤ ਹਾਸਲ ਕੀਤੀ ਹੈ।

ਭਾਜਪਾ ਅਤੇ ਕਾਂਗਰਸੀ ਵਫ਼ਦ ਚੋਣ ਕਮਿਸ਼ਨ ਕੋਲ ਪਹੁੰਚੇ

ਨਵੀਂ ਦਿੱਲੀ: ਭਾਜਪਾ ਵੱਲੋਂ ਮਹਾਰਾਸ਼ਟਰ 'ਚ ਹੁਕਮਰਾਨ ਮਹਾ ਵਿਕਾਸ ਅਗਾੜੀ ਗੱਠਜੋੜ ਦੇ ਤਿੰਨ ਅਤੇ ਹਰਿਆਣਾ 'ਚ ਕਾਂਗਰਸ ਦੇ ਦੋ ਵਿਧਾਇਕਾਂ 'ਤੇ ਖੁੱਲ੍ਹੇਆਮ ਬੈਲੇਟ ਪੇਪਰ ਦਿਖਾ ਕੇ ਰਾਜ ਸਭਾ ਚੋਣ ਪ੍ਰਕਿਰਿਆ ਦੀ ਉਲੰਘਣਾ ਸਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨ ਮਗਰੋਂ ਕਾਂਗਰਸੀ ਵਫ਼ਦ ਵੀ ਚੋਣ ਕਮਿਸ਼ਨ ਕੋਲ ਪਹੁੰਚ ਗਿਆ। ਭਾਜਪਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਵਿਧਾਇਕਾਂ ਦੇ ਵੋਟ ਰੱਦ ਕੀਤੇ ਜਾਣ। ਕੇਂਦਰੀ ਮੰਤਰੀਆਂ ਮੁਖਤਾਰ ਅੱਬਾਸ ਨਕਵੀ, ਗਜੇਂਦਰ ਸਿੰਘ ਸ਼ੇਖਾਵਤ, ਜਿਤੇਂਦਰ ਸਿੰਘ ਅਤੇ ਅਰਜੁਨ ਰਾਮ ਮੇਘਵਾਲ ਸਮੇਤ ਭਾਜਪਾ ਵਫ਼ਦ ਨੇ ਚੋਣ ਅਮਲ ਮੁਕੰਮਲ ਹੋਣ ਮਗਰੋਂ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਜਾਂਚ ਮੰਗੀ। ਚੋਣ ਕਮਿਸ਼ਨ ਨੂੰ ਸੌਂਪੇ ਮੰਗ ਪੱਤਰ 'ਚ ਭਾਜਪਾ ਨੇ ਕਿਹਾ ਕਿ ਕਮਿਸ਼ਨ ਨੇ 2017 'ਚ ਗੁਜਰਾਤ 'ਚ ਕਾਂਗਰਸ ਆਗੂ ਅਹਿਮਦ ਪਟੇਲ ਦੀ ਚੋਣ ਨਾਲ ਸਬੰਧਤ ਮਾਮਲੇ 'ਚ ਕਿਹਾ ਸੀ ਕਿ ਪਾਰਟੀ ਦੇ ਚੋਣ ਏਜੰਟ ਤੋਂ ਇਲਾਵਾ ਕਿਸੇ ਹੋਰ ਨੂੰ ਬੈਲੇਟ ਪੇਪਰ ਦਿਖਾਉਣ ਨਾਲ ਵੋਟ ਰੱਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵੋਟ ਪੈਣ ਦੇ ਬਾਵਜੂਦ ਰਿਟਰਨਿੰਗ ਅਫ਼ਸਰ ਅਜਿਹੇ ਵੋਟ ਨੂੰ ਰੱਦ ਕਰਨ ਦੇ ਨੇਮ ਨਾਲ ਬੱਝਾ ਹੋਇਆ ਹੈ। ਉਧਰ ਕਾਂਗਰਸ ਨੇ ਭਾਜਪਾ 'ਤੇ ਦੋਸ਼ ਲਾਇਆ ਹੈ ਕਿ ਉਹ ਹਰਿਆਣਾ 'ਚ ਰਾਜ ਸਭਾ ਚੋਣ ਨਿਰਪੱਖ ਅਤੇ ਆਜ਼ਾਦ ਢੰਗ ਨਾਲ ਕਰਾਉਣ ਦੇ ਅਮਲ ਨੂੰ ਮਾਤ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕਾਂਗਰਸੀ ਵਫ਼ਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਸੂਬੇ ਦਾ ਚੋਣ ਨਤੀਜਾ ਫੌਰੀ ਐਲਾਨਣ ਦੀ ਮੰਗ ਕੀਤੀ। ਕਾਂਗਰਸੀ ਵਫ਼ਦ 'ਚ ਪਵਨ ਕੁਮਾਰ ਬਾਂਸਲ, ਵਿਵੇਕ ਤਨਖਾ ਅਤੇ ਰਣਜੀਤ ਰੰਜਨ ਦੇ ਨਾਲ ਹਰਿਆਣਾ ਤੋਂ ਰਾਜ ਸਭਾ ਉਮੀਦਵਾਰ ਅਜੈ ਮਾਕਨ ਸ਼ਾਮਲ ਸਨ ਜਿਨ੍ਹਾਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ ਹੈ। ਭੁਪੇਸ਼ ਬਘੇਲ, ਭੁਪਿੰਦਰ ਸਿੰਘ ਹੁੱਡਾ, ਪੀ ਚਿਦੰਬਰਮ ਅਤੇ ਰਣਦੀਪ ਸੁਰਜੇਵਾਲਾ ਨੇ ਚੋਣ ਕਮਿਸ਼ਨ ਨਾਲ ਵਰਚੁਅਲੀ ਮੀਟਿੰਗ 'ਚ ਹਿੱਸਾ ਲਿਆ ਅਤੇ ਨਤੀਜੇ ਐਲਾਨਣ 'ਚ ਦੇਰੀ 'ਤੇ ਇਤਰਾਜ਼ ਜਤਾਇਆ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਲਿਖੀ ਚਿੱਠੀ 'ਚ ਮਾਕਨ ਨੇ ਦੋਸ਼ ਲਾਇਆ ਕਿ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਅਤੇ ਭਾਜਪਾ ਵੱਲੋਂ ਗ਼ੈਰਕਾਨੂੰਨੀ ਤੌਰ 'ਤੇ ਚੋਣ ਪ੍ਰਕਿਰਿਆ 'ਚ ਦਖ਼ਲ ਦਿੱਤਾ ਜਾ ਰਿਹਾ ਹੈ। ਕਾਂਗਰਸ ਉਮੀਦਵਾਰ ਨੇ ਕਿਹਾ ਕਿ ਵਿਧਾਇਕਾਂ ਕਿਰਨ ਚੌਧਰੀ ਅਤੇ ਬੀ ਬੀ ਬੱਤਰਾ ਦੇ ਵੋਟਾਂ ਬਾਰੇ ਜਤਾਏ ਗਏ ਇਤਰਾਜ਼ਾਂ ਨੂੰ ਰਿਟਰਨਿੰਗ ਅਫ਼ਸਰ ਪਹਿਲਾਂ ਹੀ ਰੱਦ ਕਰ ਚੁੱਕੇ ਹਨ। -ਪੀਟੀਆਈ



Most Read

2024-09-18 10:53:16