Breaking News >> News >> The Tribune


ਦਿੱਲੀ ਸਣੇ ਦੇਸ਼ ਦੇ ਕਈ ਹਿੱਸਿਆਂ ’ਚ ਰੋਸ ਮੁਜ਼ਾਹਰੇ


Link [2022-06-11 15:34:11]



ਨਵੀਂ ਦਿੱਲੀ, 10 ਜੂਨ

ਭਾਰਤੀ ਜਨਤਾ ਪਾਰਟੀ ਦੇ ਦੋ ਮੁਅੱਤਲ ਆਗੂਆਂ ਵੱਲੋਂ ਕੁਝ ਦਿਨ ਪਹਿਲਾਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦੇ ਰੋਸ ਵਜੋਂ ਅੱਜ ਦਿੱਲੀ ਦੀ ਜਾਮਾ ਸਮਜਿਦ ਸਮੇਤ ਕਈ ਰਾਜਾਂ ਵਿੱਚ ਰੋਸ ਮੁਜ਼ਾਹਰੇ ਹੋਏ। ਝਾਰਖੰਡ 'ਚ ਹੋਈ ਝੜਪ 'ਚ ਕੁਝ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਜਦਕਿ ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ 'ਚ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ 'ਚ ਬੰਦ ਵਰਗੀ ਸਥਿਤੀ ਰਹੀ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜੁੰਮੇ ਦੀ ਨਮਾਜ਼ ਤੋਂ ਬਾਅਦ ਵੱਡੀ ਗਿਣਤੀ 'ਚ ਮੁਜ਼ਾਹਰਾਕਾਰੀ ਇਤਿਹਾਸਕ ਜਾਮਾ ਮਸਜਿਦ ਦੇ ਬਾਹਰ ਇਕੱਠੇ ਹੋਏ ਤੇ ਉਨ੍ਹਾਂ ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਕੁਝ ਲੋਕਾਂ ਨੇ ਹੱਥਾਂ 'ਚ ਨਾਅਰੇ ਲਿਖੀਆਂ ਤਖਤੀਆਂ ਵੀ ਫੜੀਆਂ ਹੋਈਆਂ ਸਨ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਰੋਸ ਮੁਜ਼ਾਹਰਾ ਪੂਰੀ ਤਰ੍ਹਾਂ ਸ਼ਾਂਤਮਈ ਸੀ ਤੇ ਮੁਜ਼ਾਹਰਾਕਾਰੀ 15-20 ਮਿੰਟ ਤੱਕ ਹੀ ਉੱਥੇ ਰਹੇ ਤੇ ਫਿਰ ਉੱਥੋਂ ਚਲੇ ਗਏ। ਉੱਧਰ ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਮੁਜ਼ਾਹਰਾਕਾਰੀਆਂ ਨੇ ਮੁੱਖ ਸੜਕ 'ਤੇ ਜ਼ੋਰਦਾਰ ਹੰਗਾਮਾ ਕੀਤਾ ਅਤੇ ਹਨੂੰਮਾਨ ਮੰਦਰ ਤੱਕ ਭਾਰੀ ਪਥਰਾਅ ਤੇ ਹਿੰਸਾ ਕੀਤੀ। ਘਟਨਾ ਤੋਂ ਬਾਅਦ ਰਾਂਚੀ ਵਿੱਚ ਤੁਰੰਤ ਪ੍ਰਭਾਵ ਨਾਲ ਕਰਫਿਊ ਲਗਾ ਦਿੱਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਹਨੂੰਮਾਨ ਮੰਦਰ 'ਤੇ ਹੋਏ ਪਥਰਾਅ ਤੇ ਹਿੰਸਕ ਸੰਘਰਸ਼ 'ਚ ਸੀਨੀਅਰ ਪੁਲੀਸ ਅਧਿਕਾਰੀ ਸਮੇਤ ਦਰਜਨ ਦੇ ਕਰੀਬ ਪੁਲੀਸ ਮੁਲਾਜ਼ਮ ਤੇ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਹਿੰਸਕ ਭੀੜ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ ਤੇ ਹਵਾਈ ਫਾਇਰ ਕਰਨੇ ਪਏ।

ਰਾਂਚੀ ਵਿੱਚ ਰੇਹੜੀਆਂ ਨੂੰ ਲਾਈ ਗਈ ਅੱਗ। -ਫੋਟੋ: ਪੀਟੀਆਈ

ਉੱਧਰ ਉੱਤਰ ਪ੍ਰਦੇਸ਼ ਦੇ ਵੱਖ ਵੱਖ ਸ਼ਹਿਰਾਂ 'ਚ ਜਿੱਥੇ ਰੋਸ ਮੁਜ਼ਾਹਰੇ ਕੀਤੇ ਗਏ ਉੱਥੇ ਹੀ ਪ੍ਰਯਾਗਰਾਜ ਤੇ ਸਹਾਰਨਪੁਰ 'ਚ ਮੁਜ਼ਾਹਰਾਕਾਰੀਆਂ ਨੇ ਪੁਲੀਸ 'ਤੇ ਪਥਰਾਅ ਕੀਤਾ। ਇਸ ਦੌਰਾਨ 109 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਯਾਗਰਾਜ 'ਚ ਮੁਜ਼ਾਹਰਾਕਾਰੀਆਂ ਨੇ ਕੁਝ ਮੋਟਰਸਾਈਕਲ ਤੇ ਰੇਹੜੀਆਂ ਨੂੰ ਅੱਗ ਲਗਾ ਦਿੱਤੀ ਤੇ ਪੁਲੀਸ ਦੇ ਇੱਕ ਵਾਹਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲਿਆਂ ਤੇ ਲਾਠੀਚਾਰਜ ਦੀ ਵਰਤੋਂ ਕਰਨੀ ਪਈ। ਉਨ੍ਹਾਂ ਦੱਸਿਆ ਕਿ ਅੱਜ ਬਿਜਨੌਰ, ਮੁਰਾਦਾਬਾਦ, ਰਾਮਪੁਰ ਤੇ ਲਖਨਊ 'ਚ ਵੀ ਰੋਸ ਮੁਜ਼ਾਹਰੇ ਕੀਤੇ ਗਏ ਹਨ। ਮਹਾਰਾਸ਼ਟਰ ਦੇ ਵੱਖ ਵੱਖ ਸ਼ਹਿਰਾਂ 'ਚ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਵੀ ਮੁੰਬਈ ਦੇ ਪਨਵੇਲ 'ਚ ਮਹਿਲਾਵਾਂ ਸਮੇਤ ਘੱਟੋ ਘੱਟ ਤਿੰਨ ਹਜ਼ਾਰ ਮੁਜ਼ਾਹਰਾਕਾਰੀਆਂ ਨੇ ਰੋਸ ਮਾਰਚ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਾਸ਼ੀ ਦੇ ਸ਼ਿਵਾਜੀ ਚੌਕ, ਠਾਣੇ, ਔਰੰਗਾਬਾਦ, ਸੋਲਾਪੁਰ, ਨੰਬੁਰਦਾਰ, ਪਰਭਨੀ, ਬੀੜ, ਲਾਤੂਰ, ਚੰਦਰਪੁਰ ਤੇ ਪੁਣੇ 'ਚ ਰੋਸ ਮੁਜ਼ਾਹਰੇ ਕੀਤੇ ਗਏ ਹਨ। ਗੁਜਰਾਤ ਦੇ ਅਹਿਮਦਾਬਾਦ ਤੇ ਵਡੋਦਰਾ 'ਚ ਵੀ ਜੁੰਮੇ ਦੀ ਨਮਾਜ਼ ਤੋਂ ਬਾਅਦ ਰੋਸ ਮੁਜ਼ਾਹਰੇ ਕੀਤੇ ਗਏ। ਉੱਧਰ ਪੱਛਮੀ ਬੰਗਾਲ 'ਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹਾਵੜਾ ਜ਼ਿਲ੍ਹੇ 'ਚ ਅੱਜ ਸੜਕਾਂ ਜਾਮ ਕੀਤੀਆਂ। ਪੁਲੀਸ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਦੀ ਧੂਲਾਗੜ੍ਹ, ਪੰਚਲਾ ਤੇ ਉਲੂਬੇਰੀਆ 'ਚ ਪੁਲੀਸ ਨਾਲ ਉਸ ਸਮੇਂ ਝੜਪ ਹੋ ਗਈ ਜਦੋਂ ਉਨ੍ਹਾਂ ਕੌਮੀ ਮਾਰਗ 'ਤੇ ਲੱਗਾ ਜਾਮ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਧੂਲਾਗੜ੍ਹ ਤੇ ਪੰਚਲਾ 'ਚ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ ਤੇ ਇਸ ਦੇ ਜਵਾਬ 'ਚ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ ਜਿਸ ਨਾਲ ਨੇੜੇ ਖੜ੍ਹੀਆਂ ਕਾਰਾਂ ਨੂੰ ਨੁਕਸਾਨ ਪੁੱਜਾ। ਬਿਹਾਰ ਦੇ ਮੁਜ਼ੱਫਰਨਗਰ 'ਚ ਨੂਪੁਰ ਸ਼ਰਮਾ, ਨਵੀਨ ਜਿੰਦਲ ਤੇ ਧਾਰਮਿਕ ਆਗੂ ਯਤੀ ਨਰਸਿੰਘਾਨੰਦ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ। ਅਸਾਮ ਕਾਂਗਰਸ ਨੇ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਖ਼ਿਲਾਫ਼ ਸ਼ਿਕਾਇਤ ਕਰਜ ਕਰਵਾਈ ਹੈ। -ਪੀਟੀਆਈ

ਸ਼ਾਹੀ ਇਮਾਮ ਨੇ ਖੁਦ ਨੂੰ ਰੋਸ ਮੁਜ਼ਾਹਰਿਆਂ ਤੋਂ ਵੱਖ ਕੀਤਾ

ਨਵੀਂ ਦਿੱਲੀ: ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਨੇ ਦਿੱਲੀ ਦੀ ਜਾਮਾ ਮਸਜਿਦ ਦੇ ਬਾਹਰ ਹੋਏ ਰੋਸ ਮੁਜ਼ਾਹਰਿਆਂ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਬੁਖਾਰੀ ਨੇ ਕਿਹਾ, 'ਜੁੰਮੇ ਦੀ ਨਮਾਜ਼ ਮਗਰੋਂ ਤਕਰੀਬਨ 40-50 ਵਿਅਕਤੀਆਂ ਨੇ ਨਾਅਰੇ ਮਾਰਦਿਆਂ ਰੋਸ ਮੁਜ਼ਾਹਰਾ ਕੀਤਾ ਤੇ ਪੋਸਟਰ ਦਿਖਾਏ। ਜਾਮਾ ਮਸਜਿਦ ਤੋਂ ਰੋਸ ਪ੍ਰਦਰਸ਼ਨ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਸੀ। ਕੋਈ ਨਹੀਂ ਜਾਣਦਾ ਕਿ ਉਹ ਲੋਕ ਕੌਣ ਸਨ ਕਿਉਂਕਿ ਜੁੰਮੇ ਦੀ ਨਮਾਜ਼ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ।' ਉਨ੍ਹਾਂ ਕਿਹਾ, 'ਮੈਂ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਤੋਂ ਦੂਰੀ ਬਣਾਉਣ ਤੇ ਸ਼ਾਂਤੀ ਬਣਾਏ ਰੱਖਣ ਦੀ ਸਲਾਹ ਦਿੱਤੀ। ਦਿੱਲੀ ਪੁਲੀਸ ਪ੍ਰਦਰਸ਼ਨਕਾਰੀ ਜਾਂਚ ਕਰ ਸਕਦੀ ਹੈ।' -ਪੀਟੀਆਈ

ਪ੍ਰਦਰਸ਼ਨਾਂ 'ਚ ਬੱਚਿਆਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਾਂਗੇ: ਕੌਮੀ ਕਮਿਸ਼ਨ

ਨਵੀਂ ਦਿੱਲੀ: ਬੱਚਿਆਂ ਦੇ ਹੱਕਾਂ ਦੀ ਰਾਖੀ ਬਾਰੇ ਕੌਮੀ ਕਮਿਸ਼ਨ (ਐੱਨਸੀਪੀਸੀਆਰ) ਨੇ ਅੱਜ ਕਿਹਾ ਕਿ ਕਈ ਹਿੰਸਕ ਰੋਸ ਮੁਜ਼ਾਹਰਿਆਂ ਦੌਰਾਨ ਬੱਚਿਆਂ ਦੀ ਵਰਤੋਂ ਕੀਤੀ ਗਈ ਹੈ ਅਤੇ ਉਹ ਇਸ ਮਾਮਲੇ 'ਚ ਸਖਤ ਕਾਨੂੰਨੀ ਕਾਰਵਾਈ ਕਰਨਗੇ। ਕਮਿਸ਼ਨ ਦੇ ਮੁਖੀ ਪ੍ਰਿਯਾਂਕ ਕਾਨੂੰਨਗੋ ਨੇ ਦਾਅਵਾ ਕੀਤਾ ਕਿ ਅੱਜ ਹੋਏ ਕਈ ਹਿੰਸਕ ਰੋਸ ਮੁਜ਼ਾਹਰਿਆਂ 'ਚ ਬੱਚਿਆਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਟਵੀਟ ਕੀਤਾ, 'ਹਿੰਸਕ ਪ੍ਰਦਰਸ਼ਨਾਂ 'ਚ ਬੱਚਿਆਂ ਦੀ ਵਰਤੋਂ ਦੇ ਮਾਮਲੇ ਅੱਜ ਮੁੜ ਸਾਹਮਣੇ ਆਏ ਹਨ। ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇੱਕ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।' -ਪੀਟੀਆਈ

ਹਾਲਾਤ ਵਿਗੜਨ ਮਗਰੋਂ ਡੋਡਾ ਤੇ ਕਿਸ਼ਤਵਾੜ 'ਚ ਕਰਫਿਊ

ਸ੍ਰੀਨਗਰ 'ਚ ਪ੍ਰਦਰਸ਼ਨ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ। -ਫੋਟੋ: ਪੀਟੀਆਈ

ਭੱਦਰਵਾਹ/ਸ੍ਰੀਨਗਰ:ਭਾਰਤੀ ਜਨਤਾ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਆਗੂਆਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਖ਼ਿਲਾਫ਼ ਅੱਜ ਜੰਮੂ ਦੇ ਭੱਦਰਵਾਹ 'ਚ ਤਣਾਅ ਵਾਲਾ ਮਾਹੌਲ ਬਣਿਆ ਰਿਹਾ ਜਦਕਿ ਕਿਸ਼ਤਵਾੜ ਦੇ ਕੁਝ ਇਲਾਕਿਆਂ 'ਚ ਕਰਫਿਊ ਲਗਾ ਦਿੱਤਾ ਗਿਆ। ਉੱਧਰ ਕਸ਼ਮੀਰ ਦੇ ਬਹੁਤੇ ਹਿੱਸਿਆਂ 'ਚ ਅੱਜ ਬੰਦ ਰਿਹਾ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਹਤਿਆਤ ਵਜੋਂ ਭੱਦਰਵਾਹ, ਕਿਸ਼ਤਵਾੜ ਤੇ ਸ੍ਰੀਨਗਰ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਭੱਦਰਵਾਹ ਸ਼ਹਿਰ 'ਚ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕਾਂ ਨੇ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ ਤੇ ਨਾਅਰੇ ਵੀ ਮਾਰੇ। ਉਨ੍ਹਾਂ ਦੱਸਿਆ ਕਿ ਭੱਦਰਵਾਹ 'ਚ ਪਥਰਾਅ ਦੀ ਘਟਨਾ ਵਾਪਰੀ ਪਰ ਪੁਲੀਸ ਨੇ ਜਲਦੀ ਹੀ ਇਸ 'ਤੇ ਕਾਬੂ ਪਾ ਲਿਆ। ਇਸ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਆਗੂਆਂ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਹੋਏ ਰੋਸ ਮੁਜ਼ਾਹਰਿਆਂ ਦੌਰਾਨ ਦਿੱਤੇ ਗੲੇ ਭੜਕਾਊ ਭਾਸ਼ਣਾਂ ਕਾਰਨ ਇਲਾਕੇ 'ਚ ਤਣਾਅ ਫੈਲ ਗਿਆ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ 'ਚ ਨਾ ਲੈਣ ਦੀ ਚਿਤਾਵਨੀ ਦਿੱਤੀ। ਇਸ ਮਗਰੋਂ ਸਥਿਤੀ ਅੱਧੀ ਰਾਤ ਨੂੰ ਉਸ ਸਮੇਂ ਵਿਗੜ ਗਈ ਜਦੋਂ ਜਾਮਾ ਮਸਜਿਦ ਤੋਂ ਬਾਹਰ ਆ ਰਹੀਆਂ ਦੋ ਔਰਤਾਂ ਨੇ ਦੋਸ਼ ਲਾਇਆ ਕਿ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ। ਇਸ ਮਗਰੋਂ ਮੁਜ਼ਾਹਰਾਕਾਰੀਆਂ ਨੇ ਪੁਲੀਸ 'ਤੇ ਪਥਰਾਅ ਕੀਤਾ। ਹਾਲਾਤ ਕਾਬੂ ਹੇਠ ਕਰਨ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਲਾਠੀਚਾਰਜ ਵੀ ਕੀਤਾ। ਪੁਲੀਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਦੋ ਮਹਿਲਾਵਾਂ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਕਰਵਾਈ ਜਾਵੇਗੀ। ਏਡੀਜੀਪੀ ਮੁਕੇਸ਼ ਸਿੰਘ ਨੇ ਭੱਦਰਵਾਹ ਸ਼ਹਿਰ ਦਾ ਦੌਰਾ ਕਰਕੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲਾਤ ਕਾਬੂ ਹੇਠ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਊਧਮਪੁਰ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਲੋਕਾਂ ਨੂੰ ਅਮਨ ਤੇ ਆਪਸੀ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਜੰਮੂ ਖੇਤਰ ਦੇ ਡਿਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ ਡੋਡਾ ਤੇ ਕਿਸ਼ਤਵਾੜ ਜ਼ਿਲ੍ਹਿਆਂ 'ਚ ਇਹਤਿਆਤ ਵਜੋਂ ਕਰਫਿਊ ਲਗਾ ਦਿੱਤਾ ਗਿਆ ਹੈ।

ਦੂਜੇ ਪਾਸੇ ਕਸ਼ਮੀਰ ਦੇ ਕਈ ਇਲਾਕਿਆਂ 'ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸ੍ਰੀਨਗਰ 'ਚ ਜਨਤਕ ਵਾਹਨ ਸੜਕਾਂ ਤੋਂ ਗਾਇਬ ਰਹੇ। ਹਾਲਾਂਕਿ ਲਾਲ ਚੌਕ, ਬਟਮਾਲੂ ਤੇ ਨੇੜਲੇ ਇਲਾਕਿਆਂ 'ਚ ਦਫ਼ਤਰ ਤੇ ਸਕੂਲ ਖੁੱਲ੍ਹੇ ਹੋਣ ਕਾਰਨ ਸੜਕਾਂ 'ਤੇ ਨਿੱਜੀ ਵਾਹਨਾਂ ਦੀ ਆਵਜਾਈ ਜਾਰੀ ਰਹੀ। ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਫੈਲਣ ਤੋਂ ਰੋਕਣ ਲਈ ਕੁਝ ਇਲਾਕਿਆਂ 'ਚ ਇਹਤਿਆਤ ਵਜੋਂ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। -ਪੀਟੀਆਈ



Most Read

2024-09-19 19:19:04