Breaking News >> News >> The Tribune


ਇਰਾਨ ਖ਼ਿਲਾਫ਼ ਵੋਟਿੰਗ ’ਚ ਸ਼ਾਮਲ ਨਾ ਹੋਇਆ ਭਾਰਤ


Link [2022-06-11 15:34:11]



ਨਵੀਂ ਦਿੱਲੀ (ਟਨਸ): ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਬੋਰਡ ਆਫ ਗਵਰਨਰਜ਼ ਦੀ ਮੀਟਿੰਗ ਦੌਰਾਨ ਭਾਰਤ ਉਨ੍ਹਾਂ ਤਿੰਨ ਮੁਲਕਾਂ 'ਚ ਸ਼ਾਮਲ ਰਿਹਾ ਜਿਨ੍ਹਾਂ ਪੱਛਮੀ ਮੁਲਕਾਂ ਨਾਲ ਖੜ੍ਹਦਿਆਂ ਇਰਾਨ ਖ਼ਿਲਾਫ਼ ਵੋਟਿੰਗ ਤੋਂ ਦੂਰੀ ਬਣਾਈ ਰੱਖੀ। ਇਹ ਵੋਟਿੰਗ ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਆਮਿਰ-ਅਬਦੁੱਲ੍ਹਾ ਦੇ ਭਾਰਤ ਦੌਰੇ ਤੋਂ ਠੀਕ ਪਹਿਲਾਂ ਹੋਈ ਹੈ। ਆਈਏਈਏ ਦੇ 35 ਮੁਲਕਾਂ ਦੀ ਸ਼ਮੂਲੀਅਤ ਵਾਲੇ ਬੋਰਡ ਨੇ ਲੰਘੇ ਬੁੱਧਵਾਰ ਨੂੰ ਇਰਾਨ ਖ਼ਿਲਾਫ਼ ਨਿੰਦਾ ਮਤਾ ਪਾਸ ਕੀਤਾ ਸੀ ਕਿਉਂਕਿ ਉਸ ਨੇ ਆਪਣੇ ਮੁਲਕ ਅੰਦਰ ਤਿੰਨ ਅਣਦੱਸੀਆਂ ਥਾਵਾਂ 'ਤੇ ਪ੍ਰਮਾਣੂ ਪਲਾਂਟ ਲੱਗੇ ਹੋਣ ਦੇ ਸਬੂਤ ਮਿਲਣ ਮਗਰੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਸੀ। ਇਸ ਮਤੇ 'ਤੇ ਹੋਈ ਵੋਟਿੰਗ ਦੌਰਾਨ ਭਾਰਤ ਨੇ ਪਾਕਿਸਤਾਨ ਤੇ ਲਿਬੀਆ ਸਮੇਤ ਦੂਰੀ ਬਣਾਈ ਰੱਖੀ ਜਦਕਿ ਰੂਸ ਤੇ ਚੀਨ ਨੇ ਇਰਾਨ ਖ਼ਿਲਾਫ਼ ਵੋਟ ਪਾਈ। ਆਈਏਈਏ ਦੇ ਬੋਰਡ ਆਫ ਗਵਰਨਰਜ਼ ਦੀ 6 ਜੂਨ ਹੋਈ ਤਿਮਾਹੀ ਮੀਟਿੰਗ ਦੇ ਸ਼ੁਰੂਆਤੀ ਸੈਸ਼ਨ ਵਿੱਚ ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਐੱਮ ਗਰੌਸੀ ਨੇ ਕਿਹਾ ਕਿ ਏਜੰਸੀ ਆਪਣੇ ਵਿਆਪਕ ਸੁਰੱਖਿਆ ਸਮਝੌਤੇ ਤਹਿਤ ਇਰਾਨ ਦੇ ਜਵਾਬਦਾਵੇ ਦੇ ਸਹੀ ਹੋਣ ਜਾਂ ਮੁਕੰਮਲ ਹੋਣ ਦੀ ਪੁਸ਼ਟੀ ਨਹੀਂ ਕਰ ਸਕਦੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਪੀਏ ਦੇ ਕਾਰਜਕਾਲ ਦੌਰਾਨ 2005, 2006 ਤੇ 2009 'ਚ ਭਾਰਤ ਨੇ ਇਰਾਨ ਖ਼ਿਲਾਫ਼ ਵੋਟ ਪਾਈ ਸੀ। 2009 'ਚ ਭਾਰਤ ਤੋਂ ਇਲਾਵਾ ਰੂਸ ਤੇ ਚੀਨ ਵੀ ਇਰਾਨ ਖ਼ਿਲਾਫ਼ ਭੁਗਤੇ ਸਨ। 2006 'ਚ ਰੂਸ ਨੇ ਰਸਮੀ ਤੌਰ 'ਤੇ ਆਈਏਈਏ ਦੇ ਉਸ ਮਤੇ ਦੀ ਹਮਾਇਤ ਨਹੀਂ ਕੀਤੀ ਸੀ ਜਿਸ ਵਿੱਚ ਸੁਰੱਖਿਆ ਕੌਂਸਲ ਦੇ ਹਵਾਲੇ ਨਾਲ ਇਰਾਨ ਦਾ ਨਾਂ ਸੀ।



Most Read

2024-09-19 03:57:33