Breaking News >> News >> The Tribune


ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਹੋਵੇਗੀ ਰਣਜੀਤ ਸਾਗਰ ਝੀਲ


Link [2022-06-11 15:34:11]



ਪੱਤਰ ਪ੍ਰੇਰਕ/ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ/ਚੰਡੀਗੜ੍ਹ, 10 ਜੂਨ

'ਆਪ' ਸਰਕਾਰ ਵੱਲੋਂ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਕੌਮਾਂਤਰੀ ਪੱਧਰ ਦੇ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ| ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨਿਰੁੱਧ ਤਿਵਾੜੀ ਨੇ ਨਵੀਂ ਦਿੱਲੀ ਵਿੱਚ ਨਿਵੇਸ਼ਕ ਸੰਮੇਲਨ ਦੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਜਨਤਕ ਨਿੱਜੀ ਭਾਈਵਾਲੀ (ਪੀਪੀਪੀ) ਤਹਿਤ ਅਤਿ-ਆਧੁਨਿਕ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਵਾਤਾਵਰਨ ਅਤੇ ਜੰਗਲਾਤ ਪੜਾਅ-1 ਸਬੰਧੀ ਮਨਜ਼ੂਰੀ ਪ੍ਰਾਪਤ ਕਰ ਲਈ ਹੈ।

ਪੰਜਾਬ ਸਰਕਾਰ ਨੇ ਅੱਜ ਨਵੀਂ ਦਿੱਲੀ ਵਿੱਚ ਨਿਵੇਸ਼ਕ ਸੰਮੇਲਨ ਕਰਵਾਇਆ, ਜਿਥੇ ਪੰਜਾਬ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਉਣ ਲਈ ਪ੍ਰਾਈਵੇਟ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਗਿਆ| ਸੰਮੇਲਨ ਦੌਰਾਨ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤੇ ਜਾਣ ਦੀ ਸੰਭਾਵਨਾ ਵਾਲੇ ਕਈ ਹੋਰ ਪ੍ਰਾਜੈਕਟ ਵੀ ਪ੍ਰਦਰਸ਼ਿਤ ਕੀਤੇ ਗਏ, ਜਿਨ੍ਹਾਂ ਵਿੱਚ ਕਪੂਰਥਲਾ ਵਿੱਚ ਦਰਬਾਰ ਹਾਲ ਅਤੇ ਗੋਲ ਕੋਠੀ, ਸੰਗਰੂਰ ਵਿੱਚ ਸੰਗਰੂਰ ਕੋਠੀ, ਅੰਮ੍ਰਿਤਸਰ ਅਤੇ ਮੁਹਾਲੀ ਵਿਚ ਕਨਵੈਨਸ਼ਨ ਸੈਂਟਰ, ਸ਼ਾਹਪੁਰ ਕੰਢੀ ਦਾ ਕਿਲ੍ਹਾ ਆਦਿ ਸ਼ਾਮਲ ਹਨ। ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਸ੍ਰੀ ਅਨਿਰੁੱਧ ਤਿਵਾੜੀ ਨੇ ਉਨ੍ਹਾਂ ਨੂੰ ਸੂਬੇ ਵੱਲੋਂ ਅਪਣਾਈ ਗਈ 'ਈਜ਼ ਆਫ਼ ਡੂਇੰਗ ਬਿਜ਼ਨਸ' ਨੀਤੀ ਬਾਰੇ ਵੀ ਜਾਣੂ ਕਰਵਾਇਆ, ਜੋ ਨਿਵੇਸ਼ਕਾਂ ਨੂੰ ਇੱਕੋ ਥਾਂ 'ਤੇ ਬਿਨਾਂ ਕਿਸੇ ਮੁਸ਼ਕਲ ਦੇ ਮਨਜ਼ੂਰੀਆਂ ਪ੍ਰਦਾਨ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਨਿਵੇਸ਼ ਲਈ ਹੋਰ ਰਿਆਇਤਾਂ ਪ੍ਰਦਾਨ ਕਰਦੀ ਹੈ। ਸੰਮੇਲਨ ਵਿੱਚ ਆਈਟੀਸੀ ਹਾਸਪੀਟੈਲਿਟੀ, ਤਾਜ, ਮਹਿੰਦਰਾ ਹੌਲੀਡੇਅਜ਼, ਮੈਰੀਅਟ, ਹਯਾਤ, ਪਾਰਕ, ਸੀਜੀਐੱਚ ਅਰਥ ਸਣੇ ਸੈਰ-ਸਪਾਟਾ ਖੇਤਰ ਦੀਆਂ ਹੋਰ ਨਾਮਵਰ ਸੰਸਥਾਵਾਂ ਨੇ ਹਿੱਸਾ ਲਿਆ।



Most Read

2024-09-18 16:19:14