ਅਗਰਤਲਾ, 10 ਜੂਨ
ਅਗਰਤਲਾ ਤੋਂ ਕੋਲਕਾਤਾ ਵਾਇਆ ਢਾਕਾ ਹੋ ਕੇ ਜਾਣ ਵਾਲੀ ਬੱਸ ਸੇਵਾ ਦੋ ਸਾਲ ਦੇ ਵਕਫ਼ੇ ਮਗਰੋਂ ਅੱਜ ਮੁੜ ਸ਼ੁਰੂ ਹੋ ਗਈ ਹੈ। ਕੋਵਿਡ-19 ਮਹਾਮਾਰੀ ਕਰਕੇ ਬੱਸ ਸੇਵਾ ਨੂੰ ਬੰਦ ਕਰਨਾ ਪਿਆ ਸੀ। ਤ੍ਰਿਪੁਰਾ ਦੇ ਆਵਾਜਾਈ ਮੰਤਰੀ ਪ੍ਰਣਾਜੀਤ ਸਿੰਘਾ ਰੌਏ ਨੇ ਅਖੌਰਾ ਵਿੱਚ ਇੰਟੈਗ੍ਰੇਟਿਡ ਚੈੱਕਪੋਸਟ 'ਤੇ ਝੰਡੀ ਵਿਖਾ ਕੇ ਕੌਮਾਂਤਰੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ।
ਢਾਕਾ ਰਸਤੇ ਕੋਲਕਾਤਾ ਜਾਣ ਵਾਲੀ 40 ਸੀਟਰ ਬੱਸ ਵਿੱਚ ਕੁਲ ਮਿਲਾ ਕ 28 ਮੁਸਾਫ਼ਰ ਸਵਾਰ ਸਨ ਤੇ ਬੱਸ ਸੇਵਾ ਹਫ਼ਤੇ 'ਚ ਛੇ ਦਿਨ ਉਪਲਬਧ ਹੋਵੇਗੀ। ਬੱਸ ਅਗਰਤਲਾ ਤੋਂ ਕੋਲਕਾਤਾ ਵਾਇਆ ਢਾਕਾ ਦਾ 500 ਕਿਲੋਮੀਟਰ ਦੇ ਕਰੀਬ ਦਾ ਫ਼ਾਸਲਾ 19 ਘੰਟਿਆਂ ਵਿੱਚ ਤੈਅ ਕਰੇਗੀ। ਅਧਿਕਾਰੀ ਨੇ ਕਿਹਾ ਕਿ ਅਗਰਤਲਾ ਤੋਂ ਕੋਲਕਾਤਾ ਵਾਇਆ ਗੁਹਾਟੀ ਰੇਲ ਸਫ਼ਰ 'ਤੇ 35 ਘੰਟੇ ਦੇ ਕਰੀਬ ਲੱਗਦੇ ਹਨ। ਕਰੋਨਾ ਮਹਾਮਾਰੀ ਕਰਕੇ ਮਾਰਚ 2020 ਵਿੱਚ ਉਪਰੋਕਤ ਰੂਟ 'ਤੇ ਬੱਸ ਸੇਵਾ ਬੰਦ ਕਰ ਦਿੱਤੀ ਗਈ ਸੀ। ਅਗਰਤਲਾ ਤੋਂ ਕੋਲਕਾਤਾ ਵਾਇਆ ਢਾਕਾ ਲਈ ਪ੍ਰਤੀ ਮੁਸਾਫ਼ਰ 2300 ਰੁਪਏ ਦਾ ਭਾੜਾ ਲੱਗੇਗਾ, ਜਿਸ ਵਿੱਚ ਯਾਤਰਾ ਟੈਕਸ ਵੀ ਸ਼ਾਮਲ ਹੈ। ਤ੍ਰਿਪੁਰਾ ਦੀ ਰਾਜਧਾਨੀ ਤੋਂ ਢਾਕਾ ਤੱਕ ਦਾ ਕਿਰਾਇਆ ਭਾੜਾ 1000 ਰੁਪੲੇ ਹੋਵੇਗਾ। -ਪੀਟੀਆਈ
2024-11-09 19:29:21