Breaking News >> News >> The Tribune


ਦੇਸ਼ ’ਤੇ ਲੰਮਾ ਸਮਾਂ ਰਾਜ ਕਰਨ ਵਾਲਿਆਂ ਨੇ ਕਬਾਇਲੀ ਖੇਤਰ ਵਿਸਾਰੇ: ਮੋਦੀ


Link [2022-06-11 15:34:11]



ਨਵਸਾਰੀ(ਗੁਜਰਾਤ), 10 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਆਜ਼ਾਦੀ ਮਗਰੋਂ ਜਿਨ੍ਹਾਂ ਨੇ ਲੰਮਾ ਸਮਾਂ ਦੇਸ਼ 'ਤੇ ਰਾਜ ਕੀਤਾ, ਉਨ੍ਹਾਂ ਕਦੇ ਵੀ ਕਬਾਇਲੀ ਇਲਾਕਿਆਂ ਦੇ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸਖ਼ਤ ਮਿਹਨਤ ਦੀ ਲੋੜ ਸੀ। ਨਵਸਾਰੀ ਜ਼ਿਲ੍ਹੇ ਦੇ ਕਬਾਇਲੀ ਬਹੁਗਿਣਤੀ ਵਾਲੇ ਖੁਦਵੇਲ ਪਿੰਡ ਵਿੱਚ ਗੁਜਰਾਤ ਗੌਰਵ ਅਭਿਆਨ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਹ ਕਦੇ ਵੀ ਵੋਟਾਂ ਲੈਣ ਜਾਂ ਚੋਣਾਂ ਜਿੱਤਣ ਲਈ ਵਿਕਾਸ ਕਾਰਜ ਸ਼ੁਰੂ ਨਹੀਂ ਕਰਦੇ, ਉਹ ਲੋਕਾਂ ਦੀਆਂ ਜ਼ਿੰਦਗੀਆਂ ਸੁਧਾਰਨ ਦੇ ਇਰਾਦੇ ਨਾਲ ਇਹ ਕੰਮ ਕਰਦੇ ਹਨ। ਗੁਜਰਾਤ ਵਿੱਚ ਅਸੈਂਬਲੀ ਚੋਣਾਂ ਇਸ ਸਾਲ ਦਸੰਬਰ ਵਿੱਚ ਹੋਣੀਆਂ ਹਨ, ਜਿੱਥੇ ਭਾਜਪਾ ਪਿਛਲੇ ਦੋ ਦਹਾਕਿਆਂ ਤੋਂ ਸੱਤਾ 'ਤੇ ਕਾਬਜ਼ ਹੈ।

ਸ੍ਰੀ ਮੋਦੀ ਨੇ ਕਾਂਗਰਸ ਦੇ ਅਸਿੱਧੇ ਹਵਾਲੇ ਨਾਲ ਕਿਹਾ, ''ਆਜ਼ਾਦੀ ਮਗਰੋਂ ਜਿਨ੍ਹਾਂ ਪਾਰਟੀਆਂ ਨੇ ਲੰਮਾ ਸਮਾਂ ਦੇਸ਼ 'ਤੇ ਰਾਜ ਕੀਤਾ, ਉਨ੍ਹਾਂ ਕਦੇ ਵੀ ਕਬਾਇਲੀ ਇਲਾਕਿਆਂ ਦੇ ਵਿਕਾਸ/ਤਰੱਕੀ ਨੂੰ ਤਰਜੀਹ ਨਹੀਂ ਦਿੱਤੀ। ਉਨ੍ਹਾਂ ਅਜਿਹੇ ਇਲਾਕਿਆਂ ਵਿੱਚ ਵਿਕਾਸ ਕਾਰਜ ਨਹੀਂ ਕੀਤੇ, ਜਿੱਥੇ ਇਸ ਦੀ ਸਭ ਤੋਂ ਵੱਧ ਲੋੜ ਸੀ, ਕਿਉਂਕਿ ਇਸ ਲਈ ਸਖ਼ਤ ਮਿਹਨਤ ਦੀ ਲੋੜ ਸੀ।'' ਪ੍ਰਧਾਨ ਮੰਤਰੀ ਨੇ ਇਸ ਮੌਕੇ ਕਬਾਇਲੀ ਇਲਾਕਿਆਂ ਵਿੱਚ 3050 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਜਾਂ ਫਿਰ ਨੀਂਹ ਪੱਥਰ ਰੱਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ਵਿੱਚ ਇੰਡੀਅਨ ਸਪੇਸ ਤੇ ਆਥੋਰਾਈਜ਼ੇਸ਼ਨ ਸੈਂਟਰ (ਆਈਐੱਨ-ਸਪੇਸ) ਦੇ ਹੈੱਡਕੁਆਰਟਰ ਦਾ ਉਦਘਾਟਨ ਕੀਤਾ, ਜਿਸ ਦਾ ਮੁੱਖ ਮੰਤਵ ਪੁਲਾੜ ਸੈਕਟਰ ਵਿੱਚ ਨਿੱਜੀ ਨਿਵੇਸ਼ ਤੇ ਨਵੀਆਂ ਕਾਢਾਂ ਦਾ ਪ੍ਰਚਾਰ ਪਾਸਾਰ ਕਰਨਾ ਹੈ। ਉਨ੍ਹਾਂ ਆਸ ਜਤਾਈ ਕਿ ਭਾਰਤੀ ਫਰਮਾਂ ਆਲਮੀ ਪੁਲਾੜ ਸੈਕਟਰ ਵਿੱਚ ਮੋਹਰੀ ਬਣ ਕੇ ਉਭਰਨਗੀਆਂ। -ਪੀਟੀਆਈ

ਸਿਹਤ ਸੰਭਾਲ ਸੈਕਟਰ 'ਚ ਸਮੁੱਚੇ ਰੂਪ 'ਚ ਵਿਕਾਸ ਲਈ ਯਤਨ ਕੀਤੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਅੱਠ ਸਾਲਾਂ ਵਿੱਚ ਦੇਸ਼ 'ਚ ਸਮੁੱਚੇ ਰੂਪ ਵਿੱਚ ਸਿਹਤ ਸੰਭਾਲ ਸੈਕਟਰ ਵਿੱਚ ਵਿਕਾਸ ਦੇ ਯਤਨ ਕੀਤੇ ਹਨ। ਇਥੇ ਏ.ਐੱਮ.ਨਾਇਕ ਹੈਲਥਕੇਅਰ ਕੰਪਲੈਕਸ ਤੇ ਨਿਰਾਲੀ ਹਸਪਤਾਲ ਦੇ ਉਦਘਾਟਨ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਜਿਹੜਾ ਤਜਰਬਾ ਮਿਲਿਆ, ਉਹ ਦੇਸ਼ ਵਿੱਚ ਸਿਹਤ ਸੰਭਾਲ ਨੀਤੀ ਨੂੰ ਆਕਾਰ ਦੇਣ ਵਿੱਚ ਮਦਦਗਾਰ ਸਾਬਤ ਹੋਇਆ। ਇਸ ਹੈਲਥਕੇਅਰ ਕੰਪਲੈਕਸ ਤੇ ਹਸਪਤਾਲ ਦਾ ਨਿਰਮਾਣ ਲਾਰਸਨ ਤੇ ਟੂਬਰੋ ਗਰੁੱਪ ਦੇ ਚੇਅਰਮੈਨ ਏ.ਐੱਮ.ਨਾਇਕ ਦੀ ਅਗਵਾਈ ਵਾਲੇ ਟਰੱਸਟ ਵੱਲੋਂ ਕੀਤਾ ਗਿਆ ਹੈ।

ਮੋਦੀ ਨੇ ਦੇਸ਼ ਦੀ ਸਿਆਸਤ ਦਾ ਰੰਗ-ਢੰਗ ਬਦਲਿਆ: ਨੱਢਾ

ਗੋਰਖਪੁਰ: ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਪਹਿਲਾਂ ਪਰਿਵਾਰਵਾਦ, ਜਾਤੀਵਾਦ ਤੇ ਭ੍ਰਿਸ਼ਟਾਚਾਰ ਸਿਆਸਤ ਦੇ ਸਮਾਨਅਰਥੀ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਵਿਕਾਸ ਦੀ ਸਿਆਸਤ 'ਚ ਤਬਦੀਲ ਕਰ ਦਿੱਤਾ। ਗੋਰਖਪੁਰ 'ਚ ਅੱਜ ਪਾਰਟੀ ਦੇ ਖੇਤਰੀ ਦਫ਼ਤਰ ਦਾ ਉਦਘਾਟਨ ਕਰਨ ਮਗਰੋਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਦੇਸ਼ ਦੇ ਲੋਕਾਂ ਲਈ ਇੱਕ ਸਾਲ ਅੰਦਰ ਕਰੋਨਾ ਮਹਾਮਾਰੀ ਦੀ ਰੋਕਥਾਮ ਲਈ ਦੋ ਟੀਕੇ ਬਣੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਸਿਆਸਤ ਬਦਲ ਕੇ ਰੱਖ ਦਿੱਤੀ ਹੈ। -ਪੀਟੀਆਈ



Most Read

2024-09-19 19:51:12