Breaking News >> News >> The Tribune


ਅੱਠ ਸੌ ਵਿਅਕਤੀਆਂ ਖ਼ਿਲਾਫ਼ ਕੇਸ ਦਰਜ


Link [2022-06-05 15:54:16]



ਕਾਨਪੁਰ/ਲਖਨਊ, 4 ਜੂਨ

ਉੱਤਰ ਪ੍ਰਦੇਸ਼ ਪੁਲੀਸ ਨੇ ਬੀਤੇ ਦਿਨ ਕਾਨਪੁਰ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਅੱਜ ਅੱਠ ਸੌ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਮਸ਼ਕੂਕ ਸਰਗਨੇ ਸਮੇਤ 24 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 12 ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਹੈ।

ਕਾਨਪੁਰ ਪੁਲੀਸ ਕਮਿਸ਼ਨਰ ਵੀਐੱਸ ਮੀਨਾ ਨੇ ਕਿਹਾ ਕਿ ਉਨ੍ਹਾਂ ਸੀਸੀਟੀਵੀ ਫੁਟੇਜ ਤੇ ਘਟਨਾਵਾਂ ਦੀਆਂ ਹੋਰ ਵੀਡੀਓ ਰਿਕਾਰਡਿੰਗਾਂ ਦੀ ਮਦਦ ਨਾਲ ਹਿੰਸਾ ਵਿੱਚ ਸ਼ਾਮਲ 36 ਲੋਕਾਂ ਦੀ ਪਛਾਣ ਕੀਤੀ ਹੈ। ਹੁਣ ਤੱਕ ਕੁੱਲ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਮੌਲਾਨਾ ਮੁਹੰਮਦ ਅਲੀ (ਐੱਐੱਮਏ) ਜੌਹਰ ਫੈਨਜ਼ ਐਸੋਸੀਏਸ਼ਨ ਦਾ ਮੁਖੀ ਹਯਾਤ ਜ਼ਫਰ ਹਾਸ਼ਮੀ ਵੀ ਸ਼ਾਮਲ ਹੈ। ਹਾਸ਼ਮੀ 'ਤੇ ਹਿੰਸਾ ਦੀ ਸਾਜਿਸ਼ ਘੜਨ ਦਾ ਸ਼ੱਕ ਹੈ। ਉਸ ਨੂੰ ਲਖਨਊ ਦੇ ਹਜ਼ਰਤਗੰਜ ਇਲਾਕੇ 'ਚੋਂ ਤਿੰਨ ਹੋਰ ਵਿਅਕਤੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ।

ਏਸੀਪੀ ਆਨੰਦ ਪ੍ਰਕਾਸ਼ ਤਿਵਾੜੀ ਨੇ ਕਿਹਾ, ''ਇਲਾਕਿਆਂ ਵਿੱਚ ਸਥਿਤੀ ਸ਼ਾਂਤੀਪੂਰਨ ਹੈ ਅਤੇ ਅਸੀਂ 24 ਘੰਟੇ ਨਿਗਰਾਨੀ ਰੱਖ ਰਹੇ ਹਾਂ।'' ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਭਾਜਪਾ ਦੀ ਤਰਜਮਾਨ ਨੂਪੁਰ ਸ਼ਰਮਾ ਵੱਲੋਂ ਟੀਵੀ 'ਤੇ ਇੱਕ ਪ੍ਰੋਗਰਾਮ ਦੌਰਾਨ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਵਿਰੁੱਧ ਬੀਤੇ ਦਿਨ ਜੁੰਮੇ ਦੀ ਨਮਾਜ਼ ਮਗਰੋਂ ਕੁੱਝ ਲੋਕਾਂ ਨੇ ਜਦੋਂ ਦੁਕਾਨਾਂ ਜਬਰਦਸਤੀ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪਰੇਡ ਤੇ ਯਤੀਮਖਾਨਾ ਇਲਾਕਿਆਂ 'ਚ ਝੜਪਾਂ ਹੋ ਗਈਆਂ। ਇਸ ਦੌਰਾਨ 20 ਪੁਲੀਸ ਮੁਲਾਜ਼ਮਾਂ ਸਮੇਤ 40 ਜਣੇ ਜ਼ਖ਼ਮੀ ਹੋ ਗਏ ਸਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਹਿੰਸਾ 'ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ ਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਜਾਣਗੀਆਂ। -ਪੀਟੀਆਈ

ਮਾਇਆਵਤੀ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਮੰਗੀ

ਲਖਨਊ: ਬਸਪਾ ਪ੍ਰਧਾਨ ਮਾਇਆਵਤੀ ਨੇ ਬੀਤੇ ਦਿਨ ਕਾਨਪੁਰ ਵਿੱਚ ਹੋਈ ਹਿੰਸਾ ਸਬੰਧੀ ਅੱਜ ਰਾਜ ਸਰਕਾਰ 'ਤੇ ਸ਼ਬਦੀ ਵਾਰ ਕਰਦਿਆਂ ਜਾਤੀ, ਧਰਮ ਅਤੇ ਸਿਆਸਤ ਤੋਂ ਉਪਰ ਉੱਠ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮਾਇਆਵਤੀ ਨੇ ਟਵੀਟ ਕੀਤਾ, ''ਸੂਬੇ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਦੌਰਿਆਂ ਮੌਕੇ ਕਾਨਪੁਰ 'ਚ ਹਿੰਸਾ ਵਾਪਰਨੀ ਬਹੁਤ ਮੰਦਭਾਗੀ ਅਤੇ ਚਿੰਤਾਜਨਕ ਗੱਲ ਹੈ। ਇਹ ਘਟਨਾ ਪੁਲੀਸ ਦੇ ਖੁਫੀਆ ਤੰਤਰ ਦੀ ਅਸਫਲਤਾ ਵੱਲ ਇਸ਼ਾਰਾ ਕਰਦੀ ਹੈ। ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਜੇ ਸੂਬੇ ਵਿੱਚ ਅਮਨ-ਕਾਨੂੰਨ ਕਾਇਮ ਨਹੀਂ ਰਹੇਗਾ ਤਾਂ ਇੱਥੇ ਨਿਵੇਸ਼ ਅਤੇ ਵਿਕਾਸ ਕਿਵੇਂ ਹੋਵੇਗਾ।'' -ਪੀਟੀਆਈ



Most Read

2024-09-19 19:36:14